Crime News: ਬਜ਼ੁਰਗਾਂ ਸਣੇ ਪਰਿਵਾਰ ਨੂੰ ਜ਼ਬਰੀ ਬਾਹਰ ਕੱਢ ਕੇ ਘਰ ’ਤੇ ਕੀਤਾ ਕਬਜ਼ਾ, ਇੱਕ ਕਾਬੂ

Crime News
ਲੁਧਿਆਣਾ ਧੱਕੇ ਨਾਲ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢਣ ਦੇ ਦੋਸ਼ ’ਚ ਗ੍ਰਿਫ਼ਤਾਰ ਵਿਅਕਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

ਗ੍ਰਿਫਤਾਰ ਵਿਅਕਤੀ ਖਿਲਾਫ਼ ਪਹਿਲਾਂ ਵੀ ਦੋ ਅਸਲਾ ਤੇ ਇੱਕ ਐੱਨਡੀਪੀਸੀ ਐਕਟ ਤਹਿਤ ਦਰਜ਼ ਹਨ ਮੁਕੱਦਮੇ | Crime News

Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਬਜ਼ੁਰਗਾਂ ਸਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਜ਼ਬਰੀ ਬਾਹਰ ਕੱਢਕੇ ਘਰ ’ਤੇ ਕਬਜ਼ਾ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮਾਮਲਾ ਪੈਸੇ ਦੇ ਲੈਣ- ਦੇਣ ਦਾ ਦੱਸਿਆ ਜਾ ਰਿਹਾ ਹੈ, ਜਿਸ ’ਚ ਪੁਲਿਸ ਅੱਗੇ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦਿਆਂ ਏਡੀਸੀਪੀ- 4 ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ 29 ਅਪਰੈਲ ਨੂੰ ਨਰਿੰਦਰ ਸਿੰਘ (74) ਨਾਂਅ ਦੇ ਇੱਕ ਬਜ਼ੁਰਗ ਨੇ ਪੁਲਿਸ ਕੋਲ ਪਹੁੰਚ ਕੇ ਸ਼ਿਕਾਇਤ ਕੀਤੀ ਜੋ ਕਿ ਬਿਲਕੁੱਲ ਵੀ ਬਰਦਾਸਤਯੋਗ ਨਹੀਂ। ਇਸ ਲਈ ਤੁਰੰਤ ਕਾਰਵਾਈ ਕਰਦਿਆਂ ਥਾਣਾ ਡਵੀਜਨ ਨੰਬਰ – 7 ਦੇ ਐੱਸਐੱਚਓ ਭੁਪਿੰਦਰ ਸਿੰਘ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਕਤ ਨਰਿੰਦਰ ਸਿੰਘ ਦੇ ਲੜਕੇ ਨੇ ਅੰਕੁਸ਼ ਚੋਪੜਾ ਤੋਂ ਕੁੱਝ ਪੈਸੇ ਵਿਆਜ ’ਤੇ ਲਏ ਸਨ ਤੇ ਨਾਲ ਹੀ ਅੰਕੁਸ਼ ਚੋਪੜਾ ਨੇ ਨਰਿੰਦਰ ਸਿੰਘ ਦੇ ਲੜਕੇ ਤੋਂ ਇੱਕ ਖਾਲੀ ਕਾਗਜ਼ ’ਤੇ ਦਸਤਖ਼ਤ ਕਰਵਾ ਲਏ ਸਨ।

ਇਹ ਵੀ ਪੜ੍ਹੋ: ਸ਼ਲਾਘਾਯੋਗ : ਬੱਲ੍ਹੋ ਪਿੰਡ ’ਚ ਬਾਲੜੀਆਂ ਦੀ ਗਿਣਤੀ ਵਧੀ

ਉਨ੍ਹਾਂ ਦੱਸਿਆ ਕਿ ਅੰਕੁਸ਼ ਚੋਪੜਾ ਨੇ ਦਿੱਤੇ ਪੈਸਿਆਂ ’ਤੇ ਵਿਆਜ਼ ਕਿੰਨਾ ਲਗਾਇਆ, ਇਸ ਬਾਰੇ ਕਿਸੇ ਨੂੰ ਕੁੱਝ ਨਹੀਂ ਪਤਾ ਜਿਸ ਕਰਕੇ ਉਸਨੇ ਉਕਤ ਨਰਿੰਦਰ ਸਿੰਘ ਸਣੇ ਉਸਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਜ਼ਬਰੀ ਘਰੋਂ ਕੱਢਕੇ ਪਿੱਛੋਂ ਘਰ ’ਤੇ ਜਿੰਦਰਾ ਲਗਾ ਦਿੱਤਾ। ਨਰਿੰਦਰ ਸਿੰਘ ਨੇ ਦੱਸਿਆ ਕਿ ਅੰਕੁਸ਼ ਚੋਪੜਾ ਮੁਤਾਬਕ ਉਸਦੇ (ਨਰਿੰਦਰ ਸਿੰਘ) ਲੜਕੇ ਨੇ ਮਕਾਨ ਅੰਕੁਸ਼ ਚੋਪੜਾ ਦੇ ਨਾਂਅ ਕਰ ਦਿੱਤਾ ਹੈ। ਜਦਕਿ ਮਕਾਨ ਉਸਦੇ (ਨਰਿੰਦਰ ਸਿੰਘ) ਨਾਂਅ ’ਤੇ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਿਉਂ ਹੀ ਪੁਲਿਸ ਨੇ ਅੰਕੁਸ਼ ਚੋਪੜਾ ਦਾ ਪਿਛਲਾ ਰਿਕਾਰਡ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਪਹਿਲਾਂ ਵੀ ਉਸ ਵੱਲੋਂ ਅਜਿਹਾ ਕੀਤਾ ਗਿਆ ਹੈ ਪਰ ਹੁਣ ਇਹ ਜੁਲਮ ਦੀ ਇੰਤਹਾ ਹੈ ਜਿਸ ਕਰਕੇ ਅੰਕੁਸ਼ ਚੋਪੜਾ ਵਾਸੀ ਗੁਰਮੇਲ ਪਾਰਕ ਲੁਧਿਆਣਾ ਨੂੰ ਮੌਕੇ ’ਤੇ ਹੀ ਇੱਕ ਬੀਐੱਮਡਬਲਯੂ ਕਾਰ ਸਣੇ ਗ੍ਰਿਫਤਾਰ ਕਰਦੇ ਹੋਏ ਪੀੜਤ ਪਰਿਵਾਰ ਨੂੰ ਉਨ੍ਹਾਂ ਦਾ ਮਕਾਨ ਵਾਪਸ ਦਿਵਾਇਆ ਗਿਆ।

ਉਨ੍ਹਾਂ ਦੱਸਿਆ ਕਿ ਅੰਕੁਸ਼ ਚੋਪੜਾ ਖਿਲਾਫ਼ ਪਹਿਲਾਂ ਵੀ ਦੋ ਅਸਲਾ ਤੇ ਇੱਕ ਐਨਡੀਪੀਸੀ ਐਕਟ ਦੇ ਤਹਿਤ ਕੁੱਲ 3 ਮੁਕੱਦਮੇ ਦਰਜ਼ ਹਨ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਅਜਿਹੇ ਕਿਸੇ ਵਿਅਕਤੀ ਤੋਂ ਡਰਨ ਦੀ ਲੋੜ ਨਹੀਂ ਜੋ ਬਿਨਾਂ ਵਜ੍ਹਾ ਕਿਸੇ ਨੂੰ ਡਰਾਉਂਦਾ ਜਾਂ ਧਮਕਾਉਂਦਾ ਹੋਵੇ। Crime News