ਲਾਇਨ ਨੂੰ ਚੌੜਾ ਕਰਨ ਦੇ ਰਾਹ ’ਚ ਆ ਰਹੀਆਂ ਰਿਹਾਇਸ਼ਾਂ ਦੇ ਮਾਮਲੇ ’ਤੇ ਡੀਸੀ ਨੇ ਵਿਧਾਇਕ ਤੇ ਨਿਗਮ ਅਧਿਕਾਰੀਆਂ ਨਾਲ ਕੀਤੀ ਮੀਟਿੰਗ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹੇ ’ਚ ਧੂਰੀ ਰੇਲਵੇ ਲਾਇਨ ਦੁਆਲੇ ਵਸੇ ਉਨ੍ਹਾਂ ਤਿੰਨ ਦਰਜਨ ਦੇ ਕਰੀਬ ਪਰਿਵਾਰਾਂ ਨੂੰ ਹੁਣ ਜਲਦ ਹੀ ਹੋਰ ਜਗ੍ਹਾ ’ਤੇ ਸਿਫ਼ਟ ਕੀਤਾ ਜਾਵੇਗਾ। ਜਿੰਨ੍ਹਾਂ ਦੇ ਮਕਾਨ ਰੇਲਵੇ ਲਾਇਨ ਨੂੰ ਚੌੜਾ ਕਰਨ ਦੇ ਰਾਹ ’ਚ ਆ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਸੁਝਾਅ ਦਿੱਤਾ ਗਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਗਿਆਸਪੁਰਾ ਤੇ ਢੰਡਾਰੀ ਖੇਤਰ ’ਚ ਸਬੰਧਿਤ ਉਨ੍ਹਾਂ ਪਰਿਵਾਰਾਂ ਨੂੰ ਰਿਹਾਇਸ਼ੀ ਫਲੈਟ ਅਲਾਟ ਕੀਤੇ ਜਾਣ, ਜਿੰਨ੍ਹਾਂ ਦੀ ਜ਼ਮੀਨ ਧੂਰੀ ਲਾਈਨ ਖੇਤਰ ਰੇਲਵੇ ਲਾਈਨ ਚੌੜੀ ਕਰਨ ਦੇ ਰਾਹ ਵਿੱਚ ਆ ਰਹੀ ਹੈ। (Ludhiana News)
ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਨਗਰ ਨਿਗਮ ਇਸ ਸਬੰਧੀ ਪੰਜਾਬ ਸਰਕਾਰ ਨੂੰ ਪ੍ਰਸਤਾਵ ਸੌਂਪੇਗਾ। ਡੀਸੀ ਸਾਹਨੀ ਨੇ ਕਿਹਾ ਕਿ ਵਿਕਾਸ ਕਾਰਜ਼ਾਂ ਦੇ ਤਹਿਤ ਕਿਸੇ ਨੂੰ ਘਰੋਂ-ਬੇਘਰ ਨਹੀਂ ਕੀਤਾ ਜਾਵੇਗਾ। ਜਿੰਨ੍ਹਾਂ ਪਰਿਵਾਰਾਂ ਦੇ ਮਕਾਨ/ਜ਼ਮੀਨ ਰੇਲਵੇ ਲਾਇਨ ਨੂੰ ਚੌੜਾ ਕਰਨ ਦੇ ਰਾਹ ’ਚ ਆ ਰਹੇ ਹਨ, ਨੂੰ ਬਦਲਵੇਂ ਰੂਪ ’ਚ ਸਹੂਲਤਾਂ ’ਤੇ ਰਿਹਾਇਸ਼ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਧਾਇਕ ਨੇ ਸਥਾਨਕ ਵੱਖ-ਵੱਖ ਉਦਯੋਗਿਕ ਘਰਾਣਿਆਂ, ਲੁਧਿਆਣਾ (ਦੱਖਣੀ) ਹਲਕੇ ਅਧੀਨ ਪੈਂਦੇ ਵੱਖ-ਵੱਖ ਖੇਤਰਾਂ ’ਚ ਸਥਿਤ ਸਲੱਮ ਬਸਤੀ ਦੇ ਵਸਨੀਕਾਂ ਅਤੇ ਵੇਹੜਿਆਂ ’ਚ ਰਹਿ ਰਹੇ ਮਜ਼ਦੂਰਾਂ ਦਾ ਮੁੱਦਾ ਉਠਾਇਆ ਸੀ। (Ludhiana News)
ਇਹ ਵੀ ਪੜ੍ਹੋ : ਮਾਨ ਸਰਕਾਰ ਦੀਆਂ ਹਦਾਇਤਾਂ ’ਤੇ ਡੀਸੀ ਦਫ਼ਤਰ ’ਚ ‘ਸਵਾਗਤ ਤੇ ਸਹਾਇਤਾ ਕੇਂਦਰ’ ਸਥਾਪਿਤ
ਜਿਸ ਤੋਂ ਬਾਅਦ ਇਹ ਵਿਚਾਰ- ਵਟਾਂਦਰਾ ਕੀਤਾ ਗਿਆ ਸੀ ਕਿ ਵੱਖ- ਵੱਖ ਉਦਯੋਗਾਂ ਨਾਲ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਰਿਹਾਇਸ਼ ਹਾਊਸਿੰਗ ਨੀਤੀ ਤਹਿਤ ਉਦਯੋਗਾਂ ਨਾਲ ਸਾਂਝੇਦਾਰੀ ’ਚ ਲਈ ਜਾ ਸਕਦੇ ਹੈ ਜਿੱਥੇ ਉਹ ਕੰਮ ਕਰਦੇ ਹਨ ਤਾਂ ਜੋ ਕਿਰਤੀਆਂ ਨੂੰ ਸਨਮਾਨ ਨਾਲ ਸਹੂਲਤਾਂ ਅਤੇ ਰਿਹਾਇਸ਼ ਪ੍ਰਦਾਨ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਧੂਰੀ ਲਾਈਨ ਖੇਤਰ ਨੇੜੇ ਰੇਲਵੇ ਲਾਈਨ ਨੂੰ ਚੌੜਾ ਕਰਨ ਦੇ ਰਾਹ ਵਿੱਚ ਮਜ਼ਦੂਰਾਂ ਦੇ ਕੁੱਲ 31 ਮਕਾਨ ਆ ਰਹੇ ਹਨ। ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀ ਲਾਇਨ ਨੂੰ ਚੌੜਾ ਕਰਨ ਸਮੇਂ ਇੱਕ ਠੇਕੇਦਾਰ ਦੀ ਕਥਿੱਤ ਅਣਗਹਿਲੀ ਕਾਰਨ ਦੋ ਮਕਾਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਏ ਸਨ। ਜਿਸ ਕਾਰਨ ਮਕਾਨਾਂ ਅੰਦਰ ਪਿਆ ਸਮੁੱਚਾ ਸਮਾਨ ਵੀ ਨੁਕਸਾਨਿਆ ਗਿਆ ਸੀ। (Ludhiana News)














