ਭਾਰਤੀ ਭਾਸ਼ਾਵਾਂ ਦੀ ਪੜ੍ਹਾਈ ਦਾ ਡਿੱਗਦਾ ਮਿਆਰ

Indian Languages

ਇਸ ਨੂੰ ਸਿਸਟਮ ਦੀ ਖਾਮੀ ਕਹੀਏ ਜਾਂ ਭਾਰਤੀਆਂ ਦੀ ਆਪਣੀ ਭਾਸ਼ਾ ਪ੍ਰਤੀ ਲਾਪ੍ਰਵਾਹੀ ਜਾਂ ਅਗਿਆਨਤਾ ਕਿ ਭਾਰਤੀ ਭਾਸ਼ਾਵਾਂ ਜਾਂ (Indian Languages) ਆਪਣੀ ਮਾਂ-ਬੋਲੀ ਸਿੱਖਣ ’ਚ ਵਿਦਿਆਰਥੀਆਂ ਦਾ ਮਾੜਾ ਹਾਲ ਹੈ ਅੱਜ ਵੀ ਪੰਜਾਬ ’ਚ ਦਸਵੀਂ-ਬਾਰ੍ਹਵੀਂ ਦੀ ਸਿੱਖਿਆ ’ਚ ਹਜ਼ਾਰਾਂ ਵਿਦਿਆਰਥੀ ਪੰਜਾਬੀ ਵਿਸ਼ੇ ’ਚੋਂ ਫੇਲ੍ਹ ਹੁੰਦੇ ਹਨ।

ਇਸੇ ਤਰ੍ਹਾਂ ਨੌਕਰੀਆਂ ਲਈ ਹੋਈ ਪ੍ਰੀਖਿਆ ’ਚ ਪੰਜਾਬੀ ’ਚੋਂ ਵੀ 38 ਫੀਸਦੀ ਉਮੀਦਵਾਰ ਫੇਲ੍ਹ ਹੋ ਰਹੇ ਹਨ ਇਹੀ ਹਾਲ ਹਿੰਦੀ ਦਾ ਰਿਹਾ ਪਿਛਲੇ ਸਾਲਾਂ ’ਚ ਇੱਕ ਸੂਬੇ ਦੇ ਲੱਖਾਂ ਵਿਦਿਆਰਥੀ ਹਿੰਦੀ ’ਚੋਂ ਫੇਲ੍ਹ ਹੋਏ ਹਨ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਸਥਿਤੀ ਲਈ ਸਿਰਫ਼ ਸਰਕਾਰਾਂ ਹੀ ਦੋਸ਼ੀ ਹਨ ਸਗੋਂ ਸਾਡੀ ਸਮਾਜਿਕ, ਪਰਿਵਾਰਕ ਸੋਚ ਵੀ ਅਜਿਹੀ ਬਣ ਗਈ ਹੈ ਕਿ ਮਾਂ ਬੋਲੀ ਜਾਂ ਭਾਰਤੀ ਭਾਸ਼ਾ ਦੀ ਪੜ੍ਹਾਈ ਵੱਲ ਬੱਚਿਆਂ ਦੇ ਮਾਪੇ ਬਹੁਤਾ ਧਿਆਨ ਹੀ ਨਹੀਂ ਦਿੰਦੇ।

ਬੱਚਿਆਂ ’ਤੇ ਮਾਪਿਆਂ ਦਾ ਜ਼ਿਆਦਾਤਰ ਇਸ ਗੱਲ ਕਰਕੇ ਹੀ ਦਬਾਅ ਰਹਿੰਦਾ ਹੈ ਕਿ ਉਨ੍ਹਾਂ ਦੇ ਬੱਚੇ ਦੇ ਅੰਗਰੇਜ਼ੀ, ਗਣਿੱਤ ਜਾਂ ਵਿਗਿਆਨ ’ਚੋਂ ਅੰਕ ਘੱਟ ਨਾ ਰਹਿ ਜਾਣ ਟਿਊਸ਼ਨ ਵੀ ਆਮ ਤੌਰ ’ਤੇ ਇਨ੍ਹਾਂ ਵਿਸ਼ਿਆਂ ਦੀ ਲਾਈ ਜਾਂਦੀ ਹੈ ਅਜਿਹਾ ਮਾਹੌਲ ਹੀ ਸਕੂਲ/ਕਾਲਜਾਂ ’ਚ ਹੁੰਦਾ ਹੈ ਸਕੂਲ ਮੁਖੀ ਦਾ ਵੀ ਜ਼ਿਆਦਾ ਜ਼ੋਰ ਉਕਤ ਵਿਸ਼ਿਆਂ ’ਚ ਹੁੰਦਾ ਹੈ ਹਰ ਵਿਸ਼ੇ ਦਾ ਗਿਆਨ ਜ਼ਰੂਰੀ ਹੈ ਭਾਵੇਂ ਉਹ ਅੰਗਰੇਜ਼ੀ ਹੋਵੇ ਭਾਵੇਂ ਸਾਇੰਸ ਹੋਵੇ ਜਾਂ ਹਿੰਦੀ ਹੋਵੇ ਅਸਲ ’ਚ ਮਾਪੇ ਵੀ ਭਾਰਤੀ ਭਾਸ਼ਾਵਾਂ ਸਬੰਧੀ ਬੱਚੇ ਨੂੰ ਗਿਆਨ ਦੇਣ ’ਚ ਸਹਾਈ ਹੋ ਸਕਦੇ ਹਨ ਪਰ ਉਹ ਇਸ ਬਾਰੇ ਨਹੀਂ ਸੋਚਦੇ ਹਨ ਸਥਾਨਕ ਭਾਸ਼ਾ ਦਾ ਸਿੱਧਾ ਸਬੰਧ ਦੇਸ਼ ਦੇ ਇਤਿਹਾਸ, ਸਮਾਜ ਤੇ ਸੱਭਿਆਚਾਰ ਨਾਲ ਹੁੰਦਾ ਹੈ ਸਥਾਨਕ ਭਾਸ਼ਾ ਦੀ ਜਾਂ ਮਾਂ ਬੋਲੀ ਦੀ ਅਣਹੋਂਦ ’ਚ ਸੱਭਿਆਚਾਰ ਦੀ ਹੋਂਦ ਨਹੀਂ ਹੋ ਸਕਦੀ।

ਇਹ ਵੀ ਪੜ੍ਹੋ : ਮਨੁੱਖਤਾ ਦੇ ਹਿੱਤ ਦਾ ਵੱਡਾ ਹੰਭਲਾ: ਸਾਹਿਤ ਪਿੱਛੋਂ ਹੁਣ ‘ਸਰੀਰਦਾਨੀਆਂ ਦੀ ਰਾਜਧਾਨੀ’ ਬਣਦਾ ਜਾ ਰਿਹੈ ਬਰਨ…

ਜ਼ਰੂਰੀ ਹੈ ਕਿ (Indian Languages) ਭਾਸ਼ਾਵਾਂ ਦੀ ਪੜ੍ਹਾਈ ਆਧੁਨਿਕ ਢੰਗ, ਤਰੀਕਿਆਂ ਤੇ ਤਕਨਾਲੋਜੀ ਦੀ ਵਰਤੋਂ ਨਾਲ ਵਧੇਰੇ ਰੋਚਕ ਤੇ ਪ੍ਰਭਾਵਸ਼ਾਲੀ ਬਣਾਈ ਜਾਵੇ ਭਾਸ਼ਾ ’ਚ ਕਮਜ਼ੋਰ ਵਿਦਿਆਰਥੀ ਹੋਰਨਾਂ ਵਿਸ਼ਿਆਂ ’ਚ ਵੀ ਚੰਗੀ ਪਕੜ ਨਹੀਂ ਬਣਾ ਸਕਦਾ ਯੂਰਪੀ ਦੇਸ਼ਾਂ ’ਚ ਭਾਸ਼ਾਵਾਂ ਦੀ ਪੜ੍ਹਾਈ ਲਈ ਵਿਗਿਆਨ ਦੀ ਤਰਜ਼ ’ਤੇ ਪ੍ਰਯੋਗਸ਼ਾਲਾਵਾਂ ਬਣ ਗਈਆਂ ਹਨ ਭਾਰਤੀ ਭਾਸ਼ਾਵਾਂ ਦੀ ਪੜ੍ਹਾਈ ਲਈ ਹੋਰ ਠੋਸ ਪ੍ਰਬੰਧ ਹੋਣੇ ਚਾਹੀਦੇ ਹਨ ਇਹ ਵੀ ਤੱਥ ਹਨ ਕਿ ਸਾਡੇ ਹੀ ਦੇਸ਼ ਅੰਦਰ ਪੁਰਾਣੇ ਸਮੇਂ ’ਚ ਦੇਸ਼ੀ ਤਰੀਕੇ ਨਾਲ ਵੀ ਭਾਸ਼ਾ ਅਧਿਆਪਕ ਬਹੁਤ ਵਧੀਆ ਪੜ੍ਹਾਉਂਦੇ ਸਨ ਤੇ ਬੱਚੇ ਵੀ ਭਾਸ਼ਾ ਵਿਸ਼ੇ ’ਚ ਮਜ਼ਬੂਤ ਹੁੰਦੇ ਸਨ ਤਾਂ ਇੱਥੇ ਸਿਰਫ਼ ਤਕਨੀਕ ਦਾ ਹੀ ਮਸਲਾ ਨਹੀਂ ਸਗੋਂ ਭਾਸ਼ਾ ਦੀ ਪੜ੍ਹਾਈ ਪ੍ਰਤੀ ਦਿਲਚਸਪੀ ਤੇ ਸਮਾਜਿਕ ਸੋਚ ਦਾ ਵੀ ਹੈ ਸਿਸਟਮ ਤੇ ਸਮਾਜ ਦੋਵਾਂ ਪੱਧਰਾਂ ’ਤੇ ਸਥਾਨਕ ਭਾਸ਼ਾਵਾਂ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਜ਼ਰੂਰੀ ਹੈ।