ਵੇਰਕਾ ਸੈਂਟਰਾਂ ‘ਚ ਕਰਦੇ ਸਨ ਸਪਲਾਈ
- 58 ਕਿੱਲੋ ਨਕਲੀ ਦੁੱਧ, 195 ਕਿੱਲੋ ਰਿਫਾਇੰਡ, 40 ਹਜ਼ਾਰ ਨਗਦੀ, 4 ਪਿਕਅੱਪ ਗੱਡੀਆਂ ਬਰਾਮਦ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੁਲਿਸ ਨੇ ਸੰਗਰੂਰ ਨੇੜਲੇ ਪਿੰਡ ਰੂਪਾਹੇੜੀ ਵਿਖੇ ਨਕਲੀ ਦੁੱਧ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 4 ਜਣਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਾਣਕਾਰੀ ਅਨੁਸਾਰ ਕਾਬੂ ਕੀਤੇ ਵਿਅਕਤੀਆਂ ਕੋਲੋਂ 58 ਕਿੱਲੋ ਤਿਆਰ ਕੀਤਾ ਨਕਲੀ ਦੁੱਧ, ਰਿਫਾਇੰਡ 195 ਕਿੱਲੋ, ਖਾਲੀ ਪੀਪੇ 153, ਸ਼ੱਕਰ ਖੰਡ ਮਿਕਸ 15 ਕਿੱਲੋ, ਗੁਲੂਕੋਜ਼ ਪਾਊਡਰ 10 ਕਿੱਲੋ, 8 ਮਧਾਣੀਆਂ, 4 ਪਿਕਅੱਪ ਗੱਡੀਆਂ, 40 ਹਜ਼ਾਰ ਰੁਪਏ ਨਕਦ ਬਰਾਮਦ ਹੋਏ ਹਨ।
ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਇੰਸਪੈਕਟਰ ਦਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਸੰਗਰੂਰ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰੀਕ ਸਿੰਘ ਉਰਫ ਕਾਲਾ ਪੁੱਤਰ ਸੁਖਦੇਵ ਸਿੰਘ, ਪ੍ਰਿਤਪਾਲ ਸਿੰਘ ਉਰਫ ਸੋਨੀ ਪੁੱਤਰ ਗੁਰਚਰਨ ਸਿੰਘ, ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਤੇ ਗੁਰਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਰੁਪਾਹੇੜੀ ਆਪੋ-ਆਪਣੇ ਘਰਾਂ ‘ਚ ਆਪਣੇ ਪਰਿਵਾਰ ਦੇ ਮੈਂਬਰਾਂ ਸਮੇਤ ਨਕਲੀ ਦੁੱਧ ਤਿਆਰ ਕਰਕੇ ਵੇਰਕਾ ਸੈਂਟਰਾਂ ‘ਚ ਸਪਲਾਈ ਕਰਦੇ ਹਨ।
ਇਹ ਵੀ ਪੜ੍ਹੋ : Weather Update Today : ਦੋ ਦਿਨ ਝੁਲਸਾ ਦੇਵੇਗੀ ਗਰਮੀ, 10 ਤੱਕ ਮੌਸਮ ਖੁਸ਼ਕ
ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਮੁੱਖਬਰੀ ਦੇ ਆਧਾਰ ‘ਤੇ ਧਾਰਾ 272, 273, 420 ਆਈ. ਪੀ. ਸੀ. ਅਤੇ 7 ਈ. ਸੀ. ਐਕਟ ਥਾਣਾ ਸਦਰ ਸੰਗਰੂਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ‘ਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸੁਖਦੇਵ ਸਿੰਘ ਉਪ ਕਪਤਾਨ ਪੁਲਿਸ ਦੀ ਨਿਗਰਾਨੀ ਹੇਠ ਇੰਸਪੈਕਟਰ ਦਵਿੰਦਰ ਸਿੰਘ ਮੁੱਖ ਅਫਸਰ ਸਦਰ ਸੰਗਰੂਰ ਸਮੇਤ ਪੁਲਿਸ ਪਾਰਟੀ ਤੇ ਸੰਦੀਪ ਸਿੰਘ ਸੰਧੂ ਫੂਡ ਸੇਫਟੀ ਅਫਸਰ ਸੰਗਰੂਰ, ਰਵਿੰਦਰ ਪਾਲ ਸਿੰਘ ਗਰਗ ਸਹਾਇਕ ਕਮਿਸ਼ਨਰ ਫੂਡ ਸੰਗਰੂਰ ਨੂੰ ਲੈ ਕੇ ਪਿੰਡ ਰੂਪਾਹੇੜੀ (ਥਾਣਾ ਸਦਰ ਸੰਗਰੂਰ) ਵਿਖੇ ਸਬੰਧਿਤ ਘਰ ਜਾ ਕੇ ਰੇਡ ਕੀਤੀ ਗਈ।
ਤੇ ਮੌਕੇ ‘ਤੇ ਮੁਲਜ਼ਮਾਂ ਨੂੰ ਕਾਬੂ ਕਰਕੇ ਅਮਰੀਕ ਸਿੰਘ ਉਰਫ ਕਾਲਾ ਪਾਸੋਂ ਰਿਫਾਇੰਡ 110 ਲੀਟਰ, ਮਧਾਣੀ 1, ਖਾਲੀ ਡਰੰਮ 57, ਨਕਦ 40,000 ਰੁਪਏ, ਗੱਡੀ ਪਿਕਅੱਪ, ਪ੍ਰਿਤਪਾਲ ਸਿੰਘ ਉਰਫ ਸੋਨੀ ਪਾਸੋਂ 28 ਕਿੱਲੋ ਨਕਲੀ ਦੁੱਧ, ਰਿਫਾਇੰਡ 10 ਕਿੱਲੋ, ਗੱਡੀ ਪਿਕਅੱਪ, 2 ਮਧਾਣੀਆਂ, 25 ਖਾਲੀ ਡਰੰਮ ਦੁੱਧ, ਹਰਜਿੰਦਰ ਸਿੰਘ ਪਾਸੋਂ ਨਕਲੀ ਦੁੱਧ 20 ਲੀਟਰ, ਖਾਲੀ ਡਰੰਮ ਦੁੱਧ 36, 1 ਮਧਾਣੀ, ਰਿਫਾਇੰਡ ਦਾ ਪੀਪਾ ਇੱਕ, ਗੱਡੀ ਪਿਕਅੱਪ, ਗੁਰਦੀਪ ਸਿੰਘ ਪਾਸੋਂ ਰਿਫਾਇੰਡ 4 ਪੀਪੇ, ਸ਼ੱਕਰ ਖੰਡ ਮਿਕਸ 15 ਕਿੱਲੋ, ਦੁੱਧ ਪਾਊਡਰ 8 ਕਿੱਲੋ, ਗੁਲੂਕੋਜ਼ ਪਾਊਡਰ 10 ਕਿੱਲੋ, 4 ਮਧਾਣੀਆਂ, ਖਾਲੀ ਡਰੰਮ 35, 10 ਕਿੱਲੋ ਨਕਲੀ ਦੁੱਧ ਗੱਡੀ ਪਿਕਅੱਪ ਮੌਕੇ ਤੋਂ ਬਰਾਮਦ ਕਰਵਾਇਆ ਗਿਆ।
ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵੇਰਕਾ ਮਿਲਕ ਪਲਾਂਟ ਵਿਖੇ ਗੱਡੀਆਂ ਪਿਕਅੱਪ ਦੁੱਧ ਇਕੱਠਾ ਕਰਨ ਲਈ ਲਾਈਆਂ ਹੋਈਆਂ ਹਨ ਜੋ ਵੱਖ-ਵੱਖ ਪਿੰਡਾਂ/ਸੈਂਟਰਾਂ ‘ਚੋਂ ਦੁੱਧ ਇਕੱਠਾ ਕਰਕੇ ਮਿਲਕ ਪਲਾਂਟ ਪਹੁੰਚਾਉਂਦੀਆਂ ਹਨ ਇਹ ਵਿਅਕਤੀ ਆਪਣੇ-ਆਪਣੇ ਘਰਾਂ ‘ਚ ਨਕਲੀ ਦੁੱਧ ਬਣਾ ਕੇ ਨਾਲ ਲੈ ਜਾਂਦੇ ਸਨ ਤੇ ਸੈਂਟਰਾਂ ਤੋਂ ਇੱਕਠੇ ਹੋਏ ਦੁੱਧ ‘ਚ ਮਿਲਾ ਦਿੰਦੇ ਸਨ ਤੇ ਦੁੱਧ ਦੀ ਮਾਤਰਾ ਵਧਾ ਕੇ ਵੇਰਕਾ ਪਲਾਂਟ ਵਿਖੇ ਪਹੁੰਚਾ ਦਿੰਦੇ ਸੀ। ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਹੜੇ-ਕਿਹੜੇ ਵਿਅਕਤੀਆਂ ਨਾਲ ਇਨ੍ਹਾਂ ਦਾ ਤਾਲਮੇਲ ਸੀ।