ਕਰਜ਼ਾ ਉਤਾਰਨ ਲਈ ਸ਼ੁਰੂ ਕੀਤੇ ਜਾਅਲੀ ਕਰੰਸੀ ਦੇ ਧੰਦੇ ਨੇ ਦਿਖਾਈ ਹਵਾਲਾਤ

ਮੁੱਖ ਸਰਗਨੇ ਪੰਕਜ ਸਿਰ ਹੈ 7 ਲੱਖ ਦੇ ਕਰੀਬ ਕਰਜ਼ਾ

ਬਠਿੰਡਾ, (ਸੁਖਜੀਤ ਮਾਨ) ਜਾਅਲੀ ਕਰੰਸੀ ਦਾ ਧੰਦਾ ਕਰਨ ਦੇ ਮਾਮਲੇ ‘ਚ ਬੀਤੀ ਦੇਰ ਰਾਤ ਸੀਆਈਏ-1 ਬਠਿੰਡਾ ਤੇ ਪੁਲਿਸ ਪਾਰਟੀ ਵੱਲੋਂ ਕਾਬੂ ਕੀਤੇ ਗਏ ਦੋ ਮੁਲਜ਼ਮਾਂ ‘ਚ ਸ਼ਾਮਲ ਪੰਕਜ਼ ਨਾਂਅ ਦੇ ਮੁਲਜ਼ਮ ਨੇ ਆਪਣੇ ਸਿਰ ਚੜ੍ਹਿਆ ਕਰਜ਼ਾ ਉਤਾਰਨ ਲਈ ਜਾਅਲੀ ਕਰੰਸੀ ਦਾ ਧੰਦਾ ਚਲਾਇਆ ਸੀ ਇਹ ਖੁਲਾਸਾ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐਸਪੀ (ਡੀ) ਜੀਐਸ ਸੰਘਾ ਨੇ ਕੀਤਾ ਵੇਰਵਿਆਂ ਮੁਤਾਬਿਕ ਸੀਆਈਏ-1 ਦੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਭਾਟੀ ਤੇ ਪੁਲਿਸ ਪਾਰਟੀ ਜਦੋਂ ਡੂੰਮਵਾਲੀ ਹਾਜ਼ਰ ਸੀ ਤਾਂ ਉਨ੍ਹਾਂ ਮੁਖਬਰੀ ਦੇ ਆਧਾਰ ‘ਤੇ ਪੰਕਜ ਪੁੱਤਰ ਜਸਪਾਲ ਅਤੇ ਸੋਨੂੰ ਕੁਮਾਰ ਪੁੱਤਰ ਨੰਦ ਰਾਮ ਵਾਸੀਆਨ ਡੱਬਵਾਲੀ ਨੂੰ ਕਾਬੂ ਕੀਤਾ ਸੀ

ਐਸਪੀਡੀ ਦੇ ਦੱਸਣ ਮੁਤਾਬਿਕ ਮੁਲਜ਼ਮਾਂ ਨੇ ਹਾਲੇ ਇਸ ਕੰਮ ਦੀ ਸ਼ੁਰੂਆਤ ਹੀ ਕੀਤੀ ਸੀ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ‘ਚ ਸ਼ਾਮਿਲ ਪੰਕਜ ਸਿਰ ਕਰੀਬ 7 ਲੱਖ ਰੁਪਏ ਕਰਜ਼ਾ ਹੈ ਜਿਸਨੇ ਕਰਜ਼ਾ ਉਤਾਰਨ ਖਾਤਰ ਇਹ ਵਿਉਂਤ ਘੜੀ ਸੀ ਮਾਰਕੀਟ ‘ਚ ਹੁਣ ਤੱਕ ਜਾਅਲੀ ਨੋਟ ਪਹੁੰਚਾਉਣ ਸਬੰਧੀ ਪੁੱਛੇ ਜਾਣ ‘ਤੇ ਸੰਘਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਹਾਲੇ ਤੱਕ ਕਿਸੇ ਨੂੰ ਵੱਡੇ ਪੱਧਰ ‘ਤੇ ਜਾਅਲੀ ਨੋਟ ਨਹੀਂ ਦਿੱਤੇ ਪਰ ਉਹ ਕਿਸੇ ਨੂੰ ਆਪਣੀ ਕੋਈ ਅਦਾਇਗੀ ਕਰਨ ਮੌਕੇ ਅਸਲੀ ਨੋਟਾਂ ‘ਚ ਨਕਲੀ ਨੋਟ ਮਿਲਾ ਕੇ ਦੇਣ ਲੱਗ ਪਏ ਸਨ ਮੁਲਜ਼ਮ ਨਕਲੀ ਨੋਟ ਤਿਆਰ ਕਰਨ ਲਈ ਕਾਗਜ਼ ਆਨਲਾਈਨ ਮੰਗਵਾਉਂਦੇ ਸਨ

ਮੁਲਜ਼ਮਾਂ ‘ਚੋਂ ਸੋਨੂੰ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ ਤੇ ਪੰਕਜ਼ ਧਾਰਮਿਕ ਕਿਤਾਬਾਂ ਦੀ ਦੁਕਾਨ ਚਲਾਉਂਦਾ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਤਿਉਹਾਰਾਂ ਦੇ ਦਿਨਾਂ ‘ਚ ਜਾਅਲੀ ਕਰੰਸੀ ਨੂੰ ਵਰਤ ਸਕਦੇ ਸੀ ਪਰ ਉਸ ਤੋਂ ਪਹਿਲਾਂ ਉਹ ਪੁਲਿਸ ਦੇ ਹੱਥੇ ਚੜ੍ਹ ਗਏ ਹਨ ਪੁਲਿਸ ਵੱਲੋਂ ਜਦੋਂ ਦੋਵੇਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਸੀ ਤਾਂ ਉਸ ਵੇਲੇ ਪੰਕਜ ਕੋਲੋਂ 2 ਲੱਖ ਰੁਪਏ ਅਤੇ ਸੋਨੂੰ ਕੋਲੋਂ 1 ਲੱਖ 20 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ ਸੀ

ਇਸ ਮਗਰੋਂ ਮੁਲਜ਼ਮ ਪੰਕਜ਼ ਦੇ ਘਰੋਂ ਇੱਕ ਰੰਗਦਾਰ ਸਕੈਨਰ ਅਤੇ 3 ਲੱਖ 30 ਹਜ਼ਾਰ ਰੁਪਏ ਜਾਅਲੀ ਕਰੰਸੀ ਤੇ ਸੋਨੂੰ ਦੇ ਘਰੋਂ 3 ਲੱਖ ਰੁਪਏ ਜਾਅਲੀ ਕਰੰਸੀ ਬਰਾਮਦ ਕਰਵਾਈ ਗਈ ਬਰਾਮਦ ਕੀਤੇ ਗਏ ਨੋਟਾਂ ‘ਚ 2 ਹਜ਼ਾਰ, 5 ਸੌ, 200 ਅਤੇ 100 ਰੁਪਏ ਦੇ ਨੋਟ ਹਨ ਪੁਲਿਸ ਨੇ ਦੱਸਿਆ ਕਿ 2 ਹਜ਼ਾਰ ਦੇ 170 ਨੋਟ, 500 ਰੁਪਏ ਦੇ 1000 ਨੋਟ, 200 ਰੁਪਏ ਦੇ 250 ਨੋਟ ਅਤੇ 100 ਰੁਪਏ ਦੇ 6 ਸੌ ਨੋਟ ਬਰਾਮਦ ਹੋਏ ਹਨ ਪੁਲਿਸ ਮੁਲਜ਼ਮਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.