Air India Accident Investigation: ਇੰਗਲੈਂਡ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੇ 12 ਜੂਨ 2025 ਨੂੰ ਅਹਿਮਦਾਬਾਦ ਵਿਖੇ ਹੋਏ ਹਾਦਸੇ ਦੀ ਜਾਂਚ, ਜਿਸ ਵਿੱਚ 230 ਮੁਸਾਫਰ ਤੇ 12 ਸਟਾਫ ਮੈਂਬਰਾਂ ਦੀ ਮੌਤ ਹੋ ਗਈ ਸੀ, ਤਕਰੀਬਨ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਕਿਸੇ ਤਣ-ਪੱਤਣ ਨਹੀਂ ਲੱਗ ਸਕੀ। ਇਹ ਬੋਇੰਗ ਵੱਲੋਂ ਨਿਰਮਿਤ ਮਾਡਲ ਬੋਇੰਗ 787-8 ਦਾ ਪਹਿਲਾ ਭਿਆਨਕ ਹਵਾਈ ਹਾਦਸਾ ਸੀ। ਬੀਤੀ 12 ਜੁਲਾਈ ਨੂੰ ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਵੱਲੋਂ ਹਾਦਸੇ ਬਾਰੇ ਜਾਰੀ ਕੀਤੀ ਅੰਤਰਿਮ ਰਿਪੋਰਟ ਤੋਂ ਬਾਅਦ ਏਏਆਈਬੀ ਨੇ ਇਸ ਰਿਪੋਰਟ ਵਿੱਚ ਦੱਸਿਆ ਹੈ ਕਿ ਇਸ ਹਾਦਸੇ ਦਾ ਕਾਰਨ ਉਡਾਣ ਭਰਨ ਤੋਂ ਫੌਰਨ ਬਾਅਦ ਦੋਵਾਂ ਇੰਜਣਾਂ ਨੂੰ ਤੇਲ ਦੀ ਸਪਲਾਈ ਦਾ ਬੰਦ ਹੋ ਜਾਣਾ ਸੀ। ਪਰ ਰਿਪੋਰਟ ਵਿੱਚ ਇਹ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ।
ਇਹ ਖਬਰ ਵੀ ਪੜ੍ਹੋ : Welfare News: ਗਰੀਨ ਐਸ ਦੇ ਸੇਵਾਦਾਰਾਂ ਨੇ ਜ਼ਖਮੀ ਗਊ ਦਾ ਇਲਾਜ ਕਰਵਾ ਕੇ ਗਊਸ਼ਾਲਾ ‘ਚ ਛੱਡਿਆ
ਕਿ ਸਪਲਾਈ ਕਿਸੇ ਤਕਨੀਕੀ ਨੁਕਸ ਕਾਰਨ ਬੰਦ ਹੋਈ ਸੀ ਜਾਂ ਮਨੁੱਖੀ ਗਲਤੀ ਕਾਰਨ। ਹਾਦਸੇ ਦਾ ਸਹੀ ਕਾਰਨ ਨਾ ਦੱਸੇ ਜਾਣ ਕਾਰਨ ਅਫਵਾਹਾਂ ਦਾ ਬਜ਼ਾਰ ਗਰਮ ਹੋ ਗਿਆ ਹੈ ਤੇ ਲੋਕ ਦੋ ਗਰੁੱਪਾਂ ਵਿੱਚ ਵੰਡੇ ਗਏ ਹਨ। ਪਹਿਲੇ ਗਰੁੱਪ ਦੀ ਥਿਊਰੀ ਇਹ ਹੈ ਕਿ ਤੇਲ ਤਕਨੀਕੀ ਖਰਾਬੀ ਕਾਰਨ ਬੰਦ ਹੋਇਆ ਸੀ। ਪਰ ਦੂਸਰੇ ਗਰੁੱਪ ਵਾਲੇ ਦਲੀਲ ਦਿੰਦੇ ਹਨ ਕਿ ਇਨਸਾਨੀ ਦਖਲਅੰਦਾਜ਼ੀ ਤੋਂ ਬਗੈਰ ਤੇਲ ਦੀ ਸਪਲਾਈ ਬੰਦ ਹੀ ਨਹੀਂ ਹੋ ਸਕਦੀ। ਮਤਲਬ ਤੇਲ ਦੋਵਾਂ ਪਾਇਲਟਾਂ ਵਿੱਚੋਂ ਕਿਸੇ ਇੱਕ ਨੇ ਬੰਦ ਕੀਤਾ ਸੀ ਜੋ ਆਤਮਘਾਤੀ ਪ੍ਰਵਿਰਤੀ ਦਾ ਸੀ। ਦੂਸਰੀ ਥਿਊਰੀ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। Air India Accident Investigation
ਪਾਠਕਾਂ ਨੂੰ ਸ਼ਾਇਦ ਯਾਦ ਹੋਵੇਗਾ ਕਿ 27 ਮਾਰਚ 2015 ਵਾਲੇ ਦਿਨ ਜਰਮਨੀ ਵਿਖੇ ਜਰਮਨ ਵਿੰਗਜ਼ ਨਾਮਕ ਏਅਰਲਾਈਨ ਦੀ ਇੱਕ ਫਲਾਈਟ ਸਮੇਂ ਸਹਿ ਪਾਇਲਟ ਐਂਡਰੀਆਜ਼ ਲੂਬਿਜ਼ ਨੇ ਮੁੱਖ ਪਾਇਲਟ ਨੂੰ ਕੈਬਿਨ ਵਿੱਚੋਂ ਬਾਹਰ ਕੱਢ ਕੇ ਜਹਾਜ਼ ਨੂੰ ਐਲਪਸ ਪਰਬਤ ਮਾਲਾ ਨਾਲ ਟਕਰਾ ਦਿੱਤਾ। ਉਸ ਹਾਦਸੇ ਵਿੱਚ ਉਸ ਸਮੇਤ ਸਾਰੇ 150 ਮੁਸਾਫਰ ਮਾਰੇ ਗਏ ਸਨ। ਏਏਆਈਬੀ ਦੀ ਰਿਪੋਰਟ ਦੇ ਕੁਝ ਚੋਣਵੇਂ ਹਿੱਸਿਆਂ ਨੂੰ ਪੱਛਮੀ ਮੀਡੀਆ ਨੂੰ ਲੀਕ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੀ ਬਿਨ੍ਹਾ ’ਤੇ ਅਮਰੀਕਾ ਦੀ ਚੋਟੀ ਦੀ ਅਖਬਾਰ ਨਿਊਯਾਰਕ ਟਾਈਮਜ਼ ਨੇ ਰਿਪੋਰਟ ਜਾਰੀ ਕੀਤੀ ਹੈ ਕਿ ਇਸ ਹਾਦਸੇ ਦਾ ਜ਼ਿੰਮੇਵਾਰ ਦੋਵਾਂ ਵਿੱਚੋਂ ਇੱਕ ਪਾਇਲਟ ਹੈ। ਉਸ ਦੇ ਬੋਇੰਗ ਕੰਪਨੀ ਨੂੰ ਨਿਰਦੋਸ਼ ਕਰਾਰ ਦੇਣ ਨਾਲ ਬੋਇੰਗ ਕੰਪਨੀ ਦੇ ਸ਼ੇਅਰ ਰਾਤੋ-ਰਾਤ ਚੜ੍ਹ ਗਏ ਹਨ। Air India Accident Investigation
ਉਂਜ ਇਹ ਵਿਚਾਰਨ ਯੋਗ ਹੈ ਕਿ ਨਿਊਯਾਰਕ ਟਾਈਮਜ਼ ਅਤੇ ਬੋਇੰਗ ਦੋਵੇਂ ਅਮਰੀਕਾ ਦੇ ਅਦਾਰੇ ਹਨ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਨੇ ਤਹਿਲਕਾ ਮਚਾ ਦਿੱਤਾ ਹੈ। ਇਸ ਥਿਊਰੀ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਤੇ ਗਰੁੱਪਾਂ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਯੂਟਿਊਬ, ਵੱਟਸਐਪ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਸ ਨੂੰ ਰੱਜ ਕੇ ਪ੍ਰਚਾਰਿਆ ਹੈ ਤੇ ਇਸ ਨੂੰ ਕਰੋੜਾਂ ਵਿਊਜ਼ ਮਿਲੇ ਹਨ। ਇੱਥੋਂ ਤੱਕ ਕਿ ਕੁਝ ਰਿਟਾਇਰ ਭਾਰਤੀ ਪਾਇਲਟਾਂ ਨੇ ਵੀ ਇਹ ਕਹਿ ਦਿੱਤਾ ਹੈ ਕਿ ਇਹ ਆਤਮਘਾਤੀ ਪਾਇਲਟ ਦਾ ਕਾਰਾ ਹੈ। ਪਰ ਹਰ ਕੋਈ ਇਸ ਥਿਊਰੀ ਨਾਲ ਸਹਿਮਤ ਨਹੀਂ ਹੈ। Air India Accident Investigation
ਇਸ ਦੇ ਵਿਰੋਧੀਆਂ ਨੇ ਵੀ ਪਾਇਲਟਾਂ ਦੇ ਹੱਕ ਵਿੱਚ ਸੋਸ਼ਲ ਮੀਡੀਆ ’ਤੇ ਜਬਰਦਸਤ ਮੁਹਿੰਮ ਚਲਾਈ ਹੋਈ ਹੈ। ਇਸ ਗਰੁੱਪ ਵਿੱਚ ਜ਼ਿਆਦਾਤਰ ਭਾਰਤੀ ਨਾਗਰਿਕ, ਪਾਇਲਟ, ਏਅਰ ਕਰਿਊ ਯੂਨੀਅਨਾਂ ਅਤੇ ਹਵਾਬਾਜ਼ੀ ਉਦਯੋਗ ਨਾਲ ਜੁੜੇ ਅਹਿਮ ਵਿਅਕਤੀ ਹਨ। ਉਨ੍ਹਾਂ ਦਾ ਕਹਿਣਾ ਹੈ। ਕਿ ਇਸ ਹਾਦਸੇ ਲਈ ਪਾਇਲਟ ਜ਼ਿੰਮੇਵਾਰ ਨਹੀਂ ਹਨ ਬਲਕਿ ਜਹਾਜ਼ ਦੇ ਡਿਜ਼ਾਈਨ ਵਿੱਚ ਖਾਮੀ, ਸਾਫਟਵੇਅਰ ਵਿੱਚ ਨੁਕਸ ਅਤੇ ਟਾਟਾ ਗਰੁੱਪ ਵੱਲੋਂ ਜਹਾਜ਼ਾਂ ਦੀ ਕੀਤੀ ਜਾ ਰਹੀ ਘਟੀਆ ਸਾਂਭ-ਸੰਭਾਲ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਇਹ ਵੀ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਇਹ ਘਟਨਾ ਕਿਸੇ ਸ਼ਰਾਰਤੀ ਵੱਲੋਂ ਕੀਤੀ ਗਈ ਭੰਨ੍ਹ-ਤੋੜ ਕਾਰਨ ਵੀ ਵਾਪਰੀ ਹੋਈ ਹੋ ਸਕਦੀ ਹੈ।
ਇਸ ਤੋਂ ਇਲਾਵਾ ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਜੇ ਤੇਲ ਬੰਦ ਕਰਨ ਵਾਲੇ ਸਵਿੱਚ ਆਪਣੇ-ਆਪ ਬੰਦ ਨਹੀਂ ਹੋ ਸਕਦੇ ਤਾਂ ਫਿਰ ਐਮੀਰੇਟਸ ਅਤੇ ਸਿੰਗਾਪੁਰ ਏਅਰਲਾਈਨ ਵਰਗੀਆਂ ਚੋਟੀ ਦੀਆਂ ਹਵਾਈ ਕੰਪਨੀਆਂ ਉਨ੍ਹਾਂ ਦਾ ਵਾਰ-ਵਾਰ ਨਿਰੀਖਣ ਕਿਉਂ ਕਰਵਾਉਂਦੀਆਂ ਹਨ। ਭਾਰਤ ਦੇ ਅਨੇਕਾਂ ਪਾਇਲਟਾਂ ਨੇ ਕਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦਾ ਬੋਇੰਗ 787-8 ਜਹਾਜ਼ਾਂ ਤੋਂ ਵਿਸ਼ਵਾਸ਼ ਉੱਠ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਹੈਰਾਨੀਜਨਕ ਹੈ ਕਿ ਇਸ ਹਵਾਈ ਹਾਦਸੇ ਦੇ ਕਾਰਨਾਂ ਨੂੰ ਜਨਤਕ ਕਰਕੇ ਅਫ਼ਵਾਹਾਂ ਨੂੰ ਠੱਲ੍ਹ ਪਾਉਣ ਲਈ ਜ਼ਿੰਮੇਵਾਰ ਏਏਆਈਬੀ, ਭਾਰਤ ਸਰਕਾਰ, ਏਅਰ ਇੰਡੀਆ, ਟਾਟਾ ਮੈਨੇਜ਼ਮੈਂਟ, ਬੋਇੰਗ ਕੰਪਨੀ ਅਤੇ ਜੀ ਈ ਕੰਪਨੀ (ਜੋ ਬੋਇੰਗ ਦੇ ਇੰਜਣ ਤਿਆਰ ਕਰਦੀ ਹੈ) ਦੇ ਅਧਿਕਾਰੀਆਂ ਨੇ ਰਹੱਸਮਈ ਖਾਮੋਸ਼ੀ ਅਖਤਿਆਰ ਕਰ ਲਈ ਹੈ।
ਸਿਰਫ ਅਮਰੀਕਾ ਦੇ ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਦੁਆਰਾ ਇਸ ਹਾਦਸੇ ਲਈ ਪਾਇਲਟਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਅਮਰੀਕਾ ਦੇ ਵਿਸ਼ਵ ਪ੍ਰਸਿੱਧ ਨਿਊਜ਼ ਪੋਰਟਲ ਬਲੂਮਬਰਗ ਨੇ ਕੁਝ ਦਿਨ ਪਹਿਲਾਂ ਇਹ ਖਬਰ ਦਿੱਤੀ ਹੈ ਕਿ ਇਸ ਹਾਦਸੇ ਦੀ ਜਾਂਚ ਸਹੀ ਨਹੀਂ ਚੱਲ ਰਹੀ। ਕੋਈ ਵੀ ਜ਼ਿੰਮੇਵਾਰ ਅਧਿਕਾਰੀ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਨਹੀਂ ਹੈ। ਸਾਡੇ ਵੱਲੋਂ ਏਏਆਈਬੀ ਨੂੰ ਈਮੇਲ ਰਾਹੀਂ ਕਈ ਸਵਾਲ ਭੇਜੇ ਗਏ ਸਨ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਅਮਰੀਕਾ ਦੇ ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ (ਜੋ ਕਿ ਇਸ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ) ਨੇ ਵੀ ਇਨ੍ਹਾਂ ਅਦਾਰਿਆਂ ਨੂੰ ਕਈ ਸਵਾਲ ਪੁੱਛੇ ਹਨ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਮਿਲਿਆ। ਜਿਹੜੇ 260 ਬੇਕਸੂਰ ਮੁਸਾਫਰ ਇਸ ਹਾਦਸੇ ਵਿੱਚ ਮਾਰੇ ਗਏ ਹਨ।
ਉਨ੍ਹਾਂ ਦੇ ਵਾਰਸਾਂ ਇਸ ਸਵਾਲ ਦਾ ਜਵਾਬ ਮਿਲਣਾ ਚਾਹੀਦਾ ਹੈ ਕਿ ਆਖਰ ਹਾਦਸਾ ਕਿਉਂ ਹੋਇਆ। ਏਅਰ ਇੰਡੀਆ ਦੀ ਪਾਇਲਟ ਯੂਨੀਅਨ ਨੇ ਇਲਜ਼ਾਮ ਲਾਇਆ ਹੈ ਕਿ ਇਸ ਹਾਦਸੇ ਵਿੱਚ ਮਾਰੇ ਗਏ ਉਨ੍ਹਾਂ ਦੇ ਸਾਥੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਲਈ ਏਏਆਈਬੀ ਅਤੇ ਬੋਇੰਗ ਵਿੱਚ ਗੁਪਤ ਸਮਝੌਤਾ ਹੋ ਗਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਵਿੱਚੋਂ ਪੰਜ ਸਭ ਤੋਂ ਸੀਨੀਅਰ ਪਾਇਲਟਾਂ ਨੂੰ ਇਸ ਜਾਂਚ ਕਮੇਟੀ ਦਾ ਹਿੱਸਾ ਬਣਾਇਆ ਜਾਵੇ। ਦੁਨੀਆਂ ਵਿੱਚ ਵੱਡੇ ਯਾਤਰੀ ਜਹਾਜ਼ ਬਣਾਉਣ ਵਾਲੀਆਂ ਸਿਰਫ ਦੋ ਕੰਪਨੀਆਂ ਹਨ, ਏਅਰ ਬੱਸ ਅਤੇ ਬੋਇੰਗ। ਇਨ੍ਹਾਂ ਵਿੱਚੋਂ ਬੋਇੰਗ ਨੰਬਰ ਇੱਕ ’ਤੇ ਅਤੇ ਏਅਰ ਬੱਸ ਨੰਬਰ ਦੋ ’ਤੇ ਹੈ। Air India Accident Investigation
ਬੋਇੰਗ ਇੱਕ ਅਮਰੀਕੀ ਕੰਪਨੀ ਹੈ ਜਿਸ ਦਾ ਹੈੱਡਕੁਆਰਟਰ ਕਰਿਸਟਲ ਸਿਟੀ ਵਰਜੀਨੀਆ ਵਿਖੇ ਹੈ। ਇਸ ਦੀ ਸਥਾਪਨਾ 15 ਜੁਲਾਈ 1916 ਨੂੰ ਹੋਈ ਸੀ। ਏਅਰ ਬੱਸ ਵਿੱਚ ਯੂਰਪ ਦੀਆਂ ਕਈ ਕੰਪਨੀਆਂ ਦੀ ਹਿੱਸੇਦਾਰੀ ਹੈ ਤੇ ਇਸ ਦੀ ਸਥਾਪਨਾ 18 ਦਸੰਬਰ 1970 ’ਚ ਹੋਈ ਸੀ। ਇਸ ਦਾ ਹੈੱਡਕੁਆਰਟਰ ਲੀਡਨ (ਹਾਲੈਂਡ) ਅਤੇ ਬਲਾਗਨਾਕ (ਫਰਾਂਸ) ਵਿਖੇ ਹੈ। ਦੋਵਾਂ ਕੰਪਨੀਆਂ ਵਿੱਚ ਸਿਰ ਵੱਢਵਾਂ ਵੈਰ ਚੱਲ ਰਿਹਾ ਹੈ। ਅਮਰੀਕਾ ਦੀ ਇੱਕ ਸੰਸਥਾ ਇੰਸਟੀਚਿਊਸ਼ਨ ਫਾਰ ਫਲਾਈਟ ਸੇਫਟੀ (ਨਿਊਯਾਰਕ) ਅਨੁਸਾਰ ਪਿਛਲੇ ਦਸ ਸਾਲਾਂ ਦੇ ਡਾਟਾ ਤੋਂ ਇਹ ਵੇਖਿਆ ਗਿਆ ਹੈ ਕਿ ਏਅਰ ਬੱਸ ਹਵਾਈ ਹਾਦਸਿਆਂ ਦੇ ਮਾਮਲੇ ਵਿੱਚ ਬੋਇੰਗ ਤੋਂ ਕਿਤੇ ਬਿਹਤਰ ਹੈ।
ਬੋਇੰਗ ਕੰਪਨੀ ਦਾ ਮਾਡਲ ਬੋਇੰਗ 747 ਮੈਕਸ ਹਵਾਈ ਹਾਦਸਿਆਂ ਲਈ ਬਹੁਤ ਬਦਨਾਮ ਹੈ। 2018 ਅਤੇ 2019 ਵਿੱਚ ਹੋਏ ਦੋ ਏਅਰ ਕਰੈਸ਼ਾਂ ਵਿੱਚ 346 ਮੁਸਾਫਰ ਮਾਰੇ ਗਏ ਸਨ ਜਿਸ ਕਾਰਨ ਇਨ੍ਹਾਂ ਜਹਾਜ਼ਾਂ ਨੂੰ ਦੋ ਸਾਲਾਂ ਤੱਕ ਉਡਾਣ ਭਰਨ ਤੋਂ ਰੋਕੀ ਰੱਖਿਆ ਗਿਆ ਸੀ। ਪਰ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਹਵਾਈ ਹਾਦਸੇ ਏਅਰ ਕੰਪਨੀਆਂ ਵੱਲੋਂ ਜਹਾਜ਼ਾਂ ਦੀ ਕੀਤੀ ਜਾਂਦੀ ਦੇਖਭਾਲ, ਪਾਇਲਟਾਂ ਦੀ ਟਰੇਨਿੰਗ ਅਤੇ ਸੇਫਟੀ ਰੂਲਾਂ ਦੀ ਪਾਲਣਾ ’ਤੇ ਵੀ ਨਿਰਭਰ ਕਰਦਾ ਹੈ। Air India Accident Investigation
ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਪਿਛਲੇ ਸਮੇਂ ਏਅਰ ਇੰਡੀਆ ’ਚ ਸ਼ਿਕਾਇਤਾਂ ਦਾ ਤਾਂਤਾ ਲੱਗਿਆ ਰਿਹਾ ਟੁੱਟੀਆਂ ਤੇ ਗੰਦੀਆਂ ਸੀਟਾਂ, ਖਰਾਬ ਟੀਵੀ, ਆਊਟ ਆਫ ਆਰਡਰ ਟਾਇਲਟ, ਸਟਾਫ ਦਾ ਘਟੀਆ ਵਤੀਰਾ ਅਤੇ ਏਅਰ ਕੰਡੀਸ਼ਨਰ ਦਾ ਵਾਰ-ਵਾਰ ਬੰਦ ਹੋ ਜਾਣਾ ਆਦਿ ਆਮ ਮੁਸ਼ਕਿਲਾਂ ਹਨ। ਜਹਾਜ਼ ਹਾਦਸਾ ਬਹੁਤ ਹੀ ਵੱਡਾ ਸੰਵੇਦਨਸ਼ੀਲ ਮਾਮਲਾ ਹੈ ਹਾਦਸੇ ਦੀ ਸਹੀ, ਨਿਰਪੱਖ ਤੇ ਤੱਥਾਂ ’ਤੇ ਅਧਾਰਿਤ ਜਾਂਚ ਹੋਣੀ ਚਾਹੀਦੀ ਹੈ ਇਲਜਾਮਬਾਜ਼ੀ ਤੇ ਆਰਥਿਕ ਮੁਕਾਬਲੇਬਾਜ਼ੀ ’ਚ ਸੱਚ ਓਹਲੇ ਨਹੀਂ ਹੋਣਾ ਚਾਹੀਦਾ
ਏਆਈਜੀ (ਰਿਟਾ), ਪੰਡੋਰੀ ਸਿੱਧਵਾਂ
ਮੋ. 95011-00062
ਬਲਰਾਜ ਸਿੰਘ ਸਿੱਧੂ