ਮਾਮਲਾ ਸਿੱਖਿਆ ਵਿਭਾਗ ‘ਚ ਐਸ.ਸੀ. ਵਰਗ ਦੇ ਈ.ਟੀ.ਟੀ. ਅਧਿਆਪਕਾਂ ਦੇ ਬੈਕ ਲਾਗ ਭਰਨ ਦਾ
ਮਾਣਯੋਗ ਹਾਈਕੋਰਟ ਦੇ ਫੈਸਲੇ ਨੂੰ ਸਿੱਖਿਆ ਵਿਭਾਗ ਲਾਗੂ ਕਰੇ: ਡਾ. ਜਤਿੰਦਰ ਸਿੰਘ ਮੱਟੂ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਅਨੁਸੂਚਿਤ ਜਾਤੀਆਂ ਦੇ ਈ.ਟੀ.ਟੀ. ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਦਾ ਬੈਕਲਾਗ ਭਰਵਾਉਣ ਲਈ ਪੰਜਾਬ ਦੇ ਬੇਰੁਜਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਦੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੂੰ ਫਰਿਆਦ ਕੀਤੀ ਹੈ। ਇਸ ਸਬੰਧੀ ਈ.ਟੀ.ਟੀ. ਟੈਟ ਪਾਸ ਐਸ.ਸੀ. ਵਰਗ ਦੇ ਬੇਰੁਜਗਾਰ ਅਧਿਆਪਕਾਂ ਦੇ ਵਫਦ ਵਿਚੋਂ ਗੁਰਜੰਟ ਸਿੰਘ, ਜੀਵਨ ਸਿੰਘ, ਗੁਰਜੀਤ ਸਿੰਘ, ਜਸਪਾਲ ਕੌਰ ਅਤੇ ਕਰਮਜੀਤ ਕੌਰ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਐਸ.ਸੀ. ਵਰਗ ਦੀਆਂ ਈ.ਟੀ.ਟੀ. ਦੀਆਂ 595 ਅਸਾਮੀਆਂ ਦਾ ਬੈਕਲਾਗ ਪਿਆ ਹੈ। ਜਿਸਨੂੰ ਵਿਭਾਗ ਵੱਲੋਂ ਭਰਨ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੀ ਅਨੁਸੂਚਿਤ ਜਾਤੀ ਦੇ ਬੇਰੁਜਗਾਰ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਵਿਭਾਗ ਵੱਲੋਂ ਦੋ ਮਹੀਨਿਆਂ ਦੇ ਅੰਦਰ-ਅੰਦਰ ਭਰਨ ਲਈ ਤਾਕੀਦ ਕੀਤੀ ਸੀ ਪਰ ਵਿਭਾਗ ਵੱਲੋਂ ਅਜੇ ਤੱਕ ਬੈਕਲਾਗ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਨਹੀਂ ਭਰਿਆ ਗਿਆ। ਇਸ ਮੌਕੇ ਬੇਰੁਜਗਾਰ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜੇਕਰ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਅਨੁਸੂਚਿਤ ਜਾਤੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਦੇ ਬੈਕਲਾਗ ਨੂੰ ਭਰਨ ਲਈ ਹੁਕਮ ਜਾਰੀ ਕੀਤੇ ਗਏ ਹਨ ਤਾਂ ਸਿੱਖਿਆ ਵਿਭਾਗ ਨੂੰ ਐਸ.ਸੀ. ਵਰਗ ਦਾ ਖਾਲੀ ਪਿਆ ਬੈਕਲਾਗ ਭਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਸ ਸਬੰਧੀ ਸਕੱਤਰ ਸਕੂਲ ਐਜੂਕੇਸ਼ਨ ਅਤੇ ਸਿੱਖਿਆ ਵਿਭਾਗ ਦੇ ਮੰਤਰੀ ਨੂੰ ਮਿਲ ਕੇ ਐਸ.ਸੀ. ਵਰਗ ਦਾ ਖਾਲੀ ਪਿਆ ਬੈਕਲਾਗ ਭਰਵਾਉਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਨੇ ਐਸ.ਸੀ. ਵਰਗ ਪ੍ਰਤੀ ਆਪਣੀ ਨੀਅਤ ਸਾਫ ਨਾ ਕੀਤੀ ਤਾਂ ਸਿੱਖਿਆ ਵਿਭਾਗ ਖਿਲਾਫ ਤਿੱਖਾ ਸੰਘਰਸ਼ ਛੇੜਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।