ਧਮਕੀਆਂ ਦੇ ਕੇ ਫਿਰੌਤੀਆਂ ਮੰਗਣ ਵਾਲੇ 2 ਗਿਰੋਹਾਂ ਦਾ ਪਰਦਾਫਾਸ਼

2 ਵੱਖ-ਵੱਖ ਮਾਮਲਿਆਂ ਵਿੱਚ 4 ਮੁਲਜ਼ਮਾਂ ਨੂੰ ਕੀਤਾ ਗਿਆ ਕਾਬੂ

ਬਰਾਮਦ ਹੋਏ 7 ਮੋਬਾਇਲ ਫੋਨ, 1 ਸਿੰਮ ਕਾਰਡ ਅਤੇ 1 ਮੋਟਰਸਾਈਕਲ

(ਸਤਪਾਲ ਥਿੰਦ) ਫਿਰੋਜਪੁਰ। ਫੋਨਾਂ ਰਾਹੀਂ ਧਮਕੀਆ ਦੇ ਕੇ ਲੋਕਾਂ ਤੋਂ ਫਿਰੌਤੀਆਂ ਮੰਗਣ ਵਾਲੇ 02 ਗਿਰੋਹਾਂ ਦਾ ਪਰਦਾਫਾਸ ਕਰਦਿਆਂ ਫਿਰੋਜ਼ਪੁਰ ਪੁਲਿਸ ਵੱਲੋਂ 4 ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਪੂਰੇ ਐਕਸ਼ਨ ਦੀ ਅਗਵਾਈ ਕਰ ਰਹੇ ਐੱਸਐੱਸਪੀ ਫਿਰੋਜ਼ਪੁਰ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪਿਛਲੇ ਦਿਨੀਂ ਪੁਲਿਸ ਨੂੰ 02 ਵੱਖ-ਵੱਖ ਮਾਮਲਿਆਂ ਵਿੱਚ ਅਣਪਛਾਤਿਆਂ ਵੱਲੋਂ ਫੋਨ ਰਾਹੀਂ ਧਮਕੀ ਦੇ ਕੇ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਮਨਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਸਨ੍ਹੇਰ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਕਿ 6 ਅਗਸਤ ਨੂੰ ਉਸਦੇ ਫੋਨ ਪਰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਫਿਰੌਤੀ ਵਜੋਂ 05 ਲੱਖ ਰੁਪਏ ਦੀ ਮੰਗ ਕੀਤੀ।

ਉਹਨਾਂ ਦੀ ਮੰਗ ਪੂਰੀ ਨਾ ਹੋਣ ’ਤੇ ਉਸ ਨੂੰ ਤੇ ਉਸਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਸਬੰਧੀ ਮਾਮਲਾ ਦਰਜ ਕਰਕੇ ਪਲਵਿੰਦਰ ਸਿੰਘ ਡੀਐਸਪੀ ਜ਼ੀਰਾ ਦੀ ਅਗਵਾਈ ਵਿੱਚ ਬਚਨ ਸਿੰਘ ਮੁੱਖ ਅਫਸਰ ਥਾਣਾ ਸਦਰ ਜ਼ੀਰਾ ਤੇ ਉਹਨਾਂ ਦੀ ਟੀਮ ਵੱਲੋਂ ਮਨਜੀਤ ਸਿੰਘ ਪਾਸੋਂ ਫਿਰੌਤੀ ਮੰਗਣ ਵਾਲੇ ਗਿਰੋਹ ਨੂੰ ਟਰੇਸ ਕਰਕੇ ਉਸਦੇ 3 ਮੈਂਬਰਾਂ ਮਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ, ਹਰਮਨਦੀਪ ਸਿੰਘ ਪੁੱਤਰ ਨਿਰਮਲ ਸਿੰਘ, ਹੁਸਨਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀਆਨ ਪਿੰਡ ਸਨੇਰ ਨੂੰ ਪਿੰਡ ਸਨੇਰ ਨੇੜੇ ਬਣੀ ਬਾਬੇ ਦੀ ਜਗ੍ਹਾ ਤੋਂ ਕਾਬੂ ਕੀਤਾ ਗਿਆ, ਜਿੰਨ੍ਹਾਂ ਪਾਸੋਂ 06 ਮੋਬਾਈਲ ਫੋਨ, ਇੱਕ ਸਿੰਮ ਕਾਰਡ ਅਤੇ ਇੱਕ ਮੋਟਰਸਾਈਕਲ ਬ੍ਰਾਮਦ ਹੋਇਆ ਹੈ। ਇਸ ਸਬੰਧੀ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ, ਜਿਹਨਾਂ ਨੂੰ ਪੇਸ ਅਦਾਲਤ ਕਰਕੇ 03 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਫਿਰੋਜ਼ਪੁਰ : ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਫਿਰੋਜ਼ਪੁਰ ਸੁਰੇਂਦਰ ਲਾਂਬਾ ਅਤੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ। ਤਸਵੀਰ : ਜਗਦੀਪ ਸਿੰਘ

ਦੂਸਰੇ ਮਾਮਲੇ ਵਿੱਚ 17 ਅਗਸਤ ਨੂੰ ਬੂਟਾ ਰਾਮ ਪੁੱਤਰ ਧੰਨਾ ਮੱਲ ਵਾਸੀ ਵਾਰਡ ਨੰਬਰ 05, ਨਵੀਂ ਅਬਾਦੀ, ਤਲਵੰਡੀ ਭਾਈ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸਦੇ ਪੋਤਰੇ ਰਾਜਦੀਪ ਅਰੋੜਾ ਨੂੰ ਜਸਕਰਨ ਸਿੰਘ ਨਾਮ ’ਤੇ ਬਣੀ ਇੰਸਟਾਗ੍ਰਾਮ ਆਈ.ਡੀ. ਤੋਂ ਧਮਕੀ ਭਰੇ ਮੈਸੇਜ ਆ ਰਹੇ ਹਨ ਤੇ 35 ਲੱਖ ਰੁਪਏ ਫਿਰੌਤੀ ਮੰਗੀ ਜਾ ਰਹੀ ਹੈ ਇਸ ਸਬੰਧੀ ਥਾਣਾ ਤਲਵੰਡੀ ਭਾਈ ਵਿਖੇ ਮਾਮਲਾ ਦਰਜ ਕਰਕੇ ਸੰਦੀਪ ਸਿੰਘ ਡੀਐਸਪੀ ਦਿਹਾਤੀ ਫਿਰੋਜ਼ਪੁਰ ਦੀ ਅਗਵਾਈ ਵਿੱਚ ਇੰਸ: ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਤਲਵੰਡੀ ਭਾਈ ਤੇ ਉਹਨਾਂ ਦੀ ਟੀਮ ਵੱਲੋਂ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਚਮਕੌਰ ਸਿੰਘ ਵਾਸੀ ਢਿੱਲੋਂ ਕਲੋਨੀ ਤਲਵੰਡੀ ਭਾਈ ਨੂੰ ਉਸਦੇ ਘਰੋਂ ਕਾਬੂ ਕੀਤਾ ਗਿਆ, ਜਿਸ ਪਾਸੋਂ ਇੱਕ ਮੋਬਾਈਲ ਫੋਨ ਰਿਕਵਰ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ