ਕਬਾੜ ਦੀ ਦੁਕਾਨ ‘ਚ ਧਮਾਕਾ, ਇੱਕ ਦੀ ਮੌਤ, ਚਾਰ ਜ਼ਖ਼ਮੀ

ਗੁਰਦਾਸਪੁਰ (ਸੱਚ ਕਹੂੰ ਨਿਊਜ਼) । ਗੁਰਦਾਸਪੁਰ-ਬਹਿਰਾਮਪੁਰ ਰੋਡ ‘ਤੇ ਪੈਂਦੇ ਪਿੰਡ ਬਰਨਾਲਾ ਦੇ ਪੁਲ ਨੇੜੇ ਅੱਜ ਦੁਪਹਿਰੇ ਇੱਕ ਕਬਾੜ ਦੀ ਦੁਕਾਨ ਉੱਤੇ ਜ਼ਬਰਦਸਤ ਧਮਾਕਾ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਹਾਦਸੇ ਵਿੱਚ ਦੋ ਬੱਚਿਆਂ ਸਮੇਚ ਕੁੱਲ ਚਾਰ ਵਿਅਕਤੀ ਗੰÎਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਘਟਨਾ ਤੋਂ ਬਾਅਦ ਜਖ਼ਮੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੁੱਢਲੇ ਇਲਾਜ ਤੋਂ ਬਾਅਦ ਅੰਮ੍ਰਿਤਸਰ ਵਿਖੇ ਰੈਫ਼ਰ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਪਿੰਡ ਦਬੂੜੀ ਨਿਵਾਸੀ ਹਰਪ੍ਰੀਤ ਮਸੀਹ ਉਰਫ਼ ਹੈਪੀ (38) ਪੁੱਤਰ ਮਾਨਾ ਮਸੀਹ ਵਜੋਂ ਹੋਈ ਹੈ। ਜਦੋਂਕਿ ਜ਼ਖ਼ਮੀਆਂ ਵਿੱਚ ਬਰਨਾਲਾ ਨਿਵਾਸੀ ਵਿਜੇ ਮਸੀਹ (40) ਪੁੱਤਰ ਕਸ਼ੀਰ ਮਸੀਹ, ਉਸਦੇ ਪੁੱਤਰ ਵਿਕਟਰ ਮਸੀਹ (10), ਭਤੀਜਾ ਸਾਜਨ ਮਸੀਹ (17) ਅਤੇ ਤਰਸੇਮ ਮਸੀਹ (55) ਦੇ ਨਾਂ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਪਿੰਡ ਬਰਨਾਲਾ ਨਿਵਾਸੀ ਵਿਜੇ ਮਸੀਹ ਪੁਲ ਨੇੜੇ ਪਿਛਲੇ ਕਈ ਸਾਲਾਂ ਤੋਂ ਕਬਾੜ ਦੀ ਦੁਕਾਨ ਚਲਾਉਂਦਾ ਸੀ ਅਤੇ ਉਸਦਾ ਘਰ ਵੀ ਦੁਕਾਨ ਦੇ ਉੱਪਰ ਹੀ ਬਣਿਆ ਹੋਇਆ ਹੈ।

ਦੁਪਹਿਰ ਵੇਲੇ ਵਿਜੇ ਕੁਮਾਰ, ਉਸਦਾ ਲੜਕਾ ਅਤੇ ਹੋਰ ਨੋਜਵਾਨ ਦੁਕਾਨ ਅੰਦਰ ਕੰਮ ਕਰ ਰਹੇ ਸਨ ਕਿ ਦੁਪਹਿਰ ਵੇਲੇ ਅਚਾਨਕ ਸਕਰੈਪ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਉਪਰੰਤ ਦੁਕਾਨ ਅੰਦਰ ਕਬਾੜ ਨੂੰ ਅੱਗ ਲੱਗ ਗਈ ਅਤੇ ਚੀਕ-ਚਿਹਾੜਾ ਮਚ ਗਿਆ। ਇਸ ਦੌਰਾਨ ਆਸਪਾਸ ਦੇ ਲੋਕ ਵੱਡੀ ਗਿਣਤੀ ‘ਚ ਇਕੱਠੇ ਹੋ ਗਏ ਅਤੇ ਉਨਾਂ ਤੁਰੰਤ ਫ਼ਾਇਰ ਬ੍ਰਿਗੇਡ ਅਤੇ ਥਾਣਾ ਬਹਿਰਾਮਪੁਰ ਦੇ ਐਸਐਚਓ ਪ੍ਰੇਮ ਕੁਮਾਰ ਨੂੰ ਸੂਚਿਤ ਕੀਤਾ।

ਉਧਰ ਸੂਚਨਾ ਮਿਲਦਿਆਂ ਹੀ ਐਸਐਸਪੀ ਭੁਪਿੰਦਰ ਸਿੰਘ ਵਿਰਕ, ਐਸਡੀਐਮ ਸੰਦੀਪ ਸਿੰਘ, ਐਸਪੀ (ਡੀ) ਨਿਤੇਸ਼ ਕੁਮਾਰ, ਡੀਐਸਪੀ ਸਿਟੀ ਕੁਲਵੰਤ ਰਾਏ, ਐਸਐਚਓ ਸਿਟੀ ਵਿਸ਼ਵਾਨਾਥ, ਸਦਰ ਗੁਲਜਾਰ ਸਿੰਘ ਅਤੇ ਸੀਆਈ ਸਟਾਫ਼ ਦੇ ਕੁਲਵਿੰਦਰ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ ਉੱਤੇ ਪੁੱਜ ਗਏ। ਜਿਨਾਂ ਹਾਦਸੇ ਵਾਲੇ ਸਥਾਨ ਅਤੇ ਇਸਦੇ ਕਾਰਨਾਂ ਦਾ ਜਾਇਜ਼ਾ ਲਿਆ। ਐਸਐਸਪੀ ਭੁਪਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੌਕੇ ਤੋਂ ਹਥੌੜਾ ਅਤੇ ਪਲਾਸ ਮਿਲਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਧਮਾਕਾ ਭੰਨਤੋੜ ਦੌਰਾਨ ਹੋਇਆ ਹੈ। ਉਨਾਂ ਕਿਹਾ ਕਿ ਧਮਾਕਾ ਕਿਸ ਚੀਜ਼ ਕਾਰਨ ਹੋਇਆ ਹੈ ਇਸਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਨਮੂਨੇ ਲੈ ਕੇ ਉੱਚ ਪੱÎਧਰੀ ਜਾਂਚ ਦੇ ਲਈ ਚੰਡੀਗੜ ਫੌਰੈਂਸਿਕ ਲੈਬ ਨੂੰ ਭੇਜੇ ਜਾ ਰਹੇ ਹਨ ਪਰ ਫ਼ਿਲਹਾਲ ਮੁੱਢਲੀ ਜਾਂਚ ਵਿੱਚ ਕੋਈ ਵੀ ਸ਼ੱਕੀ ਗੱਲ ਸਾਹਮਣੇ ਨਹੀਂ ਆਈ ਹੈ।

ਸਿੱਖਿਆ ਮੰਤਰੀ ਵੱਲੋਂ ਜਾਂਚ ਦੇ ਆਦੇਸ਼

ਗੁਰਦਾਸਪੁਰ ਵਿੱਚ ਧਮਾਕਾ ਹੋਣ ਦੀ ਖ਼ਬਰ ਮਿਲਦਿਆਂ ਹੀ ਸਿੱਖਿਆ ਮੰਤਰੀ ਪੰਜਾਬ ਸ਼੍ਰੀਮਤੀ ਅਰੁਣਾ ਚੌਧਰੀ ਜ਼ਖ਼ਮੀ ਦਾ ਹਾਲ ਚਾਲ ਜਾਣਨ ਲਈ ਸਿਵਲ ਹਸਪਤਾਲ ਗੁਰਦਾਸਪੁਰ ਪੁੱਜੇ ਅਤੇ ਪੀੜਤ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨਾਂ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਮੌਕੇ ‘ਤੇ ਐਸਐਸਪੀ ਗੁਰਦਾਸਪੁਰ ਨੂੰ ਘਟਨਾ ਦੇ ਅਸਲ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ। ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਜ਼ਖ਼ਮੀਆਂ ਦੀ ਆਰਥਿਕ ਮਦਦ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।