Mansa News: ਪੈਟਰੋਲ ਪੰਪ ’ਤੇ ਸ਼ੱਕੀ ਹਾਲਾਤਾਂ ’ਚ ਧਮਾਕੇ ਮਗਰੋਂ ਆਈ ਫਿਰੌਤੀ ਦੀ ਕਾਲ

Mansa News
Mansa News: ਪੈਟਰੋਲ ਪੰਪ ’ਤੇ ਸ਼ੱਕੀ ਹਾਲਾਤਾਂ ’ਚ ਧਮਾਕੇ ਮਗਰੋਂ ਆਈ ਫਿਰੌਤੀ ਦੀ ਕਾਲ

ਪੈਸੇ ਨਾ ਦੇਣ ’ਤੇ ਜਾਨੋਂ ਮਾਰਨ ਦੀ ਚਿਤਾਵਨੀ

(ਸੁਖਜੀਤ ਮਾਨ) ਮਾਨਸਾ। ਮਾਨਸਾ-ਸਰਸਾ ਰੋਡ ’ਤੇ ਰਮਦਿੱਤੇਵਾਲਾ ਚੌਂਕ ਦੇ ਨੇੜੇ ਸਥਿਤ ਇੱਕ ਪੈਟਰੋਲ ਪੰਪ ਦੇ ਮਾਲਕ ਨੂੰ ਫਿਰੌਤੀ ਦੀ ਕਾਲ ਆਈ ਹੈ। ਫਿਰੌਤੀ ਤੋਂ ਪਹਿਲਾਂ ਪੰਪ ’ਤੇ ਇੱਕ ਧਮਾਕਾ ਵੀ ਹੋਇਆ। ਫਿਰੌਤੀ ਨਾ ਦੇਣ ’ਤੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪੰਪ ਮਾਲਕ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾ ਦਿੱਤੀ ਹੈ।

ਵੇਰਵਿਆਂ ਮੁਤਾਬਿਕ ਖੁਸ਼ਵਿੰਦਰ ਸਿੰਘ ਪੁੱਤਰ ਸੁਖਦਰਸ਼ਨ ਸਿੰਘ ਵਾਸੀ ਮਾਨਸਾ ਨੇ ਥਾਣਾ ਸਿਟੀ-1 ਮਾਨਸਾ ਕੋਲ ਸ਼ਿਕਾਇਤ ਦਰਜ਼ ਕਰਵਾਉਂਦਿਆਂ ਦੱਸਿਆ ਕਿ ਉਹ ਸਿੱਧੂ ਪੈਟਰੋ ਸਰਵਿਸਜ਼ ਨਾਮ ਦੀ ਫਰਮ ਦਾ ਮਾਲਕ ਹੈ ਅਤੇ ਉਹਨਾਂ ਦੀ ਫਰਮ ਵੱਲੋਂ ‘ਜੀਓ ਬੀਪੀ’ ਕੰਪਨੀ ਦਾ ਇੱਕ ਪੈਟਰੋਲ ਪੰਪ ਸਰਸਾ ਰੋਡ ਮਾਨਸਾ ਨੇੜੇ ਦੰਦੀਵਾਲ ਰਿਜੋਰਟ ਵਿਖੇ ਲਗਾਇਆ ਹੋਇਆ ਹੈ। ਉਸਨੇ ਦੱਸਿਆ ਕਿ 27 ਅਕਤੂਬਰ ਰਾਤ ਨੂੰ ਕਰੀਬ 01:37 ਵਜੇ ਉਹਨਾਂ ਦੇ ਪੈਟਰੋਲ ਪੰਪ ’ਤੇ ਕੰਮ ਕਰਦੇ ਮੁਲਾਜ਼ਮ ਗੁਰਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਆਲਮਪੁਰ ਮੰਦਰਾਂ ਨੇ ਫੋਨ ਕਰਕੇ ਦੱਸਿਆ ਕਿ ਪੈਟਰੋਲ ਪੰਪ ਦੇ ਬਾਹਰਲੇ ਏਰੀਆ ’ਚ ਡਰੇਨ ਵਿੱਚ ਇੱਕ ਧਮਾਕਾ ਹੋਇਆ ਹੈ। ਦਿਨ ਚੜ੍ਹਨ ’ਤੇ ਉਸਨੇ ਪੈਟਰੋਲ ਪੰਪ ’ਤੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟੇਜ ਚੈੱਕ ਕੀਤੀ ਤਾਂ ਵੀਡੀਓ ਫੁਟੇਜ ਵਿੱਚ ਰਾਤ ਨੂੰ 01:31 ਵਜੇ ਧਮਾਕਾ ਹੁੰਦਾ ਦਿਖਾਈ ਦਿੱਤਾ। Mansa News

ਇਹ ਵੀ ਪੜ੍ਹੋ: Road Accident: ਸਡ਼ਕ ਹਾਦਸੇ ’ਚ ਇੱਕ ਵਿਦਿਆਰਥਣ ਦੀ ਮੌਤ, ਇੱਕ ਜ਼ਖਮੀ

ਉਸਨੇ ਦੱਸਿਆ ਕਿ ਧਮਾਕਾ ਡਰੇਨ ਵਿੱਚ ਹੋਣ ਕਰਕੇ ਕੋਈ ਜਾਨੀ-ਮਾਲੀ ਨੁਕਸਾਨ ਨਹੀ ਹੋਇਆ। ਇਸ ਤੋਂ ਬਾਅਦ ਬਾਅਦ ਦੁਪਹਿਰ ਇੱਕ ਬਾਹਰੀ ਨੰਬਰ ਤੋਂ ਉਸਨੂੰ ਵਟਸਐਪ ਕਾਲ ਆਈ ਜੋ ਉਸਨੇ ਰਸੀਵ ਨਹੀਂ ਕੀਤੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਕਾਲ ਰਸੀਵ ਨਾ ਕਰਨ ’ਤੇ ਧਮਕੀ ਭਰੇ ਮੈਸੇਜ ਆਉਣੇ ਸ਼ੁਰੂ ਹੋ ਗਏ, ਜਿੰਨ੍ਹਾਂ ਵਿੱਚ ਮੈਸੇਜ ਕਰਨ ਵਾਲਾ ਵਿਆਕਤੀ ਧਮਕੀਆਂ ਦੇ ਕੇ 5 ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ। 5 ਕਰੋੜ ਨਾ ਦੇਣ ਦੀ ਸੂਰਤ ਵਿੱਚ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਥਾਣਾ ਸਿਟੀ-1 ਦੀ ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ’ਤੇ ਨਾਮਾਲੂਮਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here