Kisan News: ‘ਕਣਕ ਦੀ ਪਿਛੇਤੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ 15 ਸੈਂ.ਮੀ. ਤਾ ਰੱਖੋ ਫ਼ਾਸਲਾ’
Kisan News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਦੀ ਪਿਛੇਤੀ ਬਿਜਾਈ ਤੋਂ ਲਾਭ ਲੈਣ ਦੇ ਨੁਕਤੇ ਸੁਝਾਏ ਹਨ। ਇਸਦੇ ਨਾਲ ਹੀ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਦੀ ਹੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਹੈ। ਮਾਹਿਰਾਂ ਮੁਤਾਬਕ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਹੀ ਅਪਣਾਉਣੀਆਂ ਚਾਹੀਦੀਆਂ ਹਨ। ਜਿੰਨ੍ਹਾਂ ਵਿੱਚ ਪੀ. ਬੀ. ਡਬਲਯੂ. 771, ਪੀ. ਬੀ. ਡਬਲਯੂ. 752 ਦੀ ਚੋਣ ਦਸੰਬਰ ਅਖੀਰ ਤੱਕ ਅਤੇ ਉਸ ਤੋਂ ਪਿਛੇਤੀ ਬਿਜਾਈ ਲਈ ਪੀ. ਬੀ. ਡਬਲਯੂ. 757 ਕਿਸਮ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: Devendra Fadnavis: ਫੜਨਵੀਸ ਤੀਜੀ ਵਾਰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਬਣੇ, ਮਰਾਠੀ ਭਾਸ਼ਾ ‘ਚ ਚੁੱਕੀ ਸਹੁੰ
ਇਸ ਤੋਂ ਇਲਾਵਾ ਪਿਛੇਤੀ ਬਿਜਾਈ ਲਈ ਕਣਕ ਵਿੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 15 ਸੈਂ. ਮੀ. ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਬੂਟਿਆਂ ਦੀ ਗਿਣਤੀ ਵਧਾਈ ਜਾ ਸਕੇ। ਨਾਲ ਹੀ ਪਿਛੇਤੀ ਬੀਜੀ ਗਈ ਕਣਕ ’ਤੇ ਪ੍ਰਤੀ ਏਕੜ 110 ਕਿਲੋ ਯੂਰੀਆ, 55 ਕਿਲੋ ਡੀ.ਏ.ਪੀ. ਅਤੇ 24 ਕਿਲੋ ਪੋਟਾਸ਼ (ਮਿੱਟੀ ਪਰਖ ਅਨੁਸਾਰ) ਪਾਇਆ ਜਾਣਾ ਚਾਹੀਦਾ ਹੈ। ਉਕਤ ਤੋਂ ਬਿਨ੍ਹਾਂ ਪਿਛੇਤੀ ਬਿਜਾਈ ਵਿੱਚ ਸਾਰੀ ਡੀ. ਏ. ਪੀ. ਅਤੇ ਅੱਧੀ ਯੂਰੀਆ (45 ਕਿਲੋ) ਬਿਜਾਈ ਸਮੇਂ ਅਤੇ ਬਾਕੀ ਰਹਿੰਦੀ 45 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਪਾਉਣੀ ਚਾਹੀਦਾ ਹੈ।
ਮਾਹਿਰਾਂ ਦੇ ਦੱਸਣ ਮੁਤਾਬਕ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ ਪ੍ਰਤੀ ਏਕੜ 70 ਕਿਲੋ ਯੂਰੀਆ ਦੋ ਹਿੱਸਿਆਂ ਵਿੱਚ ਪਾਇਆ ਜਾਣਾ ਚਾਹੀਦਾ ਹੈ। ਜਦਕਿ ਪਿਛੇਤੀ ਬੀਜੀ ਗਈ ਕਣਕ ਨੂੰ ਪਹਿਲਾ ਪਾਣੀ 4 ਹਫ਼ਤਿਆਂ ਬਾਅਦ, ਦੂਜਾ ਪਾਣੀ ਪਹਿਲੇ ਪਾਣੀ ਤੋਂ 4 ਹਫ਼ਤਿਆਂ ਬਾਅਦ, ਤੀਜਾ ਪਾਣੀ ਦੂਜੇ ਪਾਣੀ ਤੋਂ 3 ਅਤੇ ਚੌਥਾ ਪਾਣੀ ਤੀਜੇ ਪਾਣੀ ਤੋਂ 2 ਹਫ਼ਤਿਆਂ ਬਾਅਦ ਲਗਾਇਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਪਿਛੇਤੀ ਬੀਜੀ ਗਈ ਕਣਕ ਵਿੱਚ ਵਧੀਆ ਲਾਭ ਮਿਲਣਗੇ। Kisan News