ਨਹੀਂ ਚੱਲੇਗੀ ਬਹਾਨੇਬਾਜ਼ੀ, ਚਾਹੀਦੇ ਐ ਪੰਜਾਬ ‘ਚ ਚੰਗੇ ਨਤੀਜੇ

Excuse, Good, Results, Punjab

ਭਗਵੰਤ ਮਾਨ ਨੂੰ ਮਨੀਸ਼ ਸਿਸੋਦੀਆ ਵੱਲੋਂ ਆਦੇਸ਼, ਸੰਗਠਨ ਨੂੰ ਲੈ ਕੇ ਕਰੋ ਮੀਟਿੰਗਾਂ | Chandigarh News

  • ਸਿਰਫ਼ ਟੌਰ ਬਣਾਉਣ ਤੱਕ ਸੀਮਤ ਰਹਿਣ ਵਾਲੇ ਆਪ ਲੀਡਰਾਂ ਦੀ ਹੋਵੇਗੀ ਛੁੱਟੀ, ਕੰਮ ਕਰਨ ਵਾਲਿਆਂ ਨੂੰ ਮਿਲਣਗੇ ਅਹੁਦੇ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਪੰਜਾਬ (Chandigarh News) ਵਿੱਚ ਲਗਾਤਾਰ ਡਿੱਗਦੇ ਗ੍ਰਾਫ ਨੂੰ ਲੈ ਕੇ ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੀ ਲੀਡਰਸ਼ਿਪ ਸਣੇ ਵਿਧਾਇਕਾਂ ਨੂੰ ਫਟਕਾਰ ਲਗਾਉਂਦੇ ਹੋਏ ਕੰਮ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਲਈ ਵੀ ਚੰਗੇ ਨਤੀਜੇ ਆਉਣ। ਵਿਧਾਨ ਸਭਾ ਚੋਣਾਂ ਵਿੱਚ ਉਮੀਦ ਤੋਂ ਬਹੁਤ ਹੀ ਜਿਆਦਾ ਘੱਟ ਸੀਟਾਂ ਮਿਲਣ ਤੋਂ ਬਾਅਦ 4 ਨਗਰ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਿਰਫ਼ 2 ਸੀਟਾਂ ਹੀ ਮਿਲੀਆਂ ਹਨ। ਆਮ ਆਦਮੀ ਪਾਰਟੀ ਆਪਣੀ ਪੰਜਾਬ ਲੀਡਰਸ਼ਿਪ ਤੋਂ ਖ਼ਾਸਾ ਨਰਾਜ਼ ਹੈ।

ਆਮ ਆਦਮੀ ਪਾਰਟੀ ਪੰਜਾਬ ਦਾ ਇੰਚਾਰਜ ਬਣਨ ਤੋਂ ਬਾਅਦ ਦਿੱਲੀ ਵਿਖੇ ਅਧਿਕਾਰਤ ਤੌਰ ‘ਤੇ ਪਲੇਠੀ ਮੀਟਿੰਗ ਲੈਂਦੇ ਹੋਏ ਮਨੀਸ਼ ਸਿਸੋਦੀਆਂ ਨੇ ਅੱਧਾ ਦਰਜਨ ਤੋਂ ਜ਼ਿਆਦਾ ਵਿਧਾਇਕਾਂ ਤੇ ਪੰਜਾਬ ਸੰਗਠਨ ਲੀਡਰਸ਼ਿਪ ਨੂੰ ਘੂਰਦੇ ਹੋਏ ਹੁਣ ਤੋਂ ਹੀ 2019 ਦੀ ਤਿਆਰੀ ਵਿੱਚ ਜੁਟ ਜਾਣ ਲਈ ਕਿਹਾ ਹੈ ਲਗਾਤਾਰ ਖਰਾਬ ਪ੍ਰਦਰਸ਼ਨ ਹੋਣ ਦੇ ਬਾਵਜ਼ੂਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੰਗਠਨ ਦੀਆਂ ਮੀਟਿੰਗ ਕਰਕੇ ਗਲਤੀਆਂ ਨੂੰ ਸੁਧਾਰਨ ਦੀ ਬਜਾਇ ਆਪਣੇ ਘਰ ਵਿੱਚ ਹੀ ਬੈਠਦੀ ਨਜ਼ਰ ਆ ਰਹੀਂ ਹੈ, ਜਿਸ ਤੋਂ ਮਨੀਸ਼ ਸਿਸੋਦੀਆ ਕਾਫ਼ੀ ਜਿਆਦਾ ਨਰਾਜ਼ ਨਜ਼ਰ ਆਏ ਹਨ।

ਇਹ ਵੀ ਪੜ੍ਹੋ : ਜੁਆਇੰਟ ਫੋਰਮ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਨੇ ਰੋਸ ਰੈਲੀ ਕੱਢੀ

ਪਾਰਟੀ ਦੇ ਸੂਤਰਾਂ ਅਨੁਸਾਰ ਮਨੀਸ਼ ਸਿਸੋਦੀਆ ਵੱਲੋਂ ਕਮੀਆਂ ਨੂੰ ਗਿਣਾਉਣ ਦੀ ਬਜਾਇ ਉਨ੍ਹਾਂ ਤੋਂ ਸਿੱਖਦੇ ਹੋਏ ਇਨ੍ਹਾਂ ਨੂੰ ਦੂਰ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਮਨੀਸ਼ ਸਿਸੋਦੀਆਂ ਵੱਲੋਂ ਉਨ੍ਹਾਂ ਲੀਡਰਾਂ ਦੀ ਛੁੱਟੀ ਕਰਨ ਦੇ ਆਦੇਸ਼ ਦਿੱਤੇ ਹਨ, ਜਿਹੜਾ ਕਿ ਪੰਜਾਬ ਵਿੱਚ ਸਿਰਫ਼ ਟੌਰ ਲਈ ਹੀ ਅਹੁਦੇ ਸੰਭਾਲੀ ਬੈਠੇ ਹਨ।

ਸੰਸਦ ਮੈਂਬਰ ਤੇ ਪੰਜਾਬ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਮੀਟਿੰਗ ਅੰਦਰ 2019 ਦੀਆਂ ਚੋਣਾਂ ਦੀ ਤਿਆਰੀ ਅਤੇ ਪਿਛਲੇ 1 ਸਾਲ ਦਰਮਿਆਨ ਪਾਰਟੀ ਦੇ ਪ੍ਰਦਰਸ਼ਨ ਨੂੰ ਲੈ ਕੇ ਚਰਚਾ ਹੋਈ ਹੈ, ਜਿਸ ਨੂੰ ਲੈ ਕੇ ਹੁਣ ਪਾਰਟੀ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਜਿਆਦਾ ਤੋਂ ਜਿਆਦਾ ਕੰਮ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ‘ਚ ਭਾਰੀ ਹਾਰ ਪਿੱਛੇ ਮਾੜੀ ਕਾਰਗੁਜ਼ਾਰੀ ਦੀ ਥਾਂ ‘ਤੇ ਧੱਕੇਸ਼ਾਹੀ ਜਿਆਦਾ ਜਿੰਮੇਵਾਰ ਹੈ, ਕਿਉਂਕਿ ਕਾਂਗਰਸ ਸਰਕਾਰ ਵੱਲੋਂ ਸ਼ਰੇਆਮ ਜਾਅਲੀ ਵੋਟਾਂ ਪਵਾਈ ਗਈਆਂ ਹਨ। ਇਸ ਸਬੰਧੀ ਸਾਰੀ ਜਾਣਕਾਰੀ ਉਨ੍ਹਾਂ ਵੱਲੋਂ ਮਨੀਸ਼ ਸਿਸੋਦੀਆ ਨੂੰ ਦੇ ਦਿੱਤੀ ਗਈ ਹੈ।

ਬੇਲੋੜੀ ਬਿਆਨਬਾਜ਼ੀ ਤੋਂ ਬਚਣ ਪਾਰਟੀ ਲੀਡਰ : ਸਿਸੋਦੀਆ

ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਪੰਜਾਬ ਪਾਰਟੀ ਦੇ ਲੀਡਰਾਂ ਨੂੰ ਬੇਲੋੜੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਮਨੀਸ਼ ਸਿਸੋਦੀਆਂ ਵੱਲੋਂ ਉਨ੍ਹਾਂ ਲੀਡਰਾਂ ਨੂੰ ਮੀਡੀਆ ਤੇ ਬਿਆਨਬਾਜ਼ੀ ਤੋਂ ਕੁਝ ਹੱਦ ਤੱਕ ਦੂਰ ਰਹਿਣ ਲਈ ਕਿਹਾ ਹੈ, ਜਿਹੜੇ ਕਿ ਰੋਜ਼ਾਨਾ ਪ੍ਰੈਸ ਕਾਨਫਰੰਸ ਕਰਕੇ ਬੇਲੋੜੇ ਮੁੱਦੇ ਚੁੱਕਣ ਵਿੱਚ ਲੱਗੇ ਹੋਏ ਹਨ, ਜਿਸ ਦਾ ਪਾਰਟੀ ਨੂੰ ਫਾਇਦਾ ਹੋਣ ਦੀ ਬਜਾਇ ਨੁਕਸਾਨ ਹੋ ਰਿਹਾ ਹੈ।