ਕਿਲ੍ਹਾ ਰਾਏਪੁਰ ਖੇਡਾਂ ‘ਚ ਦੂਜੇ ਦਿਨ ‘ਚ ਵੀ ਹੋਏ ਦਿਲ-ਖਿੱਚਵੇਂ ਮੁਕਾਬਲੇ

ਦਿਨ ਛਿਪਦੇ ਤੱਕ ਦਰਸ਼ਕਾਂ ਨੇ ਮਾਣਿਆ ਖੇਡਾਂ ਦਾ ਆਨੰਦ

ਕਿਲ੍ਹਾ ਰਾਏਪੁਰ (ਸੁਖਜੀਤ ਮਾਨ) 82ਵੀਆਂ ਕਿਲ੍ਹਾ ਰਾਏਪੁਰ ਖੇਡਾਂ ਦੇ ਅੱਜ ਦੂਜੇ ਦਿਨ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੇਖਣ ਲਈ ਦਰਸ਼ਕਾਂ ਦੀ ਭਾਰੀ ਭੀੜ ਜੁੜੀ ਇਨ੍ਹਾਂ ਮੁਕਾਬਲਿਆਂ ਦੌਰਾਨ ਦਰਸ਼ਕਾਂ ਨੇ ਖਿਡਾਰੀਆਂ ਦਾ ਤਾੜੀਆਂ ਨਾਲ ਖੂਬ ਹੌਂਸਲਾ ਵਧਾਇਆ ਮੁਕਾਬਲਿਆਂ ਦੀ ਦਿਲਚਸਪੀ ਦਾ ਹੀ ਕਾਰਨ ਸੀ ਕਿ ਦਰਸ਼ਕ ਸਾਰਾ ਦਿਨ ਮੁਕਾਬਲਿਆਂ ਦਾ ਆਨੰਦ ਮਾਣਦੇ ਰਹੇ ਤੇ ਅੱਜ ਸ਼ਾਮ ਦੇ ਆਖਰੀ ਈਵੈਂਟ ਤੋਂ ਬਾਅਦ ਹੀ ਘਰਾਂ ਨੂੰ ਚਾਲੇ ਪਾਏ।

ਅੱਜ ਪੁਰਸ਼ਾਂ ਦੇ ਲੰਬੀ ਛਾਲ ਦੇ ਮੁਕਾਬਲਿਆਂ ‘ਚੋਂ ਨਰਿੰਦਰ ਸਿੰਘ ਨੇ 7.15 ਮੀਟਰ ਛਾਲ ਮਾਰਕੇ ਪਹਿਲਾ, ਗੁਰਦਾਸ ਸਿੰਘ ਲੁਧਿਆਣਾ ਨੇ 7.11 ਮੀਟਰ ਨਾਲ ਦੂਜਾ ਅਤੇ ਬਿਕਰਮਜੀਤ ਸਿੰਘ ਲੁਧਿਆਣਾ 7.11 ਮੀਟਰ ਨਾਲ ਤੀਜੇ ਸਥਾਨ ‘ਤੇ ਰਿਹਾ 400 ਮੀਟਰ ਮਹਿਲਾਵਾਂ ਦੀ ਦੌੜ ਦੇ ਮੁਕਾਬਲੇ ‘ਚੋਂ ਵੀਰਪਾਲ ਕੌਰ ਬਠਿੰਡਾ 55. 56 ਸੈਕਿੰਡ ਦੇ ਸਮੇਂ ਨਾਲ ਪਹਿਲੇ, ਪਟਿਆਲਾ ਦੀ ਪ੍ਰਾਚੀ 56.81 ਸੈਕਿੰਡ ਨਾਲ ਦੂਜੇ ਅਤੇ ਜਲੰਧਰ ਦੀ ਟਵਿੰਕਲ ਚੌਧਰੀ 58.97 ਸੈਕਿੰਡ ਨਾਲ ਤੀਜੇ ਸਥਾਨ ‘ਤੇ ਰਹੀ ਇਸ ਤੋਂ ਇਲਾਵਾ ਪੁਰਸ਼ਾਂ ਦੀ 400 ਮੀਟਰ ਦੌੜ ‘ਚੋਂ ਅਰਸ਼ਦੀਪ ਸਿੰਘ ਪਟਿਆਲਾ 49. 11 ਸੈਕਿੰਡ ਨਾਲ ਪਹਿਲੇ, ਜਗਮੀਤ ਸਿੰਘ ਜਲੰਧਰ 49.12 ਨਾਲ ਦੂਜੇ ਅਤੇ ਅੰਮ੍ਰਿਤ ਸਿੰਘ ਸੰਗਰੂਰ 52.57 ਸੈਕਿੰਡ ਨਾਲ ਤੀਜੇ ਸਥਾਨ ‘ਤੇ।

ਰਿਹਾ ਮਹਿਲਾਵਾਂ ਦੀ ਲੰਬੀ ਛਾਲ ਦੇ ਮੁਕਾਬਲੇ ‘ਚੋਂ ਰੇਣੂੰ ਲੁਧਿਆਣਾ 5.75 ਮੀਟਰ ਨਾਲ ਪਹਿਲੇ, ਜਸਪ੍ਰੀਤ ਕੌਰ ਲੁਧਿਆਣਾ 5.14 ਮੀਟਰ ਨਾਲ ਦੂਜੇ ਅਤੇ ਜਸਪ੍ਰੀਤ ਕੌਰ ਭਾਈ ਰੂਪਾ 5.07 ਮੀਟਰ ਨਾਲ ਤੀਜੇ ਸਥਾਨ ‘ਤੇ ਰਹੀ ਪੁਰਸ਼ ਵਰਗ ਦੇ ਗੋਲਾ ਸੁੱਟਣ ਦੇ ਮੁਕਾਬਲੇ ‘ਚੋਂ ਨਵਤੇਜ਼ਦੀਪ ਸਿੰਘ ਪੰਜਾਬ ਪੁਲਿਸ 19.25 ਮੀਟਰ ਨਾਲ ਪਹਿਲੇ, ਹਰਿਆਣਾ ਦਾ ਨਵੀਨ 18.24 ਮੀਟਰ ਨਾਲ ਦੂਜੇ ਅਤੇ 17.68 ਮੀਟਰ ਨਾਲ ਇੰਦਰਜੀਤ ਸਿੰਘ ਹਰਿਆਣਾ ਤੀਜੇ ਸਥਾਨ ‘ਤੇ ਰਿਹਾ ਮਹਿਲਾ ਵਰਗ ਦੇ ਗੋਲਾ ਸੁੱਟਣ ਮੁਕਾਬਲੇ ‘ਚੋਂ ਮਨਪ੍ਰੀਤ ਕੌਰ 14.39 ਮੀਟਰ ਨਾਲ ਪਹਿਲੇ, ਅਰਸ਼ਦੀਪ ਕੌਰ 10.43 ਮੀਟਰ ਨਾਲ ਦੂਜੇ ਅਤੇ 10. 4 ਮੀਟਰ ਨਾਲ ਰਿਤੂ ਤੀਜੇ ਸਥਾਨ ‘ਤੇ ਰਹੀ ਮਹਿਲਾਵਾਂ ਦੇ 100 ਮੀਟਰ ਦੌੜ ਦੇ ਮੁਕਾਬਲੇ ‘ਚੋਂ ਸ੍ਰੀ ਆਨੰਦਪੁਰ ਸਾਹਿਬ ਦੀ ਅੰਮ੍ਰਿਤ ਕੌਰ ਪਹਿਲੇ, ਭਾਈ ਰੂਪਾ ਦੀ ਜਸਪ੍ਰੀਤ ਕੌਰ ਦੂਜੇ ਅਤੇ ਬਠਿੰਡਾ ਦੀ ਕੁਲਬੀਰ ਕੌਰ ਤੀਜੇ ਸਥਾਨ ‘ਤੇ ਰਹੀ।

ਇਹ ਵੀ ਪੜ੍ਹੋ : ਚੋਰਾਂ ਨੇ ਇੱਕ ਘਰ ’ਚੋਂ 20 ਮਿੰਟਾਂ ’ਚ ਉਡਾਈ ਲੱਖਾਂ ਦੀ ਨਕਦੀ ਤੇ ਸੋਨਾ

ਪੁਰਸ਼ ਵਰਗ ਦੇ ਹਾਕੀ ਮੁਕਾਬਲਿਆਂ ‘ਚੋਂ ਗਰੇਵਾਲ ਹਾਕੀ ਕਲੱਬ ਕਿਲ੍ਹਾ ਰਾਏਪੁਰ ਨੇ ਸਹਾਰਨਪੁਰ ਨੂੰ 3-2 ਨਾਲ, ਰੂਮੀ ਨੇ ਝਾਰਖੰਡ ਹਾਕੀ ਕਲੱਬ ਨੂੰ 2-1 ਨਾਲ, ਘੋਲੀਆ ਖੁਰਦ ਨੇ ਮਾਤਾ ਗੁਜ਼ਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਨੂੰ 4-2 ਨਾਲ ਅਤੇ ਹੰਸ ਕਲਾਂ ਨੇ ਛਾਜਲੀ ਨੂੰ 2-0 ਨਾਲ ਹਰਾਇਆ ਮਹਿਲਾ ਵਰਗ ‘ਚ ਗੌਰਮਿੰਟ ਕਾਲਜ (ਮਹਿਲਾਵਾਂ) ਲੁਧਿਆਣਾ ਨੇ ਸੰਗਰੂਰ ਨੂੰ 6-5 ਨਾਲ, ਜਲਾਲਦੀਵਾਲ ਨੇ ਖਾਲਸਾ ਕਾਲਜ (ਮਹਿਲਾਵਾਂ)  ਨੂੰ 4-1 ਨਾਲ ਹਰਾ ਕੇ ਜਿੱਤ ਹਾਸਲ ਕੀਤੀ।

ਬਜ਼ੁਰਗ ਦੌੜਾਕਾਂ ਨੇ ਵੀ ਬੰਨ੍ਹਿਆ ਰੰਗ

65 ਤੋਂ 70 ਸਾਲ ਦੀ ਉਮਰ ਦੇ ਪੁਰਸ਼ਾਂ ਦੇ 100 ਮੀਟਰ ਦੌੜ ਮੁਕਾਬਲੇ ‘ਚੋਂ ਹੁਸ਼ਿਆਰਪੁਰ ਦਾ ਐਸ. ਪੀ ਸ਼ਰਮਾ 14. 5 ਸੈਕਿੰਡ ਨਾਲ ਪਹਿਲੇ, ਕੈਨੇਡਾ ਦਾ ਮਨਮੋਹਨ ਸਿੰਘ 14.60 ਸੈਕਿੰਡ ਨਾਲ ਦੂਜੇ ਅਤੇ ਪਟਿਆਲਾ ਦਾ ਬੀ.ਐਸ. ਵਿਰਕ 14.85 ਸੈਕਿੰਡ ਨਾਲ ਤੀਜੇ ਸਥਾਨ ‘ਤੇ ਰਿਹਾ ਇਸ ਤੋਂ ਇਲਾਵਾ 70 ਤੋਂ 75 ਸਾਲ ਉਮਰ ਵਰਗ ਦੇ 100 ਮੀਟਰ ਦੌੜ ਦੇ ਮੁਕਾਬਲਿਆਂ ‘ਚੋਂ ਹਰਭਜਨ ਸਿੰਘ ਸਮਰਾਲਾ 15.51 ਸੈਕਿੰਡ ਨਾਲ ਪਹਿਲੇ, ਧਨੌਲੇ ਦਾ ਸੱਜਣ ਰਾਮ 15. 85 ਸੈਕਿੰਡ ਨਾਲ ਦੂਜੇ ਅਤੇ ਪਿੰਡ ਬੁਰਜ਼ ਹਰੀ ਸਿੰਘ ਵਾਲਾ ਦਾ ਫੌਜੀ ਅਜੈਬ ਸਿੰਘ 16.20 ਸੈਕਿੰਡ ਨਾਲ ਤੀਜੇ ਸਥਾਨ ‘ਤੇ ਰਿਹਾ।

ਸਾਈਕਲ ਦੌੜ ‘ਚ ਲੁਧਿਆਣੇ ਵਾਲਿਆਂ ਦੀ ਝੰਡੀ

ਸਾਈਕਲ ਉਦਯੋਗ ਵਾਲੇ ਸ਼ਹਿਰ ਲੁਧਿਆਣਾ ਦੇ ਖਿਡਾਰੀ ਸਾਈਕਲ ਮੁਕਾਬਲਿਆਂ ‘ਚ ਵੀ ਛਾਏ ਰਹੇ ਉਮਰ ਵਰਗ 19 ਸਾਲ ਲੜਕੀਆਂ ਦੇ 2 ਕਿਲੋਮੀਟਰ ਸਾਈਕਲ ਦੌੜ ਮੁਕਾਬਲੇ ‘ਚੋਂ ਲੁਧਿਆਣਾ ਹੀ ਪੂਜਾ ਪਹਿਲੇ ਅਤੇ ਲੁਧਿਆਣਾ ਦੀਆਂ ਹੀ ਗੁਰਪ੍ਰੀਤ ਕੌਰ ਅਤੇ ਨੇਹਾ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ‘ਤੇ ਰਹੀਆਂ ਇਸੇ ਹੀ ਈਵੈਂਟ ‘ਚ ਪੁਰਸ ਵਰਗ ‘ਚੋਂ ਲੁਧਿਆਣਾ ਦੇ ਹੀ ਪੁਸ਼ਪਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਕ੍ਰਮਪ੍ਰੀਤ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੇ।

ਟਰੈਕਟਰਾਂ ਦੀ ਦੌੜ ਵੀ ਰਹੀ ਦਿਲ-ਖਿੱਚਵੀਂ

ਟਰੈਕਟਰਾਂ ਦੀ ਦੌੜ ਦੇ ਮੁਕਾਬਲੇ ‘ਚੋਂ ਰਾਜਾ ਜੰਗੇੜਾ ਦਾ ਸੋਨਾਲੀਕਾ ਟਰੈਕਟਰ ਪਹਿਲੇ ਸਥਾਨ ‘ਤੇ ਰਿਹਾ ਇਸ ਤੋਂ ਇਲਾਵਾ ਜਸਪਾਲ ਸਿੰਘ ਦਾ ਸਵਰਾਜ ਦੂਜੇ ਅਤੇ ਤਾਜਪੁਰ ਦੇ ਸਾਹਿਬਦੀਪ ਦਾ ਫਾਰਮ ਟਰੈਕਟਰ ਤੀਜੇ ਸਥਾਨ ‘ਤੇ ਰਿਹਾ।