ਜਾਂਚ ਏਜੰਸੀ ਈਡੀ ਦੇ ਲੋੜ ਪੈਣ ’ਤੇ ਸਨਮਾਨ ਨਾਲ ਜਵਾਬ ਦੇਣ ਲਈ ਹਮੇਸ਼ਾ ਤਿਆਰ : ਧਰਮਸੋਤ
ਨਾਭਾ, (ਤਰੁਣ ਕੁਮਾਰ ਸ਼ਰਮਾ)। ਦੇਸ਼ ਦੀ ਨਾਮੀ ਜਾਂਚ ਏਜੰਸੀ ਈਡੀ ਵੱਲੋਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਮਾਮਲੇ ਵਿੱਚ ਦਿਖਾਈ ਦਿਲਚਸਪੀ ਦਾ ਕ੍ਰਮ ਅੱਜ ਉਨ੍ਹਾਂ ਦੀ ਗਿ੍ਰਫਤਾਰੀ ਦੀਆਂ ਅਟਕਲਾਂ ਵਿੱਚ ਕਦੋਂ ਬਦਲਦਾ ਨਜ਼ਰ ਆਇਆ, ਇਸ ਬਾਰੇ ਕੋਈ ਅਨੁਮਾਨ ਨਹੀਂ ਲੱਗਿਆ। ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੂੰ ਉਪਰੋਕਤ ਅਟਕਲਾਂ ਦਾ ਸਿਰੇ ਤੋਂ ਖੰਡਨ ਕਰਦਿਆਂ ਦੱਸਿਆ ਕਿ ਉਹ ਗਿ੍ਰਫਤਾਰ ਨਹੀਂ ਬਲਕਿ ਆਪਣੇ ਘਰ ਮੌਜ਼ੂਦ ਹਨ। ਧਰਮਸੋਤ ਨੇ ਕਿਹਾ ਕਿ ਜੇਕਰ ਮਾਮਲੇ ਵਿੱਚ ਈਡੀ ਨੂੰ ਜਦੋਂ ਵੀ ਜਿਸ ਵੀ ਪ੍ਰਕਾਰ ਦੇ ਸਹਿਯੋਗ ਦੀ ਲੋਡ ਹੋਵੇਗੀ ਉਸ ਲਈ ਉਹ ਸਨਮਾਨ ਨਾਲ ਪੇਸ਼ ਹੋਣਗੇ ਅਤੇ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਮੈਂ ਭੱਜਣ ਵਾਲਾ ਨਹੀਂ ਹਾਂ। ਨਾ ਮੈਂ ਪਹਿਲਾਂ ਭੱਜਿਆ ਤੇ ਨਾ ਹੀ ਹੁਣ ਭੱਜਾਂਗਾ।
ਮੈਂ ਅੱਜ ਦਾ ਨਹੀਂ ਬਲਕਿ 42 ਸਾਲਾਂ ਤੋਂ ਰਾਜਨੀਤੀ ਕਰ ਰਿਹਾ ਹਾਂ। 1980 ਤੋਂ 07 ਚੋਣਾਂ ਲੜੀਆਂ ਜਿਨ੍ਹਾਂ ਵਿੱਚ 05 ਵਾਰ ਜੇਤੂ ਵਿਧਾਇਕ ਅਤੇ 03 ਵਾਰ ਸਰਕਾਰ ’ਚ ਵਜ਼ੀਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਨਾ ਭੱਜੀਏ ਅਤੇ ਨਾ ਧੋਖਾ ਦਈਏ। ਦੱਸਣਯੋਗ ਹੈ ਕਿ ਅੱਜ ਦਿਨ ਦੀ ਸ਼ੁਰੂਆਤ ਸਮੇਂ ਕੁਝ ਸੋਸ਼ਲ ਮੀਡੀਆ ਚੈਨਲਾਂ ਸਮੇਤ ਨਾਮੀ ਨਿਊਜ ਚੈਨਲਾਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਈਡੀ ਵੱਲੋਂ ਵੱਖਰਾ ਮਾਮਲਾ ਦਰਜ ਕਰਨ ਦੀਆ ਅਸਪਸਟ ਖ਼ਬਰਾਂ ਦੇਖਣ ਸੁਣਨ ਨੂੰ ਨਜਰ ਆਈਆਂ।
ਜਦਕਿ ਮਾਮਲੇ ਸੰਬੰਧੀ ਇਕੱਤਰ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਪੰਜਾਬ ਵਿਜੀਲੈਂਸ ਵਿਭਾਗ ਕੋਲੋਂ ਦਰਜ ਮਾਮਲੇ ਅਤੇ ਕਾਰਵਾਈ ਸਬੰਧੀ ਵੇਰਵਾ ਜਾਂਚ ਏਜੰਸੀ ਈਡੀ ਵੱਲੋਂ ਮੰਗਿਆ ਗਿਆ ਸੀ। ਜਾਂਚ ਏਜੰਸੀ ਨੇ ਇਸ ਸਬੰਧੀ ਮਾਣਯੋਗ ਕੋਰਟ ਰਾਹੀਂ ਦਸਤਾਵੇਜਾਂ ਦੀ ਮੰਗ ਕੀਤੀ ਸੀ। ਮੀਡੀਆ ਚੈਨਲਾਂ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਈਡੀ ਜਾਂਚ ਏਜੰਸੀ ਨੂੰ ਵਿਜੀਲੈਂਸ ਪੰਜਾਬ ਵੱਲੋਂ ਦਰਜ ਮਾਮਲੇ ਦੀ ਫਾਇਲ ਮਿਲ ਚੁੱਕੀ ਹੈ। ਪੁਸ਼ਟੀ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਧਰਮਸੋਤ ਨੇ ਦੱਸਿਆ ਕਿ ਮਾਮਲੇ ਸਬੰਧੀ ਮਾਣਯੋਗ ਅਦਾਲਤ ਨੇ ਫੈਸਲਾ ਲੈਣਾ ਸੀ। ਇਸ ਤੋਂ ਬਾਅਦ ਈਡੀ ਸਮੇਤ ਕਿਸੇ ਹੋਰ ਵੀ ਜਾਂਚ ਏਜੰਸੀ ਨੂੰ ਮੇਰੇ ਸਹਿਯੋਗ ਦੀ ਲੋੜ ਹੋਵੇਗੀ ਤਾਂ ਮੈਂ ਸਨਮਾਨ ਨਾਲ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਨੂੰ ਜਵਾਬ ਜ਼ਰੂਰ ਦਿਆਂਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ