ਪੰਦਰ੍ਹਵੇਂ ਦਿਨ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ’ਚ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਦਾ ਇਕੱਠ

ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਸੰਘਰਸ਼ੀ ਦੀਵਾਲੀ ਮੋਰਚੇ ਵਿੱਚ ਮਨਾਉਣ ਦਾ ਐਲਾਨ

ਸੰਗਰੂਰ, (ਗੁਰਪ੍ਰੀਤ ਸਿੰਘ)। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ‘ਚ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਟਾਲਮਟੋਲ ਵਿਰੁੱਧ ਇੱਥੇ ਲਾਏ ਗਏ ਪੱਕੇ ਕਿਸਾਨ ਮੋਰਚੇ ਦੇ ਪੰਦਰਵੇਂ ਦਿਨ ਵੀ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ’ਚ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦਾ ਇਕੱਠ ਹੋਇਆ। ਠਾਠਾਂ ਮਾਰਦੇ ਇਸ ਇਕੱਠ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੋਸ਼ ਲਾਇਆ ਕਿ ਮੋਰਚੇ ਦੌਰਾਨ ਸ਼ਹੀਦ ਹੋਏ ਦੋਵੇਂ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੇ ਮੁਆਵਜ਼ੇ ਬਾਰੇ ਵੀ ਸਰਕਾਰ ਚੁੱਪ ਧਾਰੀ ਬੈਠੀ ਹੈ।

ਇਸ ਲਈ ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਵੱਲੋਂ ਮੋਰਚੇ ਦੇ ਮੈਦਾਨ ਵਿੱਚ ਹੀ ਸੰਘਰਸ਼ੀ ਦੀਵਾਲੀ ਮਨਾਈ ਜਾਵੇਗੀ ਅਤੇ ਉਨ੍ਹਾਂ ਵੱਲੋਂ ਇਸ ਮੌਕੇ ਕਿਸਾਨਾਂ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਠੋਸ ਸੁਝਾਵਾਂ ਸਮੇਤ ਯਾਦ ਪੱਤਰ ’ਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਹਿੱਸੇ ਆਏ ਦਰਿਆਈ ਪਾਣੀ ਦੀ ਖੇਤੀ ਲਈ ਪੂਰੀ ਪੂਰੀ ਵਰਤੋਂ ਦਾ ਰੋਡ ਮੈਪ ਤਿਆਰ ਕਰਕੇ ਕਿਸਾਨਾਂ ਨੂੰ ਤੁਰੰਤ ਦਿੱਤਾ ਜਾਵੇ।

ਇਸ ਦੀ ਨਾਮਾਤਰ ਵਰਤੋਂ ਬਾਰੇ 27 ਜੁਲਾਈ 22 ਨੂੰ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੇ ਵੇਰਵੇ ਜਨਤਕ ਕੀਤੇ ਜਾਣ। ਜ਼ੀਰੇ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਦੀਪ ਮਲਹੋਤਰਾ ਦੀ ਸ਼ਰਾਬ ਫੈਕਟਰੀ ਦਾ ਪ੍ਰਦੂਸ਼ਣ ਰੋਕਣ ਬਾਰੇ ਜਥੇਬੰਦੀ ਨਾਲ ਬਣੀ ਸਹਿਮਤੀ ਅਨੁਸਾਰ ਇਸ ਫੈਕਟਰੀ ਨੂੰ ਤੁਰੰਤ ਬੰਦ ਕੀਤਾ ਜਾਵੇ। ਜ਼ਿਲ੍ਹਾ ਬਰਨਾਲਾ ਦੇ ਆਗੂ ਭਗਤ ਸਿੰਘ ਛੰਨਾਂ ਨੇ ਕਿਸਾਨਾਂ ਮਜਦੂਰਾਂ ਨੂੰ ਚੌਕਸ ਕੀਤਾ ਕਿ ਪੰਜਾਬ ਦੇ ਕੁੱਝ ਖਾਨਦਾਨੀ ਫਿਰਕਾਪ੍ਰਸਤ ਆਗੂਆਂ ਅਤੇ ਕੁੱਝ ਭਟਕੇ ਹੋਏ ਨੌਜਵਾਨਾਂ ਵੱਲੋਂ ਲੋਕਾਂ ਦੇ ਭਖਦੇ ਮਸਲਿਆਂ ਤੋਂ ਧਿਆਨ ਭਟਕਾ ਕੇ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸੰਘਰਸ਼ ਦੀ ਫੇਟ ਤੋਂ ਬਚਾਉਣ ਲਈ ਲੋਕਾਂ ’ਚ ਪਾਟਕ ਪਾਉਣ ਦੀ ਨੀਤੀ ਦੀ ਸਖ਼ਤ ਨਿੰਦਾ ਕੀਤੀ।

ਇਸੇ ਤਰ੍ਹਾਂ ਐਸ ਵਾਈ ਐੱਲ ਨਹਿਰ ਵਰਗੇ ਭਰਾਤਰੀ ਭਾਵ ਨਾਲ ਹੱਲ ਹੋ ਸਕਣ ਵਾਲੇ ਮੁੱਦਿਆਂ ਨੂੰ ਬੇਲੋੜਾ ਵਾਦ-ਵਿਵਾਦ ਬਣਾ ਕੇ ਉਭਾਰਨ ਦੀ ਵੀ ਸਖ਼ਤ ਅਲੋਚਨਾ ਕੀਤੀ। ਇਸ ਮੌਕੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ, ਸ਼ਿਾਂਗਾਰਾ ਸਿੰਘ ਮਾਨ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਸੰਗਰੂਰ, ਸੁਦਾਗਰ ਸਿੰਘ ਘੁਡਾਣੀ ਲੁਧਿਆਣਾ ਵੀ ਹਾਜ਼ਰ ਸਨ।

ਲੋਕ ਕਲਾ ਮੰਚ ਮੁੱਲਾਂਪੁਰ ਦੀ ਟੀਮ ਵੱਲੋਂ ਹਰਕੇਸ ਚੌਧਰੀ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਜ਼ਿੰਦਗੀ ਨਾਲ ਸੰਬੰਧਤ ਇਨਕਲਾਬੀ ਨਾਟਕ ‘ਛਿਪਣ ਤੋਂ ਪਹਿਲਾਂ’ ਖੇਡਿਆ ਗਿਆ। ਨਾਟਕ ਦੀ ਜਜ਼ਬਾਤੀ ਪੇਸ਼ਕਾਰੀ ਨੇ ਸਰੋਤਿਆਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਫਾਜ਼ਿਲਕਾ ਜ਼ਿਲ੍ਹੇ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਨੇ ਨਿਭਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ