ਪੰਜਾਬ ਸਰਕਾਰ ਇਸ ਸਾਲ ਸਰਕਾਰ ਲਏਗੀ ਹੋਰ 19 ਹਜ਼ਾਰ 330 ਕਰੋੜ ਰੁਪਏ,
ਵਿੱਤੀ ਸਾਲ ਵਿੱਚ ਕਰਜ਼ਾ ਵੱਧ ਕੇ ਹੋ ਜਾਏਗਾ 2 ਲੱਖ 48 ਹਜ਼ਾਰ 236 ਕਰੋੜ ਰੁਪਏ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦਾ ਹਰ ਵਿਅਕਤੀ ਹੀ ਨਹੀਂ ਸਗੋਂ ਹਰ ਬੱਚਾ 82 ਹਜ਼ਾਰ 745 ਰੁਪਏ ਆਪਣੇ ਸਿਰ ‘ਤੇ ਕਰਜ਼ਾ ਲੈ ਕੇ ਪੈਦਾ ਹੋਏਗਾ। ਪੰਜਾਬ ਸਰਕਾਰ ਵਲੋਂ ਹਰ ਸਾਲ ਲਏ ਜਾ ਰਹੇ ਨਵੇਂ ਕਰਜ਼ੇ ਦੇ ਕਾਰਨ ਹਰ ਸਾਲ ਹੀ ਪੰਜਾਬ ਦਾ ਹਰ ਵਿਅਕਤੀ ਕਰਜ਼ ਦੇ ਭਾਰ ਹੇਠਾਂ ਦੱਬ ਰਿਹਾ ਹੈ। ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਪੰਜਾਬੀਆਂ ਨੂੰ ਪਤਾ ਵੀ ਨਹੀਂ ਹੈ ਕਿ ਉਨਾਂ ਦੇ ਸਿਰ ‘ਤੇ ਇਸ ਸਮੇਂ ਇੰਨਾ ਕਰਜ਼ਾ ਬੋਲ ਰਿਹਾ ਹੈ ਅਤੇ ਇਸੇ ਵਿੱਤੀ ਸਾਲ ਦੌਰਾਨ ਹੀ ਪੰਜਾਬ ਸਰਕਾਰ 6443 ਰੁਪਏ ਪ੍ਰਤੀ ਵਿਅਕਤੀ ਹੋਰ ਕਰਜ਼ਾ ਲੈਣ ਜਾ ਰਹੀਂ ਹੈ। ਜਿਸ ਨਾਲ ਇਸ ਸਾਲ ਕਰਜ਼ੇ ਦਾ ਬੋਝ ਹੋਰ ਵੱਧਦੇ ਹੋਏ ਪ੍ਰਤੀ ਵਿਅਕਤੀ ਕਰਜ਼ਾ ਵੱਧ ਜਾਏਗਾ।
ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਗਏ ਆਪਣੇ ਬਜਟ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਪਿਛਲੇ ਵਿੱਤੀ ਸਾਲ ਪੰਜਾਬ ਸਰਕਾਰ ਦੇ ਸਿਰ ‘ਤੇ 2 ਲੱਖ 28 ਹਜ਼ਾਰ 906 ਕਰੋੜ ਰੁਪਏ ਕਰਜ਼ਾ ਸੀ ਅਤੇ ਇਸ ਸਾਲ ਵੀ ਪੰਜਾਬ ਸਰਕਾਰ ਦੇ ਸਿਰ ‘ਤੇ ਹੋਰ ਕਰਜ਼ਾ ਚੜਨ ਵਾਲਾ ਹੈ ਅਤੇ ਨਵੇਂ ਕਰਜ਼ੇ ਵਿੱਚ 19 ਹਜ਼ਾਰ 330 ਦਾ ਵਾਧਾ ਹੁੰਦੇ ਹੋਏ ਇਸ ਸਾਲ ਕੁਲ ਕਰਜ਼ 2 ਲੱਖ 48 ਹਜ਼ਾਰ 236 ਕਰੋੜ ਰੁਪਏ ਤੋਂ ਜਿਆਦਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਜਿਸ ਤੋਂ ਸਾਫ਼ ਹੈ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਜਾਬ ਦਾ ਹਰ ਵਿਅਕਤੀ ਹੋਰ ਜਿਆਦਾ ਕਰਜ਼ਾਈ ਹੋ ਜਾਏਗਾ। ਇਸ ਸਮੇਂ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ 3 ਕਰੋੜ ਦੇ ਲਗਭਗ ਹੈ ਅਤੇ ਉਨਾਂ ਦੇ ਸਿਰ ‘ਤੇ ਇਸ ਕਰਜ਼ ਦੀ ਪੰਡ ਅਨੁਸਾਰ ਪ੍ਰਤੀ ਵਿਅਕਤੀ 82 ਹਜ਼ਾਰ 745 ਰੁਪਏ ਦਾ ਕਰਜ਼ਾ ਰਹੇਗਾ।
ਮਨਪ੍ਰੀਤ ਬਾਦਲ ਵਲੋਂ ਹਰ ਸਾਲ ਕਰਜ਼ ਨੂੰ ਘਟਾਉਣ ਦਾ ਦਾਅਵਾ ਤਾਂ ਜਰੂਰ ਕੀਤਾ ਜਾਂਦਾ ਰਿਹਾ ਹੈ ਪਰ ਪਿਛਲੇ ਤਿੰਨ ਸਾਲਾਂ ਦੌਰਾਨ ਕਰਜ਼ਾ ਵੱਧਦੇ ਹੋਏ ਆਪਣੀਆਂ ਸੀਮਾਵਾਂ ਨੂੰ ਵੀ ਟੱਪ ਰਿਹਾ ਹੈ। ਪਿਛਲੇ ਦੋ ਦਹਾਕੇ ਤੋਂ ਇੱਕ ਵਾਰੀ ਵੀ ਇਹੋ ਜਿਹਾ ਸਮਾਂ ਨਹੀਂ ਆਇਆ, ਜਦੋਂ ਪੰਜਾਬ ਦੇ ਸਿਰ ‘ਤੇ ਪਏ ਇਸ ਕਰਜ਼ ਦੀ ਪੰਡ ਵਿੱਚੋਂ ਪੰਜਾਬੀਆਂ ਨੂੰ ਕੁਝ ਰਾਹਤ ਮਿਲੀ ਹੋਵੇ।
ਭਾਵੇਂ ਇਹ ਕਰਜ਼ ਪੰਜਾਬ ਸਰਕਾਰ ਵਲੋਂ ਲਿਆ ਗਿਆ ਹੈ ਪਰ ਇਸ ਨੂੰ ਉਤਾਰਨ ਲਈ ਸਰਕਾਰ ਵਲੋਂ ਟੈਕਸ ਅਤੇ ਸੈਸ ਰਾਹੀਂ ਪੰਜਾਬ ਦੇ ਹਰ ਵਿਅਕਤੀ ਅਤੇ ਬੱਚੇ ਤੋਂ ਹੀ ਉਗਰਾਹੀ ਕਰਨੀ ਹੈ ਅਤੇ ਸਰਕਾਰ ਦੀ ਇਹ ਟੈਕਸ ਨਾਲ ਉਗਰਾਹੀ ਵੀ ਵਧਦੀ ਹੀ ਜਾ ਰਹੀਂ ਹੈ। ਇਸ ਬਜਟ ਸੈਸ਼ਨ ਵਿੱਚ ਆਉਣ ਵਾਲੇ ਸਾਲਾਂ ਦੌਰਾਨ ਕਰਜ਼ ਘੱਟ ਕਰਨ ਬਾਰੇ ਕੋਈ ਜਿਆਦਾ ਰਸਤਾ ਨਹੀਂ ਦਿਖਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।