ਜੰਗ ਦਾ ਖਮਿਆਜ਼ਾ ਬੇਕਸੂਰ ਨੂੰ ਵੀ ਭੁਗਤਣਾ ਪੈੈਂਦਾ

Hamas-Israel War

Hamas-Israel War

ਵਿਸ਼ਵ ਵਿੱਚ ਇਸ ਵੇਲੇ ਹਮਾਸ-ਇਜ਼ਰਾਈਲ ਤੇ ਰੂਸ-ਯੂਕਰੇਨ, ਦੋ ਵੱਡੀਆਂ ਜੰਗਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਬਰਮਾ, ਯਮਨ, ਸੁਡਾਨ, ਨਾਈਜ਼ੀਰੀਆ ਤੇ ਮਾਲੀ ਆਦਿ ਦੇਸ਼ਾਂ ਵਿੱਚ ਵੀ ਫੌਜ ਤੇ ਬਾਗੀਆਂ ਦਰਮਿਆਨ ਗਹਿਗੱਚ ਝੜਪਾਂ ਚੱਲ ਰਹੀਆਂ ਹਨ। ਪਰ ਅੱਜ-ਕੱਲ੍ਹ ਦੀਆਂ ਜੰਗਾਂ ਦੀ ਹੈਰਾਨੀਜਨਕ ਗੱਲ ਇਹ ਹੈ ਕਿ ਸੈਨਿਕ ਸੈਂਕੜਿਆਂ ਦੀ ਗਿਣਤੀ ਵਿੱਚ ਜਦਕਿ ਆਮ ਜਨਤਾ ਹਜ਼ਾਰਾਂ ਦੀ ਗਿਣਤੀ ਵਿੱਚ ਮੌਤ ਦੇ ਮੂੰਹ ਪੈ ਰਹੀ ਹੈ। ਜੰਗ ਦਾ ਜ਼ਿੰਮੇਵਾਰ ਚਾਹੇ ਕੋਈ ਵੀ ਹੋਵੇ, ਖਮਿਆਜ਼ਾ ਆਖਰ ਬੇਕਸੂਰ ਔਰਤਾਂ, ਬੱਚਿਆਂ, ਬਿਮਾਰਾਂ ਤੇ ਬਜ਼ੁਰਗਾਂ ਨੂੰ ਹੀ ਭੁਗਤਣਾ ਪੈਂਦਾ ਹੈ। ਪ੍ਰਚੀਨ ਅਤੇ ਮੱਧ ਕਾਲ ਦੀਆਂ ਜੰਗਾਂ ਸਮੇਂ ਜਿੱਤਣ ਵਾਲੀਆਂ ਫੌਜਾਂ ਹਾਰਨ ਵਾਲੇ ਦੇਸ਼ ਵਿੱਚ ਰੱਜ ਕੇ ਲੁੱਟ-ਮਾਰ, ਕਤਲੇਆਮ ਤੇ ਔਰਤਾਂ ਦੀ ਬੇਇੱਜ਼ਤੀ ਕਰਦੀਆਂ ਸਨ। (Hamas-Israel War)

ਮੰਗੋਲ ਬਾਦਸ਼ਾਹ ਚੰਗੇਜ਼ ਖਾਨ ਤੇ ਸੁਲਤਾਨ ਤੈਮੂਰ ਲੰਗੜੇ ਵਰਗੇ ਜ਼ਾਲਮ ਹਾਕਮ ਤਾਂ ਆਪਣੇ ਪਿੱਛੇ ਸਿਰਫ ਸੜੇ ਹੋਏ ਸ਼ਹਿਰ ਤੇ ਲਾਸ਼ਾਂ ਦੇ ਢੇਰ ਹੀ ਛੱਡਦੇ ਸਨ। ਪਰ ਜਦੋਂ ਸੰਸਾਰ ਵਿੱਚ ਯੂਰਪੀਨ ਦੇਸ਼ਾਂ ਦੀ ਚੜ੍ਹਾਈ ਹੋਈ ਤਾਂ ਜੰਗਾਂ ਸਿਰਫ ਫੌਜਾਂ ਦਰਮਿਆਨ ਹੋਣ ਲੱਗੀਆਂ। ਦੋ-ਚਾਰ ਵਾਕਿਆਤ ਨੂੰ ਛੱਡ ਦਿੱਤਾ ਜਾਵੇ ਤਾਂ ਜਿੱਤੇ ਹੋਏ ਦੇਸ਼ ਵਿੱਚ ਲੱੁਟ-ਮਾਰ ਅਤੇ ਕਤਲੇਆਮ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਸੀ। ਪਹਿਲੇ ਸੰਸਾਰ ਯੁੱਧ (1914 ਤੋਂ 1918 ਈ:) ਵੇਲੇ ਵੀ ਜਰਮਨੀ ਅਤੇ ਇੰਗਲੈਂਡ-ਫਰਾਂਸ ਨੇ ਇੱਕ-ਦੂਸਰੇ ਦੇ ਸੈਨਿਕ ਟਿਕਾਣਿਆਂ ’ਤੇ ਹੀ ਗੋਲਾਬਾਰੀ ਕੀਤੀ ਸੀ। ਸ਼ਹਿਰੀ ਅਬਾਦੀ ’ਤੇ ਬੰਬਾਰੀ ਕਰਨਾ ਦੂਸਰੇ ਸੰਸਾਰ ਯੁੱਧ ਵੇਲੇ ਸ਼ੁਰੂ ਹੋਇਆ ਸੀ। (Hamas-Israel War)

ਅਨੇਕਾਂ ਘਰ ਨਸ਼ਟ ਹੋ ਗਏ ਤੇ 100 ਤੋਂ ਵੱਧ ਨਾਗਰਿਕ ਮਾਰੇ ਗਏ

ਉਹ ਵੀ ਇੱਕ ਜਰਮਨ ਪਾਇਲਟ ਦੀ ਗਲਤੀ ਕਾਰਨ। 7 ਸਤੰਬਰ 1940 ਦੀ ਰਾਤ ਨੂੰ ਇੱਕ ਜਰਮਨ ਪਾਇਲਟ ਨੇ ਲੰਡਨ ’ਤੇ ਬੰਬਾਰੀ ਕਰਦੇ ਸਮੇਂ ਗਲਤੀ ਨਾਲ ਨਿਸ਼ਚਿਤ ਨਿਸ਼ਾਨੇ (ਇੱਕ ਸੈਨਿਕ ਅੱਡੇ) ਦੀ ਬਜਾਏ ਨਜ਼ਦੀਕ ਦੇ ਸ਼ਹਿਰੀ ਇਲਾਕੇ ’ਤੇ ਬੰਬ ਸੁੱਟ ਦਿੱਤੇ ਜਿਸ ਕਾਰਨ ਅਨੇਕਾਂ ਘਰ ਨਸ਼ਟ ਹੋ ਗਏ ਤੇ 100 ਤੋਂ ਵੱਧ ਨਾਗਰਿਕ ਮਾਰੇ ਗਏ। ਇਸ ਦੇ ਜਵਾਬ ਵਿੱਚ ਇਤਿਹਾਦੀ ਫੌਜਾਂ ਨੇ ਵੀ ਜਰਮਨੀ ਤੇ ਇਟਲੀ ਦੇ ਸ਼ਹਿਰਾਂ ਵਿੱਚ ਤਬਾਹੀ ਮਚਾ ਦਿੱਤੀ ਜੋ 2 ਸਤੰਬਰ 1945 ਨੂੰ ਜਰਮਨੀ ਦੀ ਹਾਰ ਤੱਕ ਚੱਲਦੀ ਰਹੀ। ਇਸ ਦੇ ਸਿੱਟੇ ਵਜੋਂ ਲੱਖਾਂ ਦੀ ਗਿਣਤੀ ਵਿੱਚ ਬੇਕਸੂਰ ਲੋਕ ਮਾਰੇ ਗਏ ਤੇ ਲੰਡਨ, ਸਟਾਲਿਨਗਰਾਦ (ਹੁਣ ਵੋਲਗੋਗਰਾਦ) ਤੇ ਬਰਲਿਨ ਵਰਗੇ ਇਤਿਹਾਸਿਕ ਸ਼ਹਿਰ ਮਲਬੇ ਦਾ ਢੇਰ ਬਣ ਗਏ। ਇਸ ਜੰਗ ਵਿੱਚ ਇਤਿਹਾਦੀ ਦੇਸ਼ਾਂ ਦੇ ਕਰੀਬ ਸਾਢੇ ਚਾਰ ਕਰੋੜ ਤੇ ਜਰਮਨੀ ਤੇ ਸਾਥੀਆਂ ਦੇ ਕਰੀਬ 40 ਲੱਖ ਆਮ ਸ਼ਹਿਰੀ ਮਾਰੇ ਗਏ ਸਨ। (Hamas-Israel War)

ਇਕੱਲੇ ਰੂਸ ਦੇ 87 ਲੱਖ ਫੌਜੀ ਤੇ ਦੋ ਕਰੋੜ ਦੇ ਕਰੀਬ ਆਮ ਸ਼ਹਿਰੀ ਮਾਰੇ ਗਏ ਸਨ ਜੋ ਕੁੱਲ ਅਬਾਦੀ ਦਾ ਚੌਥਾ ਹਿੱਸਾ ਬਣਦੇ ਸਨ। ਹਿਟਲਰ ਯਹੂਦੀਆਂ ਨੂੰ ਬੇਹੱਦ ਨਫਰਤ ਕਰਦਾ ਸੀ। ਉਸ ਨੇ ਫਾਇਰਿੰਗ ਸੁਕੈਡਾਂ ਤੇ ਗੈਸ ਚੈਂਬਰਾਂ ਵਿੱਚ ਸੁੱਟ ਕੇ 60 ਲੱਖ ਦੇ ਕਰੀਬ ਯਹੂਦੀਆਂ ਨੂੰ ਕਤਲ ਕਰ ਦਿੱਤਾ ਸੀ ਤੇ ਹੋਰ ਲੱਖਾਂ ਨੂੰ ਭੁੱਖੇ ਮਰਨ ਲਈ ਤਸੀਹਾ ਕੈਂਪਾਂ ਵਿੱਚ ਬੰਦ ਕਰ ਦਿੱਤਾ ਸੀ। ਉਨ੍ਹਾਂ ਯਹੂਦੀਆਂ ਦੇ ਵਾਰਸਾਂ ਨੇ ਹੀ 1948 ਈ: ਵਿੱਚ ਇਜ਼ਰਾਈਲ ਦੇਸ਼ ਦੀ ਸਥਾਪਨਾ ਕੀਤੀ ਸੀ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜੀਆਂ ਦੋ ਕੌਮਾਂ ਨੇ ਨਾਜ਼ੀ ਜਰਮਨੀ ਦੇ ਸਭ ਤੋਂ ਵੱਧ ਜ਼ੁਲਮ ਸਹਾਰੇ ਸਨ, ਹੁਣ ਉਹ ਹੀ ਉਸ ਤਰ੍ਹਾਂ ਦਾ ਵਿਹਾਰ ਯੂਕਰੇਨ ਤੇ ਗਾਜ਼ਾ ਪੱਟੀ ਵਿੱਚ ਕਰ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਤਵਾਦੀ ਜਥੇਬੰਦੀ ਹਮਾਸ ਨੇ 7 ਅਕਤੂਬਰ 2023 ਨੂੰ ਜੋ 1200 ਦੇ ਕਰੀਬ ਇਜ਼ਰਾਈਲੀ ਮਰਦਾਂ, ਔਰਤਾਂ ਤੇ ਮਾਸੂਮ ਬੱਚਿਆਂ ਦੀ ਹੱਤਿਆ ਕੀਤੀ ਸੀ। (Hamas-Israel War)

ਇਹ ਵੀ ਪੜ੍ਹੋ : ਗੈਂਗਸਟਰ ਜੱਗੂ ਭਗਵਾਨਪੁਰੀਆ ਸਮੇਤ ਛੇ ਬਰੀ, ਇੱਕ ਦੋਸ਼ੀ ਕਰਾਰ

247 ਨੂੰ ਬੰਦੀ ਬਣਾ ਲਿਆ ਸੀ, ਉਹ ਵਹਿਸ਼ਿਆਨਾ ਤੇ ਇਖਲਾਕ ਤੋਂ ਬੇਹੱਦ ਗਿਰੀ ਹੋਈ ਘਟਨਾ ਸੀ। ਪਰ ਹੁਣ ਜੋ ਇਜ਼ਰਾਈਲੀ ਫੌਜ ਗਾਜ਼ਾ ਪੱਟੀ ਦੇ ਪਹਿਲਾਂ ਤੋਂ ਹੀ ਨਰਕ ਵਰਗੀ ਜ਼ਿੰਦਗੀ ਭੋਗ ਰਹੇ 24 ਲੱਖ ਦੇ ਕਰੀਬ ਮਰਦਾਂ, ਔਰਤਾਂ ਤੇ ਬੱਚਿਆਂ ਨਾਲ ਕਰ ਰਹੀ ਹੈ, ਉਸ ਨੂੰ ਵੀ ਕਿਸੇ ਤਰ੍ਹਾਂ ਠੀਕ ਨਹੀਂ ਠਹਿਰਾਇਆ ਜਾ ਸਕਦਾ। ਸਿਰਫ 20-25 ਹਜ਼ਾਰ ਮੈਂਬਰਾਂ ਵਾਲੀ ਹਮਾਸ ਅੱਤਵਾਦੀ ਜਥੇਬੰਦੀ ਵੱਲੋਂ ਕੀਤੀ ਕਰਤੂਤ ਦੀ ਸਜ਼ਾ ਬੇਕਸੂਰ ਲੋਕਾਂ ਨੂੰ ਦੇਣਾ ਅਣਮਨੁੱਖੀ ਤੇ ਵਿਆਨਾ ਕਨਵੈਨਸ਼ਨ ਦੇ ਅਸੂਲਾਂ ਦੀ ਘੋਰ ਉਲੰਘਣਾ ਹੈ। ਗਾਜ਼ਾ ਪੱਟੀ ਸਿਰਫ 45 ਕਿ.ਮੀ. ਲੰਬਾ ਤੇ 6 ਤੋਂ 10 ਕਿ.ਮੀ. ਚੌੜਾ (365 ਸੁਕੇਅਰ ਕਿ.ਮੀ.) ਧਰਤੀ ਦਾ ਇੱਕ ਛੋਟਾ ਜਿਹਾ ਟੁਕੜਾ ਹੈ ਜੋ ਦੋ ਪਾਸਿਆਂ ਤੋਂ ਇਜ਼ਰਾਈਲ, ਤੀਸਰੇ ਪਾਸੇ ਤੋਂ ਸਮੁੰਦਰ ਤੇ ਚੌਥੇ ਪਾਸੇ ਤੋਂ ਮਿਸਰ ਨਾਲ ਘਿਰਿਆ ਹੋਇਆ ਹੈ। (Hamas-Israel War)

ਸਮੁੰਦਰ ਵੀ ਪੂਰੀ ਤਰ੍ਹਾਂ ਇਜ਼ਰਾਈਲ ਦੇ ਕੰਟਰੋਲ ਹੇਠ ਹੈ। ਗਾਜ਼ਾ ਪੱਟੀ ਦਾ ਇਲਾਕਾ ਦੁਨੀਆਂ ਦਾ ਇੱਕ ਸਭ ਤੋਂ ਵੱਧ ਸੰਘਣੀ ਅਬਾਦੀ ਵਾਲਾ ਇਲਾਕਾ ਹੈ। ਇੱਥੇ ਕੋਈ ਉਦਯੋਗ ਜਾਂ ਰੁਜ਼ਗਾਰ ਨਹੀਂ ਹੈ ਤੇ ਇਹ ਪੂਰੀ ਤਰ੍ਹਾਂ ਯੂ.ਐਨ.ਉ., ਦਾਨੀ ਸੰਸਥਾਵਾਂ, ਇਜ਼ਰਾਈਲ ਤੇ ਮਿਸਰ ਦੀ ਮੱਦਦ ’ਤੇ ਨਿਰਭਰ ਹੈ। ਹਰੇਕ ਜੰਗ ਜਾਂ ਗੜਬੜ ਸਮੇਂ ਸਭ ਤੋਂ ਵੱਧ ਮੁਸੀਬਤ ਔਰਤਾਂ ਤੇ ਬੱਚਿਆਂ ਨੂੰ ਸਹਿਣੀ ਪੈਂਦੀ ਹੈ ਤੇ ਗਾਜ਼ਾ ਵਿੱਚ ਵੀ ਇਹ ਕੁਝ ਹੀ ਹੋ ਰਿਹਾ ਹੈ। ਇਸ ਜੰਗ ਵਿੱਚ ਹੁਣ ਤੱਕ 14000 ਦੇ ਕਰੀਬ ਗਾਜ਼ਾ ਵਾਸੀਆਂ ਦੀ ਮੌਤ ਹੋ ਚੁੱਕੀ ਹੈ ਤੇ ਲੱਖਾਂ ਲੋਕ ਬੇਘਰ ਹੋ ਗਏ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਤੇ ਬੱਚਿਆਂ ਦੀ ਹੈ। ਔਰਤਾਂ ਤੇ ਬੱਚਿਆਂ ਸਾਹਮਣੇ ਸਭ ਤੋਂ ਵੱਡੀ ਮੁਸ਼ਕਿਲ ਪਾਣੀ, ਖਾਣੇ ਤੇ ਦਵਾਈਆਂ ਦੀ ਪੇਸ਼ ਆ ਰਹੀ ਹੈ। (Hamas-Israel War)

ਕਿਉਂਕਿ ਇਜ਼ਰਾਈਲ ਨੇ ਬਾਰਡਰ ਦੀ ਬਿਲਕੁਲ ਨਾਕਾਬੰਦੀ ਕਰ ਦਿੱਤੀ ਹੈ। ਧਾਰਮਿਕ ਅਕੀਦਿਆਂ ਤੇ ਨਿੱਤ ਦੀਆਂ ਜੰਗਾਂ ਕਾਰਨ ਗਾਜ਼ਾ ਪੱਟੀ ਦੀਆਂ ਜਿਆਦਾਤਰ ਔਰਤਾਂ ਨੇ ਹੁਣ ਤੱਕ ਪਰਦੇ ਵਾਲੀ ਜ਼ਿੰਦਗੀ ਬਿਤਾਈ ਹੈ। ਬੇਘਰ ਹੋਣ ਤੋਂ ਬਾਅਦ ਹੁਣ ਉਹ ਆਰਥਿਕ ਮੱਦਦ, ਘਰ, ਪਾਣੀ ਤੇ ਖਾਣੇ ਤੋਂ ਮਹਿਰੂਮ ਹੋ ਗਈਆਂ ਹਨ। ਗਰਭਵਤੀ ਔਰਤਾਂ ਦੇ ਹਾਲਾਤ ਤਾਂ ਹੋਰ ਵੀ ਬੁਰੇ ਹਨ। ਥਕਾਵਟ, ਭੱੁਖ, ਪਿਆਸ, ਕਮਜ਼ੋਰੀ, ਮੈਡੀਕਲ ਸਹੂਲਤਾਂ ਦੀ ਅਣਹੋਂਦ ਤੇ ਤਣਾਅ ਕਾਰਨ ਹਜ਼ਾਰਾਂ ਔਰਤਾਂ ਦਾ ਗਰਭਪਾਤ ਹੋ ਗਿਆ ਹੈ, ਸੈਂਕੜੇ ਬੱਚੇ ਮੁਰਦਾ ਪੈਦਾ ਹੋ ਰਹੇ ਹਨ ਜਾਂ ਪੈਦਾ ਹੋਣ ਤੋਂ ਬਾਅਦ ਜਰੂਰੀ ਦਵਾਈਆਂ ਤੇ ਟੀਕੇ ਆਦਿ ਨਾ ਮਿਲਣ ਕਾਰਨ ਅਣਿਆਈ ਮੌਤੇ ਮਰ ਰਹੇ ਹਨ। ਗਾਜ਼ਾ ਦੀਆਂ ਅੱਧ ਤੋਂ ਵੱਧ ਬੇਸਹਾਰਾ ਔਰਤਾਂ ਭੈਅ ਅਤੇ ਡਿਪਰੇਸ਼ਨ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ। (Hamas-Israel War)

ਕਿਸੇ ਦਾ ਪਤੀ ਮਰ ਗਿਆ ਹੈ, ਕਿਸੇ ਦੇ ਬੱਚੇ ਤੇ ਕਿਸੇ ਦੇ ਭੈਣ-ਭਰਾ ਤੇ ਨਜ਼ਦੀਕੀ ਰਿਸ਼ਤੇਦਾਰ। ਔਰਤਾਂ ਦੀਆਂ ਅੱਖਾਂ ਦੇ ਹੰਝੂ ਸੁੱਕ ਗਏ ਹਨ। ਇੱਕ ਰਿਸ਼ਤੇਦਾਰ ਦਾ ਅਫਸੋਸ ਅਜੇ ਮਨਾਇਆ ਜਾ ਰਿਹਾ ਹੁੰਦਾ ਹੈ ਕਿ ਦੂਸਰੇ ਦੇ ਮਰਨ ਦੀ ਖਬਰ ਪਹੁੰਚ ਜਾਂਦੀ ਹੈ। ਕੈਂਪਾਂ ਵਿੱਚ ਸ਼ਰਨ ਲਈ ਬੈਠੀਆਂ ਔਰਤਾਂ ਨੂੰ ਹਰ ਵੇਲੇ ਸ਼ੋਹਦਿਆਂ ਕੋਲੋਂ ਆਪਣੀ ਤੇ ਬੱਚੀਆਂ ਦੀ ਇੱਜ਼ਤ ਬਚਾਉਣ ਦਾ ਫਿਕਰ ਲੱਗਾ ਰਹਿੰਦਾ ਹੈ। ਗਾਜ਼ਾ ਵਿੱਚ ਪਾਣੀ ਦੀ ਬੇਹੱਦ ਕਮੀ ਹੋਣ ਕਾਰਨ ਇਜ਼ਰਾਈਲ ਨੇ ਸਭ ਤੋਂ ਪਹਿਲਾ ਵਾਰ ਪਾਣੀ ’ਤੇ ਕੀਤਾ ਹੈ। ਇਹ ਇਜ਼ਰਾਈਲ ਤੋਂ ਸਪਲਾਈ ਹੁੰਦਾ ਸੀ ਤੇ ਇਜ਼ਰਾਈਲ ਨੇ ਪਾਈਪਲਾਈਨ ਬੰਦ ਕਰ ਦਿੱਤੀ ਹੈ। ਗਾਜ਼ਾ ਵਿੱਚ ਕੋਈ ਦਰਿਆ ਜਾਂ ਪੀਣ ਯੋਗ ਧਰਤੀ ਹੇਠਲਾ ਪਾਣੀ ਨਹੀਂ ਹੈ। ਪਾਣੀ ਦੀ ਕਮੀ ਕਾਰਨ ਸੈਂਕੜੇ ਔਰਤਾਂ ਤੇ ਬੱਚਿਆਂ ਨੇ ਦਮ ਤੋੜ ਦਿੱਤਾ ਹੈ। (Hamas-Israel War)

ਪਰ ਹਮਾਸ ’ਤੇ ਇਨ੍ਹਾਂ ਨਾਕਾਬੰਦੀਆਂ ਦਾ ਕੋਈ ਖਾਸ ਅਸਰ ਨਹੀਂ ਹੋਇਆ ਕਿਉਂਕਿ ਉਸ ਨੇ ਇਸ ਹਮਲੇ ਦੀ ਤਿਆਰੀ ਕਈ ਸਾਲ ਪਹਿਲਾਂ ਤੋਂ ਹੀ ਕੀਤੀ ਹੋਈ ਸੀ। ਉਸ ਦੇ ਲੜਾਕਿਆਂ ਕੋਲ ਇੱਕ ਸਾਲ ਤੋਂ ਵੱਧ ਦੀ ਜਰੂਰਤ ਦਾ ਦਾਣਾ-ਪਾਣੀ ਜਮ੍ਹਾ ਹੈ। ਅਮਰੀਕਾ ਅਤੇ ਇਸ ਦੇ ਸਾਥੀਆਂ ਨੂੰ ਹਮਾਸ ਵੱਲੋਂ ਇਜ਼ਰਾਈਲ ਵਿੱਚ ਕੀਤੇ ਗਏ ਜ਼ੁਲਮ ਤਾਂ ਦਿਸਦੇ ਹਨ ਪਰ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੀਆਂ ਔਰਤਾਂ ਤੇ ਬੱਚਿਆਂ ਪ੍ਰਤੀ ਕੀਤੇ ਜਾ ਰਹੇ ਪਾਪ ਨਜ਼ਰ ਨਹੀਂ ਆ ਰਹੇ। ਕੋਈ ਵੀ ਪੱਛਮੀ ਦੇਸ਼ ਸਖਤੀ ਨਾਲ ਇਜ਼ਰਾਈਲ ਨੂੰ ਬੇਬੱਸ ਜਨਤਾ ਨੂੰ ਤਬਾਹ-ਬਰਬਾਦ ਕਰਨ ਤੋਂ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਲਟਾ ਉਸ ਨੂੰ ਵੱਡੀ ਗਿਣਤੀ ਵਿੱਚ ਮਾਰੂ ਹਥਿਆਰ ਭੇਜੇ ਜਾ ਰਹੇ ਹਨ। ਆਮ ਨਾਗਰਿਕਾਂ ਦੀਆਂ ਐਨੀਆਂ ਹੱਤਿਆਵਾਂ ਕਰਨ ਦੇ ਬਾਵਜੂਦ ਇਜ਼ਰਾਈਲ ਨੂੰ ਹਮਾਸ ਦੇ ਖਿਲਾਫ ਅਜੇ ਤੱਕ ਕੋਈ ਖਾਸ ਕਾਮਯਾਬੀ ਹਾਸਲ ਨਹੀਂ ਹੋ ਸਕੀ।

ਹਮਾਸ ਦੇ ਮੁਖੀ ਇਸਮਾਈਲ ਹਾਨੀਏਹ, ਉੱਪ ਮੁਖੀ ਸਾਲਾਏਹ ਅਰੋਰੀ, ਮਿਲਟਰੀ ਚੀਫ ਮੁਹੰਮਦ ਦਾਇਫ, ਉੱਪ ਫੌਜੀ ਮੁਖੀ ਮਰਵਾਨ ਈਸਾ ਅੇ ਯਾਹੀਆ ਸਿਨਵਾਰ ਵਰਗੇ ਕਿਸੇ ਵੀ ਚੋਟੀ ਦੇ ਕਮਾਂਡਰ ਨੂੰ ਨਾ ਤਾਂ ਹੁਣ ਤੱਕ ਗਿ੍ਰਫਤਾਰ ਕੀਤਾ ਜਾ ਸਕਿਆ ਹੈ ਤੇ ਨਾ ਹੀ ਮਾਰਿਆ। ਇਤਿਹਾਸ ਗਵਾਹ ਹੈ ਕਿ ਕਿਸੇ ਦੇਸ਼ ਦੇ ਅੰਦਰ ਜਾ ਕੇ ਉਸ ਦੇ ਛਾਪਾਮਾਰ ਲੜਾਕਿਆਂ ਤੋਂ ਜੰਗ ਜਿੱਤਣੀ ਲਗਭਗ ਅਸੰਭਵ ਹੁੰਦੀ ਹੈ। ਅਮਰੀਕਾ ਤੇ ਰੂਸ ਵੀਅਤਨਾਮ ਅਤੇ ਅਫਗਾਨਿਸਤਾਨ ਵਿੱਚ ਇਹ ਸਬਕ ਸਿੱਖ ਚੁੱਕੇ ਹਨ। ਮਹੀਨੇ ਡੇਢ ਮਹੀਨੇ ਬਾਅਦ ਇਹ ਨਤੀਜਾ ਵੀ ਸਭ ਦੇ ਸਾਹਮਣੇ ਆ ਜਾਵੇਗਾ ਕਿ ਗਾਜ਼ਾ ਪੱਟੀ ’ਤੇ ਕਬਜ਼ਾ ਕਰਕੇ ਇਜ਼ਰਾਈਲ ਨੇ ਠੀਕ ਕੀਤਾ ਹੈ ਜਾਂ ਗਲਤ। (Hamas-Israel War)