ਕਿਹਾ, ਭਾਜਪਾ ਨੇ ਕੀਤਾ ਐ ਨਿਆਂਪਾਲਿਕਾ, ਫੌਜ ਅਤੇ ਮੀਡੀਆ ਵਰਗੀਆਂ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਕਮਜ਼ੋਰ
ਕਾਂਗਰਸ ਨੇ ਆਪਣਾ ਮੁੱਖ ਪੱਤਰ ਨਵਜੀਵਨ ਕੀਤਾ ਪੰਜਾਬ ‘ਚ ਚਾਲੂ
ਕਾਂਗਰਸੀ ਵਰਕਰਾਂ ਨੂੰ ਪੱਤਰ ਖਰੀਦਣ ਲਈ ਰਾਹੁਲ ਨੇ ਕੀਤੀ ਅਪੀਲ
ਅਸ਼ਵਨੀ ਚਾਵਲਾ
ਚੰਡੀਗੜ੍ਹ।
ਭਾਜਪਾ ‘ਤੇ ਨਿਆਂਪਾਲਿਕਾ, ਫੌਜ ਅਤੇ ਮੀਡੀਆ ਵਰਗੇ ਸੰਸਥਾਨਾਂ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਉਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੇਸ਼ ਦੀ ਜਨਤਾ ਨਾਲ ਮਿਲ ਕੇ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ 2019 ਚੋਣਾਂ ਵਿੱਚ ਸੱਤਾ ਤੋਂ ਉਖਾੜ ਕੇ ਬਾਹਰ ਸੁੱਟ ਦੇਵੇਗੀ।
ਰਾਹੁਲ ਗਾਂਧੀ ਨੇ ਮੁਹਾਲੀ ਵਿਖੇ ਕਿਹਾ ਕਿ ਅਸੀਂ ਭਾਜਪਾ ਨੂੰ ਉਸ ਦੀ ਔਕਾਤ ਦਿਖਾਉਂਦੇ ਹੋਏ ਉਸ ਨੂੰ ਅਸਲੀ ਥਾਂ ਭੇਜ ਕੇ ਚੋਣਾਂ ਵਿੱਚ ਮਾਤ ਦੇ ਦਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਹ ਯਕੀਨੀ ਤੌਰ ‘ਤੇ ਭਾਜਪਾ ਨੂੰ ਸੱਤਾ ਵਿੱਚੋਂ ਬੇਦਖ਼ਲ ਕਰਨ ਵਿੱਚ ਕਾਮਯਾਬ ਹੋ ਸਕੇਗੀ। ਰਾਹੁਲ ਗਾਂਧੀ ਮੁਹਾਲੀ ਵਿਖੇ ਪਾਰਟੀ ਦੇ ਅਖ਼ਬਾਰ ਨਵਜੀਵਨ ਨੂੰ ਰੀਲਾਂਚ ਕਰਨ ਲਈ ਆਏ ਹੋਏ ਸਨ। ਉਨ੍ਹਾਂ ਨੇ ਸਟੇਜ ਤੋਂ ਹੀ ਪੰਜਾਬ ਦੇ ਕਾਂਗਰਸੀਆਂ ਨੂੰ ਇਸ ਮੁੱਖ ਪੱਤਰ ਨਵਜੀਵਨ ਨੂੰ ਖ਼ਰੀਦਣ ਲਈ ਆਦੇਸ਼ ਤੱਕ ਦਿੱਤੇ। ਨਵਜੀਵਨ ਹਿੰਦੀ ਵਿੱਚ ਛਪਣ ਵਾਲਾ ਕਾਂਗਰਸ ਦਾ ਮੁੱਖ ਪੱਤਰ ਹੈ, ਜਿਸ ਨੂੰ ਕਿ ਪੰਜਾਬ ਵਿੱਚ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਸੀ। ਇਸ ਮੁੱਖ ਪੱਤਰ ਦੀ ਸ਼ੁਰੂਆਤ ਮਹਾਤਮਾ ਗਾਂਧੀ ਨੇ ਖ਼ੁਦ ਅਜ਼ਾਦੀ ਤੋਂ ਪਹਿਲਾਂ ਕੀਤੀ ਸੀ। ਇਸ ਸਮਾਗਮ ਵਿੱਚ ਰਾਹੁਲ ਗਾਂਧੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਅਤੇ ਦਿੱਗਜ਼ ਲੀਡਰ ਮੋਤੀ ਲਾਲ ਵੋਹਰਾ ਨਾਲ ਇਥੇ ਆਏ ਹੋਏ ਸਨ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਅਤੇ ਮੋਦੀ ਸਰਕਾਰ ਨੇ ਦੇਸ਼ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕਰ ਰੱਖਿਆ ਹੈ, ਜਿਸ ਵਿੱਚ ਸੰਵਿਧਾਨਕ ਢਾਂਚੇ ਸਣੇ ਮੀਡੀਆ ਨੂੰ ਵੀ ਦਬਾਉਣ ਦੀ ਕੋਸ਼ਸ਼ ਕੀਤੀ ਜਾ ਰਹੀਂ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਮੀਡੀਆ ਨੂੰ ਨਾ ਸਿਰਫ਼ ਦਬਾਇਆ ਜਾ ਰਿਹਾ ਹੈ, ਸਗੋਂ ਜਰੂਰਤ ਪੈਣ ‘ਤੇ ਮੀਡੀਆ ਨੂੰ ਧਮਕਾਇਆ ਵੀ ਜਾ ਰਿਹਾ ਹੈ, ਕਿਉਂਕਿ ਉਹ ਚਾਹੁੰਦੇ ਹਨ ਕਿ ਮੀਡੀਆ ਸਿਰਫ਼ ਉਹ ਕੁਝ ਹੀ ਬੋਲੇ ਜਿਹੜਾ ਕਿ ਉਹ ਸੁਣਨਾ ਚਾਹੁੰਦੇ ਹਨ।
ਰਾਹੁਲ ਗਾਂਧੀ ਨੇ ਕਿਹਾ ਪਹਿਲੀ ਵਾਰ ਦੇਸ਼ ਵਿੱਚ ਹੋਇਆ ਹੈ, ਜਦੋਂ ਦੇਸ਼ ਦੀ ਸੁਪਰੀਮ ਕੋਰਟ ਖੁੱਲੇ ਤੌਰ ‘ਤੇ ਕਹਿ ਰਹੀਂ ਹੈ ਕਿ ਉਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਹੈ ਤਾਂ ਫੌਜ ਦੇ ਜਨਰਲ ਕਹਿ ਰਹੇ ਹਨ ਨਰਿੰਦਰ ਮੋਦੀ ਫੌਜ ਦੀ ਗਲਤ ਵਰਤੋਂ ਕਰ ਰਹੇ ਹਨ। ਇਥੇ ਤੱਕ ਕਿ ਨਿਰਪੱਖ ਚੋਣਾਂ ਕਰਵਾਉਣ ਲਈ ਬਣੇ ਚੋਣ ਕਮਿਸ਼ਨ ਨੂੰ ਵੀ ਦਬਾਉਣ ਦੀ ਕੋਸ਼ਸ਼ ਕੀਤੀ ਜਾ ਰਹੀਂ ਹੈ।
ਰਾਹੁਲ ਗਾਂਧੀ ਨੇ ਕਿਹਾ ਕਾਂਗਰਸ ਪਾਰਟੀ ਸੱਤਾ ਵਿੱਚ ਆਉਣ ਤੋਂ ਬਾਅਦ ਅਤੇ ਪਹਿਲਾਂ ਇਨ੍ਹਾਂ ਸਾਰੇ ਸੰਸਥਾਨਾਂ ਦੀ ਆਜ਼ਾਦੀ ਲਈ ਲੜੇਗੀ, ਕਿਉਂਕਿ ਅਸੀਂ ਆਰਐਸਐਸ ਜਾਂ ਫਿਰ ਭਾਜਪਾ ਜਿਹੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਿਸਾਨਾਂ ਅਤੇ ਬੇਰੁਜ਼ਗਾਰੀ ਮੁੱਖ ਮੁੱਦਾ ਹੈ ਪਰ ਮੀਡੀਆ ਨੂੰ ਇਨਾਂ ਦੋਵਾਂ ਮੁੱਦਿਆ ਨੂੰ ਚੁੱਕਣ ਤੱਕ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀਂ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਵੱਡੇ ਕਾਰੋਬਾਰੀਆਂ ਦੇ ਵਿਆਹ ਦੀਆਂ ਖ਼ਬਰਾਂ ਅਖ਼ਬਾਰਾਂ ਦੇ ਮੁੱਖ ਪੰਨੇ ‘ਤੇ ਛਪੀ ਹੁੰਦੀਆਂ ਹਨ ਪਰ ਕਿਸਾਨਾਂ ਅਤੇ ਬੇਰੁਜ਼ਗਾਰਾਂ ਬਾਰੇ ਇੱਕ ਵੀ ਖ਼ਬਰ ਮੁੱਖ ਪੰਨੇ ‘ਤੇ ਨਹੀਂ ਹੁੰਦੀ ਹੈ। ਜਿਸ ਦਾ ਉਨਾਂ ਨੂੰ ਦੁਖ ਅਤੇ ਖੇਦ ਵੀ ਹੈ।
ਅਮਰਿੰਦਰ ਨਾ ਆਏ ਤਾਂ ਰਾਹੁਲ ਪੁੱਜ ਗਏ ਕੋਠੀ
ਮੁਹਾਲੀ ਵਿਖੇ ਰਾਹੁਲ ਗਾਂਧੀ ਦੇ ਆਉਣ ਦੇ ਬਾਅਦ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਸਮਾਗਮ ਵਿੱਚ ਭਾਗ ਲੈਣ ਲਈ ਨਹੀਂ ਆਏ, ਜਿਸ ਪਿੱਛੇ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਸੀ। ਲਗਭਗ 2 ਘੰਟੇ ਚੱਲੇ ਪ੍ਰੋਗਰਾਮ ਤੋਂ ਬਾਅਦ ਰਾਹੁਲ ਗਾਂਧੀ ਨੇ ਸਿੱਧਾ ਦਿੱਲੀ ਵਿਖੇ ਮੀਟਿੰਗ ‘ਚ ਜਾਣਾ ਸੀ ਪਰ ਰਾਹੁਲ ਗਾਂਧੀ ਅਚਾਨਕ ਪ੍ਰੋਗਰਾਮ ਵਿੱਚ ਫੇਰ ਬਦਲ ਕਰਦੇ ਹੋਏ ਅਮਰਿੰਦਰ ਸਿੰਘ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੀ ਕੋਠੀ ਪੁੱਜ ਗਏ। ਜਿਥੇ ਕਿ ਲਗਭਗ 20 ਮਿੰਟ ਰੁਕਣ ਤੋਂ ਬਾਅਦ ਉਹ ਵਾਪਸ ਦਿੱਲੀ ਚਲੇ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।