ਸਿੱਖਿਆ ਵਿਭਾਗ ਦੇ ਆਦੇਸ਼ਾਂ ਨਾਲ ਹੀ ਆਪਣੀ ਏਸੀਆਰ ਲਈ ਦਾਖ਼ਲੇ ਲਈ ਸੜਕਾਂ ‘ਤੇ ਉੱਤਰੇ ਅਧਿਆਪਕ
ਹਰ ਦਾਖ਼ਲੇ ਪਿੱਛੇ ਮਿਲੇਗਾ ਏਸੀਆਰ ‘ਚ ਵੱਧ ਨੰਬਰ ਲੈਣ ਦਾ ਮੌਕਾ
ਚੰਡੀਗੜ। ਕੜਾਕੇ ਦੀ ਸਰਦੀ ਦੇ ਬਾਵਜੂਦ ਵੀ ਹੱਥ ‘ਚ ਦਾਖ਼ਲਾ ਫਾਰਮ ਅਤੇ ਪੈਨ-ਕਾਪੀ ਲੈ ਕੇ ਘਰ ਘਰ ਘੁੰਮਦੇ ਹੋਏ ਅਧਿਆਪਕ ਆਪਣੇ ਸਰਕਾਰੀ ਸਕੂਲ ਵਿੱਚ ਬੇਸ਼ੁਮਾਰ ਦਾਖ਼ਲੇ ਕਰਵਾਉਣ ਵਿੱਚ ਜੁਟੇ ਹੋਏ ਹਨ। ਅਧਿਆਪਕਾਂ ਨੇ ਰੈਲੀਆਂ ਤੋਂ ਲੈ ਕੇ ਡੋਰ ਟੂ ਡੋਰ ਤੱਕ ਮੁਹਿੰਮ ਛੇੜੀ ਹੋਈ ਹੈ। ਇਸ ਸਖ਼ਤ ਮਿਹਨਤ ਪਿੱਛੇ ਅਧਿਆਪਕ ਉਹ ਮੌਕਾ ਦੇਖ ਰਹੇ ਹਨ, ਜਿਸ ਰਾਹੀਂ ਉਹ ਆਪਣੀ ਏ.ਸੀ.ਆਰ. (ਸਲਾਨਾ ਗੁਪਤ ਰਿਪੋਰਟ) ਨਾ ਸਿਰਫ਼ ਸੁਧਾਰ ਕਰਵਾ ਸਕਦੇ ਹਨ, ਸਗੋਂ ਬੇਸ਼ੁਮਾਰ ਦਾਖ਼ਲੇ ਦੇ ਨਾਲ ਹੀ ਆਪਣੀ ਏ.ਸੀ.ਆਰ. ਵਿੱਚ ਬੇਸ਼ੁਮਾਰ ਨੰਬਰ ਤੱਕ ਪ੍ਰਾਪਤ ਕਰ ਸਕਦੇ ਹਨ। ਜਿਸ ਦਾ ਫਾਇਦਾ ਉਨਾਂ ਨੂੰ ਭਵਿੱਖ ਵਿੱਚ ਮਿਲਣ ਵਾਲੀ ਤਰੱਕੀ ਅਤੇ ਤਨਖ਼ਾਹ ਵਾਧੇ ਵਿੱਚ ਮਿਲ ਸਕਦਾ ਹੈ।
ਇਸ ਲਈ ਇਸ ਸਮੇਂ ਸਰਕਾਰੀ ਅਧਿਆਪਕ ਕੋਈ ਵੀ ਕਸਰ ਨਹੀਂ ਛੱਡਦੇ ਹੋਏ ਹਰ ਘਰ ਤੱਕ ਆਪਣੀ ਪਹੁੰਚ ਕਰਦੇ ਹੋਏ ਦਾਖ਼ਲਾ ਕਰਵਾਉਣ ਵਿੱਚ ਲਗੇ ਹੋਏ ਹਨ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਘੱਟ ਰਹੀ ਵਿਦਿਆਰਥੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ ਇੱਕ ਡੋਰ ਟੂ ਡੋਰ ਦਾਖ਼ਲਾ ਕਰਵਾਉਣ ਸਬੰਧੀ ਇੱਕ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ, ਜਿਸ ਵਿੱਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਖ਼ੁਦ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਡੋਰ ਟੂ ਡੋਰ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਮਾਪਿਆ ਨੂੰ ਸਮਝਾਉਣ ਲਗੇ ਹੋਏ ਸਨ।
ਇਸ ਦਾਖ਼ਲਾ ਮੁਹਿੰਮ ਨੂੰ ਜ਼ਮੀਨੀ ਪੱਧਰ ‘ਤੇ ਸਫ਼ਲ ਬਣਾਉਣ ਲਈ ਹੁਣ ਸਿੱਖਿਆ ਵਿਭਾਗ ਨੇ ਆਪਣੇ ਅਧਿਆਪਕਾਂ ਨੂੰ ਦਾ ਉਤਸ਼ਾਹ ਵਧਾਉਣ ਲਈ ਇਹ ਵੀ ਕੀਤਾ ਹੈ ਕਿ ਜੇਕਰ ਉਨਾਂ ਨੇ ਆਪਣੇ ਸਕੂਲ ਅਤੇ ਖ਼ਾਸ ਕਰਕੇ ਆਪਣੀ ਕਲਾਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਦੇ ਹੋਏ ਚੰਗੇ ਪੱਧਰ ‘ਤੇ ਦਾਖ਼ਲੇ ਕਰਵਾਏ ਤਾਂ ਸਿੱਖਿਆ ਵਿਭਾਗ ਵੀ ਇਸ ਇਨਾਮ ਵਜੋਂ ਉਨਾਂ ਦੀ ਵਿਗੜੀ ਹੋਈ ਏ.ਸੀ.ਆਰ. (ਸਲਾਨਾ ਗੁਪਤ ਰਿਪੋਰਟ) ਨੂੰ ਠੀਕ ਕਰਨ ਤੋਂ ਪਿੱਛੇ ਨਹੀਂ ਹਟੇਗਾ।
ਸਿੱਖਿਆ ਵਿਭਾਗ ਵੱਲੋਂ ਪ੍ਰਤੀ ਦਾਖ਼ਲਾ ਅਤੇ ਕਲਾਸ ਦੀ ਗਿਣਤੀ ਅਨੁਸਾਰ ਏ.ਸੀ.ਆਰ. ਵਿੱਚ ਪੁਆਇੰਟ ਸਿਸਟਮ ਬਣਾਇਆ ਹੈ। ਜਿਸ ਰਾਹੀਂ ਅਧਿਆਪਕਾਂ ਨੂੰ ਹਰ ਦਾਖ਼ਲੇ ਪਿੱਛੇ ਕੁਝ ਪੁਆਇੰਟ ਦਾ ਫਾਇਦਾ ਹੋਏਗਾ। ਜਿਹੜੇ ਪੁਆਇੰਟ ਸਿੱਧੇ ਤੌਰ ‘ਤੇ ਉਨ੍ਹਾਂ ਦੀ ਏ.ਸੀ.ਆਰ. ਨੂੰ ਚੰਗੇ ਪੱਧਰ ‘ਤੇ ਪ੍ਰਭਾਵਿਤ ਕਰਨਗੇ।
ਇਸ ਨਾਲ ਹੀ ਜਿਹੜੇ ਅਧਿਆਪਕ ਇਸ ਦਾਖ਼ਲਾ ਮੁਹਿੰਮ ਵਿੱਚ ਭਾਗ ਨਾ ਲੈਂਦੇ ਹੋਏ ਚੰਗੇ ਪੱਧਰ ‘ਤੇ ਦਾਖ਼ਲਾ ਨਾ ਕਰਵਾ ਸਕੇ ਅਤੇ ਉਨਾਂ ਦੀ ਕਲਾਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਤੈਅ ਸੀਮਾ ਤੋਂ ਘੱਟ ਰਹੀਂ ਤਾਂ ਉਨਾਂ ਨੂੰ ਏ.ਸੀ.ਆਰ. ਵਿੱਚ ਨੈਗਟਿਵ ਪੁਆਇੰਟ ਵੀ ਮਿਲ ਸਕਦੇ ਹਨ। ਜਿਸ ਨਾਲ ਉਨਾਂ ਦੀ ਪਹਿਲਾਂ ਤੋਂ ਹੀ ਮਾੜੀ ਚਲਦੀ ਆ ਰਹੀਂ ਏ.ਸੀ.ਆਰ. ਹੋਰ ਜਿਆਦਾ ਖ਼ਰਾਬ ਹੋ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।