ਖ਼ਾਸ ਕਿਸਮ ਦੀ ਟੀ-ਸ਼ਰਟ ਪਾ ਕੇ ਆਟਾ ਵੰਡਣਗੇ ਮੁਲਾਜ਼ਮ, ਸੜਕ ’ਤੇ ਖੜ੍ਹ ਲਵਾਏ ਜਾਣਗੇ ਅੰਗੂਠੇ

att dal sakim

ਕਿਹੜਾ-ਕਿਹੜਾ ਲੈ ਰਿਹੈ ਆਟਾ ਸਕੀਮ ਦਾ ਫਾਇਦਾ, ਹੁਣ ਨਹੀਂ ਰਹੇਗਾ ਲੁਕਿਆ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਘਰ-ਘਰ ਆਟਾ ਵੰਡਣ ਦੀ ਸਕੀਮ ਨੂੰ ਨੇਪਰੇ ਚਾੜ੍ਹਨ ਲਈ ਖ਼ਾਸ ਕਿਸਮ ਦੀ ਟੀ-ਸ਼ਰਟ ਪਾ ਕੇ ਮੁਲਾਜ਼ਮ ਆਟਾ ਵੰਡਣਗੇੇ ਆਟਾ ਵੰਡਣ ਦੀ ਡਿਊਟੀ ਕਰਨ ਵਾਲੇ ਇਹ ਮੁਲਾਜ਼ਮ ਸੜਕ ’ਤੇ ਖੜ੍ਹੇ ਹੋ ਕੇ ਹੀ ਮਸ਼ੀਨ ’ਤੇ ਅੰਗੂਠਾ ਲਵਾਉਣਗੇ ਅਤੇ ਨਾਲ ਹੀ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਬਕਾਇਦਾ ਫੋਟੋ ਵੀ ਲੈਣਗੇ ਤਾਂ ਕਿ ਦਫ਼ਤਰ ਵਿੱਚ ਬੈਠੇ ਅਧਿਕਾਰੀ ਨੂੰ ਪਤਾ ਲੱਗ ਸਕੇ ਕਿ ਕਿਹੜਾ-ਕਿਹੜਾ ਆਟਾ ਲੈ ਰਿਹਾ ਹੈ।

ਸਿਰਫ਼ ਅਧਿਕਾਰੀ ਹੀ ਨਹੀਂ, ਸਗੋਂ ਹੁਣ ਮੁਹੱਲੇ ਦੇ ਲੋਕਾਂ ਨੂੰ ਵੀ ਜਾਣਕਾਰੀ ਹੋ ਜਾਵੇਗੀ ਕਿ ਉਨ੍ਹਾਂ ਦੀ ਗਲੀ-ਮਹੱਲੇ ਵਿੱਚ ਕਿਹੜਾ ਪਰਿਵਾਰ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਲੈਣ ਲੱਗ ਰਿਹਾ ਹੈ, ਜਿਸ ਕਾਰਨ ਹੁਣ ਕੁਝ ਵੀ ਲੁਕਿਆ ਹੋਇਆ ਨਹੀਂ ਰਹੇਗਾ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਜਾਰੀ ਕੀਤੇ ਗਏ ਆਟਾ ਵੰਡਣ ਦੇ ਟੈਂਡਰ ਵਿੱਚ ਇਹ ਵੀ ਸ਼ਰਤ ਰੱਖੀ ਗਈ ਹੈ ਕਿ ਠੇਕੇ ਲੈਣ ਵਾਲੀ ਕੰਪਨੀ ਨੂੰ ਨਵੀਂ ਟੈਕਨਾਲੋਜੀ ਅਨੁਸਾਰ ਹੀ ਆਟੇ ਦੀ ਵੰਡ ਪੰਜਾਬ ਵਿੱਚ ਕਰਨੀ ਪਵੇਗੀ।

  •  ਘਰ-ਘਰ ਆਟਾ ਵੰਡਣ ਵਾਲੇ ਮੁਲਾਜ਼ਮ ਲਈ ਤੈਅ ਕੀਤੇ ਗਏ ਨਿਯਮ, ਕੈਮਰਾ ਵੀ ਲਗਾ ਕੇ ਲੈਣਗੇ ਫੋਟੋ

att dal sakim

ਪੰਜਾਬ ਵਿੱਚ 1 ਕਰੋੜ 53 ਲੱਖ ਲਾਭਪਾਤਰੀਆਂ ਦੇ ਘਰ ਵਿੱਚ ਆਟੇ ਦੀ ਸਪਲਾਈ ਕਰਨ ਮੌਕੇ ਜਿਹੜੇ ਵੀ ਮੁਲਾਜ਼ਮ ਜਾਣਗੇ, ਉਹ ਇੱਕ ਖ਼ਾਸ ਕਿਸਮ ਦੀ ਟੀ-ਸ਼ਰਟ ਹੀ ਪਾ ਕੇ ਜਾਣਗੇ। ਇਹ ਟੀ-ਸ਼ਰਟ ਪੰਜਾਬ ਸਰਕਾਰ ਵੱਲੋਂ ਹੀ ਡਿਜ਼ਾਇਨ ਕਰਵਾਈ ਜਾ ਰਹੀ ਹੈ, ਜਿਸ ਵਿੱਚ ਮੁਲਾਜ਼ਮ ਦਾ ਵੱਡੇ ਅੱਖਰਾਂ ਦੇ ਨਾਂਅ ਦੇ ਨਾਲ ਹੀ ਮੋਨੋਗ੍ਰਾਮ ਛਪਿਆ ਹੋਏਗਾ। ਆਟਾ ਸਪਲਾਈ ਕਰਨ ਵਾਲਾ ਮੁਲਾਜ਼ਮ ਟੀ-ਸ਼ਰਟ ਪਾਉਣ ਦੇ ਨਾਲ ਹੀ ਆਪਣੀ ਗੱਡੀ ਵਿੱਚ ਭਾਰ ਤੋਲਣ ਲਈ ਮਸ਼ੀਨ ਵੀ ਲੈ ਕੇ ਜਾਵੇਗਾ ਤਾਂਕਿ ਆਟੇ ਦਾ ਭਾਰ ਤੋਲਦੇ ਹੋਏ ਦਿਖਾਇਆ ਜਾਵੇਗਾ।

ਇਹ ਸਾਰੀ ਕਾਰਵਾਈ ਸੜਕ ’ਤੇ ਹੀ ਹੋਵੇਗੀ ਅਤੇ ਕਿਸੇ ਨੂੰ ਵੀ ਲਾਭਪਾਤਰੀ ਦੇ ਘਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।ਜਿਸ ਨਾਲ ਆਂਢੀ-ਗੁਆਂਢੀ ਸਣੇ ਗਲੀ-ਮੁਹੱਲੇ ਦੇ ਲੋਕਾਂ ਨੂੰ ਵੀ ਜਾਣਕਾਰੀ ਮਿਲ ਜਾਵੇਗੀ ਕਿ ਇਸ ਘਰ ਵਿੱਚ ਸਰਕਾਰੀ ਸਕੀਮ ਹੇਠ ਆਟਾ ਆਇਆ ਹੈ। ਹਾਲਾਂਕਿ ਇਸ ਪਿੱਛੇ ਸਰਕਾਰ ਦੀ ਕੋਈ ਮਨਸ਼ਾ ਗਲਤ ਨਹੀਂ ਹੈ ਪਰ ਆਮ ਲੋਕਾਂ ਵੱਲੋਂ ਇਸ ਸਕੀਮ ਦਾ ਫਾਇਦਾ ਲੈਣ ਵਾਲੀ ਲੁਕੋ ਕੇ ਰੱਖੀ ਗਈ ਜਾਣਕਾਰੀ ਬਾਹਰ ਆ ਜਾਵੇਗੀ।

ਪਹਿਲੀ ਵਾਰ ਘਰਾਂ ਵਿੱਚ ਹੋਵੇਗੀ ਸਪਲਾਈ, ਰਾਜ ਆਉਣਗੇ ਬਾਹਰ

ਆਟਾ ਦਾਲ ਸਕੀਮ ਤਹਿਤ ਆਟੇ ਦੀ ਸਪਲਾਈ ਪਹਿਲੀ ਵਾਰ ਘਰਾਂ ਵਿੱਚ ਹੋਣ ਜਾ ਰਹੀ ਹੈ ਪਹਿਲਾਂ ਇਸ ਸਕੀਮ ਅਧੀਨ ਕਣਕ ਦੀ ਸਪਲਾਈ ਡਿਪੂ ਤੋਂ ਮਿਲਣ ਕਰਕੇ ਬਹੁ ਗਿਣਤੀ ਲਾਭਪਾਤਰੀਆਂ ਦੀ ਜਾਣਕਾਰੀ ਬਾਹਰ ਹੀ ਨਹੀਂ ਆਉਂਦੀ ਸੀ ਪਰ ਹੁਣ ਇਹ ਜਾਣਕਾਰੀ ਹਰ ਕਿਸੇ ਨੂੰ ਹੋ ਜਾਵੇਗੀ, ਜਿਸ ਕਾਰਨ ਕੋਈ ਵੀ ਉਸ ਲਾਭਪਾਤਰੀ ਦੇ ਸੁਆਲ ਵੀ ਖੜ੍ਹੇ ਕਰ ਸਕਦਾ ਹੈ ਕਿ ਇਹ ਲਾਭਪਾਤਰੀ ਸਰਕਾਰ ਨੂੰ ਝੂਠ ਬੋਲ ਕੇ ਸਕੀਮ ਦਾ ਫਾਇਦਾ ਲੈ ਰਿਹਾ ਹੈ ਇਸ ਨਾਲ ਸਰਕਾਰ ਨੂੰ ਕਾਫ਼ੀ ਜ਼ਿਆਦਾ ਫਾਇਦਾ ਵੀ ਹੋ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ