ਮੁਲਾਜ਼ਮ ਫਰੰਟ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ

Employees, Front Demonstrations, Front Powercom, Headquarters

ਮੋਤੀ ਮਹਿਲ ਵੱਲ ਮਾਰਚ ਕਰਦੇ ਮੁਲਾਜ਼ਮਾਂ ਨੂੰ ਫੁਹਾਰਾ ਚੌਂਕ ‘ਤੇ ਰੋਕਿਆ

ਮਹਿੰਗਾਈ ਭੱਤੇ ਦੀਆਂ 4 ਕਿਸ਼ਤਾਂ, ਪੇ-ਕਮਿਸ਼ਨ ਤੇ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਪੂਰੇ ਸਕੇਲ ‘ਚ ਰੈਗੂਲਰ ਕਰਨ ਦੀ ਮੰਗ

ਸੱਚ ਕਹੂੰ ਨਿਊਜ਼, ਪਟਿਆਲਾ

ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਅੱਜ ਪ੍ਰਮੁੱਖ ਜਥੇਬੰਦੀਆਂ ਅਧਿਆਪਕ ਦਲ ਪੰਜਾਬ, ਇਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ ਚਾਹਲ, ਕਰਮਚਾਰੀ ਦਲ ਪੰਜਾਬ, ਪੀਆਰਟੀਸੀ ਕਰਮਚਾਰੀ ਦਲ, ਮਜ਼ਦੂਰ ਦਲ ਪੰਜਾਬ ਦੇ ਅਧਾਰਤ ਮੁਲਾਜ਼ਮ ਫਰੰਟ ਪੰਜਾਬ ਨੇ ਵਿਸ਼ਾਲ ਰੈਲੀ ਕਰਕੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਨ ‘ਚ ਅਸਫ਼ਲ ਸਾਬਤ ਹੋਈ ਹੈ। ਅੱਜ ਦੀ ਰੈਲੀ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਮੋਤੀ ਮਹਿਲਾ ਵੱਲ ਜਾਂਦੇ ਸਾਰੇ ਰਸਤਿਆਂ ‘ਤੇ ਸਖਤ ਸਰੁੱਖਿਆ ਪ੍ਰਬੰਧ ਕੀਤੇ ਹੋਏ ਸਨ। ਜਾਣਕਾਰੀ ਅਨੁਸਾਰ ਅੱਜ ਅਮ੍ਰਿੰਤਸਰ, ਗੁਰਦਾਸਪੁਰ, ਤਰਨਤਾਰਨ, ਫਿਰੋਜਪੁਰ, ਫਰੀਦਕੋਟ, ਬਠਿੰਡਾ, ਮਾਨਸਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਨਵਾਂ ਸ਼ਹਿਰ, ਸੰਗਰੂਰ, ਰੋਪੜ, ਮੋਹਾਲੀ, ਪਟਿਆਲਾ ਅਤੇ ਪੰਜਾਬ ਦੇ ਕਸਬਿਆਂ ‘ਚੋਂ ਮੁਲਾਜ਼ਮ ਆਪੋ ਆਪਣੀ ਜਥੇਬੰਦੀ ਦੇ ਬੈਨਰ ਤੇ ਝੰਡੇ ਲੈ ਕੇ ਇਸ ਰੈਲੀ ਵਿੱਚ ਸ਼ਾਮਲ ਹੋਏ।

ਇਨ੍ਹਾਂ ਮੁਲਾਜ਼ਮਾਂ ‘ਚ ਅਧਿਆਪਕ, ਬਿਜਲੀ ਕਾਰਪੋਰੇਸ਼ਨ, ਪੀਆਰਟੀਸੀ, ਪਬਲਿਕ ਹੈਲਥ, ਪੀ.ਡਬਲਿਉ.ਡੀ., ਵੈਟਰਨਰੀ, ਸਿਹਤ ਵਿਭਾਗ ਦੇ ਕੱਚੇ ਪੱਕੇ ਮੁਲਾਜ਼ਮਾਂ ਨੇ ਸ਼ਮਲੀਅਤ ਕੀਤੀ। ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮ ਫਰੰਟ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਸਕੱਤਰ ਜਨਰਲ ਮਨਜੀਤ ਸਿੰਘ ਚਾਹਲ, ਅਧਿਆਪਕ ਦਲ ਪੰਜਾਬ ਦੇ ਪ੍ਰਧਾਨ ਈਸਰ ਸਿੰਘ ਮੰਝਪੁਰ ਨੇ ਪੰਜਾਬ ਸਰਕਾਰ ‘ਤੇ ਤਿਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਦੇ 19 ਮਹੀਨਿਆਂ ‘ਚ ਮਸਲੇ ਹੱਲ ਕਰਨ ਚ ਅਸਫਲ ਸਿੱਧ ਹੋਈ ਹੈ। ਉਹਨਾਂ ਕਿਹਾ ਮੁੱਖ ਮੰਤਰੀ ਨੇ 2 ਫਰਵਰੀ 2017 ਨੂੰ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਸਾਰ ਹੀ ਮੁਲਾਜਮਾਂ ਦੇ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੱਤੀ ਜਾਵੇਗੀ।

ਸਰਕਾਰ ਨੇ ਪੇ ਕਮਿਸ਼ਨ ਦੀ ਰਿਪੋਰਟ ਤਾਂ ਕੀ ਲਾਗੂ ਕਰਨੀ ਸੀ ਸਗੋਂ ਕੇਂਦਰ ਸਰਕਾਰ ਦੀ ਤਰਜ਼ ‘ਤੇ ਮੁਲਾਜ਼ਮਾਂ ਨੂੰ 1 ਜਨਵਰੀ 2017 ਤੋਂ ਮਿਲਣ ਵਾਲੇ ਮਹਿੰਗਾਈ ਭੱਤੇ ਦੀਆਂ 4 ਕਿਸ਼ਤਾਂ ਤੇ 22 ਮਹੀਨੇ ਦਾ ਏਰੀਅਰ ਦੇਣ ਦੀ ਬਜਾਇ 2400 ਰੁਪਏ ਸਲਾਨਾ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚੋਂ ਕਟੌਤੀ ਕਰ ਲਈ ਗਈ ਹੈ। ਆਗੂਆਂ ਨੇ ਕਿਹਾ ਕਿ ਪਟਿਆਲਾ ਸ਼ਹਿਰ ਧਰਨਿਆਂ, ਰੈਲੀਆਂ ਦਾ ਕੇਂਦਰ ਬਣਿਆ ਹੋਇਆ ਹੈ। ਹਰ ਰੋਜ਼ ਮੁਲਾਜ਼ਮ ਸਰਕਾਰ ਦੀ ਅਧਿਆਪਕ ਤੇ ਮੁਲਾਜ਼ਮ ਵਿਰੋਧੀ ਨੀਤੀ ਵਿਰੁੱਧ ਆਪਣੇ ਰੋਹ ਦਾ ਪ੍ਰਗਟਾਵਾ ਕਰ ਰਹੇ ਹਨ। ਜਥੇਬੰਦੀਆਂ ਨੇ 11 ਸੁਤਰੀ ਮੰਗ ਪੱਤਰ ਦਿੱਤਾ, ਜਿਸ ‘ਚ ਮੰਗ ਕੀਤੀ ਗਈ ਕਿ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੈਨਸ਼ਨ ਦਿੱਤੀ ਜਾਵੇ।

5178, ਐੱਸ. ਐੱਸ. ਏ., ਰਮਸਾ, ਈ.ਜੀ.ਐੱਸ, ਸਰਵਿਸ ਪ੍ਰੋਵਾਈਡਰ, ਕੰਪਿਊਟਰ ਫੈਕਲਟੀ, 27000 ਵਰਕਰਾਂ ਤੇ ਮੁਲਾਜਮਾਂ ਨੂੰ ਪੂਰੇ ਸਕੇਲ ‘ਚ ਰੈਗੂਲਰ ਕੀਤਾ ਜਾਵੇ ਤੇ ਅਧਿਆਪਕ ਵਰਗ ਵਿੱਚ ਕੰਮ ਕਰਦੇ ਅਧਿਆਪਕਾਂ ਤੇ ਵੱਖ-ਵੱਖ ਅਦਾਰਿਆਂ ਵਿੱਚ ਠੇਕੇ ‘ਤੇ ਭਰਤੀ ਹੋਏ ਮੁਲਾਜ਼ਮਾਂ ਨੂੰ ਪੂਰੇ ਸਕੇਲ ਵਿੱਚ ਰੈਗੂਲਰ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਬਿਜਲੀ ਨਿਗਮ ਵਿੱਚ ਸੀ.ਆਰ.ਏ. 281 ਦੀ ਅਧੀਨ ਭਰਤੀ ਹੋਏ ਲਾਈਨਮੈਨਾਂ ਤੇ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੇ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ। ਇਸ ਦੌਰਾਨ ਮੁਲਾਜਮਾਂ ਨੇ ਮੋਤੀ ਮਹਿਲ ਵੱਲ ਮਾਰਚ ਕੀਤਾ, ਜਿਸ ਨੂੰ ਫੁਹਾਰਾ ਚੌਂਕ ਵਿਖੇ ਭਾਰੀ ਗਿਣਤੀ ਪੁਲਿਸ ਵੱਲੋਂ ਬੇਰੀਕੇਟ ਲਾ ਕੇ ਰੋਕ ਲਿਆ।

ਇੱਥੇ ਮੁੱਖ ਮੰਤਰੀ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੱਤਾ ਗਿਆ। ਪ੍ਰਦਰਸ਼ਨ ਕਾਰਨ ਮਾਲ ਰੋਡ ਦੀ ਆਵਾਜਾਈ ਚਾਰ ਘੰਟੇ ਠੱਪ ਰਹੀ ਹੈ। ਰੈਲੀ ਵਿੱਚ ਮਤਾ ਪਾਸ ਕਰਕੇ ਮੰਗ ਕੀਤੀ ਕਿ ਸਰਕਾਰ ਮੁਲਾਜਮ ਦੇ ਮਸਲੇ ਹੱਲ ਕਰੇ। ਇਸ ਮੌਕੇ ਇੰਪਲਾਈਜ਼ ਫੈਡਰੇਸ਼ਨ ਦੇ ਆਗੂ ਪੂਰਨ ਸਿੰਘ ਖਾਈ, ਕਰਮਚਾਰੀ ਦਲ ਦੇ ਗੁਰਚਰਨ ਸਿੰਘ ਕੋਲੀ, ਪੀ.ਆਰ.ਟੀ.ਸੀ. ਕਰਮਚਾਰੀ ਦਲ ਦੇ ਆਗੂ ਤਰਲੋਚਨ ਸਿੰਘ ਲਿਬੜਾ ਤੇ ਮਜ਼ਦੂਰ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਢੀਗੀ, ਮੰਗਲ ਸਿੰਘ ਠਰੂ, ਹਰਪਾਲ ਸਿੰਘ ਤੇਜਾ, ਜਗਤਾਰ ਸਿੰਘ ਪੰਧੇਰ, ਸੁਖਬੀਰ ਸਿੰਘ ਸਮਾਣਾ, ਜਗਤਾਰ ਸਿੰਘ ਪੰਧੇਰ, ਗੁਰਜੰਟ ਸਿੰਘ ਵਾਲੀਆ, ਤਰਲੋਚਨ ਸਿੰਘ ਆਦਿ ਨੇ ਸੰਬੋਧਨ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।