ਪੁਰਾਣੀ ਪੈਨਸ਼ਨ ਸਕੀਮ ਬਹਾਲੀ ਸਬਧੀ ਮੁੱਖ ਮੰਤਰੀ ਦੇ ਸ਼ਹਿਰ ’ਚ ਗੱਜੇ ਪੰਜਾਬ ਭਰ ਦੇ ਮੁਲਾਜ਼ਮ

ਕਿਸਾਨ ਆਗੂਆਂ ਜੋਗਿੰਦਰ ਉਗਰਾਹਾ, ਰੂਲਦੂ ਸਿੰਘ ਮਾਨਸਾ ਅਤੇ ਡਾ. ਦਰਸ਼ਨਪਾਲ ਨੇ ਕੀਤੀ ਸ਼ਿਰਕਤ

ਹਰਪਾਲ ਚੀਮਾ ਬਿਨਾ ਸੰਬੋਧਨ ਕਰਦਿਆ ਹੀ ਵਾਪਸ ਗਏ

ਹਜ਼ਾਰਾਂ ਦੀ ਗਿਣਤੀ ਵਿੱਚ ਪੁਜੇ ਹੋਏ ਸਨ ਮੁਲਾਜ਼ਮ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੁਰਾਣੀ ਪੈਨਸਨ ਸਕੀਮ ਦੀ ਬਹਾਲੀ ਨੂੰ ਲੈ ਕੇ ਮੁੱਖ ਮੰਤਰੀ ਦੇ ਸ਼ਹਿਰ ਦੇ ਪੁੱਡਾ ਗਰਾਉਂਡ ਵਿੱਚ ਸੀਪੀਐਫ਼ ਕਰਮਚਾਰੀ ਯੂਨੀਅਨ ਵੱਲੋਂ ਸੂਬਾ ਪੱਧਰੀ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਮੁਲਾਜ਼ਮਾਂ ਦੇ ਸਮਰੱਥਨ ਵਿੱਚ ਕਿਸਾਨ ਯੂਨੀਅਨ ਦੇ ਆਗੂਆਂ ਸਮੇਤ ਰਾਜਨੀਤਿਕ ਆਗੂ ਵੀ ਪੁੱਜੇ ਹੋਏ ਸਨ। ਇਸ ਧਰਨੇ ਵਿੱਚ ਉਸ ਸਮੇਂ ਬਿਖੇੜਾ ਪੈਦਾ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦੇ ਪੁੱਜਣ ਤੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਭੜਕ ਗਏ ਅਤੇ ਉਨ੍ਹਾਂ ਵੱਲੋਂ ਇੱਕ ਦੋਂ ਮਿੰਟ ਹੀ ਸੰਬੋਧਨ ਕਰਕੇ ਧਰਨੇ ਦਾ ਬਾਈਕਾਟ ਕਰਦਿਆ ਚਲਦੇ ਬਣੇ। ਇਸ ਦੌਰਾਨ ਪੰਡਾਲ ’ਚ ਬੈਠੇ ਕੁਝ ਮੁਲਾਜ਼ਮਾਂ ਵੱਲੋਂ ਵੀ ਰਾਜਨੀਤਿਕ ਆਗੂਆਂ ਦਾ ਵਿਰੋਧ ਕੀਤਾ ਗਿਆ, ਜਿਸ ਨੂੰ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਵੱਲੋਂ ਮੁਸ਼ਕਿਲ ਨਾਲ ਸ਼ਾਂਤ ਕੀਤਾ ਗਿਆ।

ਜਾਣਕਾਰੀ ਅਨੁਸਾਰ ਵੱਖ ਵੱਖ ਵਿਭਾਗਾਂ ਤੋਂ ਹਜ਼ਾਰਾਂ ਦੀ ਗਿਣਤੀ ਮੁਲਾਜਮਾਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਰੋਸ ਰੈਲੀ ਰੱਖੀ ਗਈ ਸੀ, ਜਿਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ ਅਤੇ ਨਵੀਂ ਦਿੱਲੀ ਦੀਆਂ ਜਥੇਬੰਦੀਆਂ ਵਲੋਂ ਵੀ ਆਪਣੇ ਮੁਲਾਜਮ ਸਾਥੀਆਂ ਨਾਲ ਸਿਰਕਤ ਕੀਤੀ ਗਈ। ਇਸ ਰੈਲੀ ਵਿੱਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰੂਲਦੂ ਸਿੰਘ ਮਾਨਸਾ ਅਤੇ ਡਾ. ਦਰਸ਼ਨਪਾਲ ਵੀ ਵਿਸ਼ੇਸ ਸੱਦੇ ਦੇ ਪੁੱਜੇ ਸਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਅਜੇ ਦੱਤ ਸਮੇਤ ਹੋਰ ਹੋਰ ਮੁਲਾਜ਼ਮ ਆਗੂ ਵੀ ਪੁੱਜੇ ਹੋਏ ਸਨ।

ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੀਪੀਐਫ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਸਾਡੀ ਇਕੋ ਇਕ ਮੰਗ ਹੈ ਕਿ ਸਾਲ 2004 ਵਿਚ ਬੰਦ ਹੋਈ ਪੁਰਾਣੀ ਪੈਨਸਨ ਸਕੀਮ ਬਹਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 2017 ਵਿਚ ਮੁਲਾਜਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ, ਪਰ ਸਰਕਾਰ ਬਣਦੇ ਹੀ ਕੈਪਟਨ ਆਪਣਾ ਵਾਅਦਾ ਭੁੱਲ ਗਏ। ਹੁਣ ਮੁਲਾਜ਼ਮ ਜਾਗ ਗਏ ਹਨ ਤੇ ਆਪਣੀ ਬਣਦੀ ਪੈਨਸ਼ਨ ਦਾ ਹੱਕ ਲੈ ਕੇ ਹੀ ਰਹਿਣਗੇ।

ਇਸ ਮੌਕੇ ਦਿੱਲੀ ਤੋਂ ਪੁੱਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੇ ਦੱਤ ਨੇ ਕਿਹਾ ਕਿ ਕੇਜਰੀਵਾਲ ਅਜਿਹੀ ਪਹਿਲੀ ਸਰਕਾਰ ਹੈ, ਜਿਸ ਨੇ ਵਿਧਾਨ ਸਭਾ ਵਿੱਚ ਪੁਰਾਣੀ ਪੈਨਸਨ ਬਹਾਲੀ ਦਾ ਪ੍ਰਸਤਾਵ ਪਾਸ ਕਰਕੇ ਕੇਂਦਰ ਨੂੰ ਭੇਜਿਆ ਹੈ। ਆਮ ਆਦਮੀ ਪਾਰਟੀ ਮੁਲਾਜ਼ਮਾਂ ਦੇ ਹੱਕ ਵਿੱਚ ਲੜਾਈ ਲੜ੍ਹ ਰਹੀ ਹੈ। ਦੱਸਣਯੋਗ ਹੈ ਕਿ ਸਾਲ 2004 ਵਿਚ ਪੁਰਾਣੀ ਪੈਨਸਨ ਸਕੀਮ ਬੰਦ ਕਰਕੇ ਨਵੇਂ ਮੁਲਾਜਮਾਂ ਲਈ ਐਨਪੀਐਸ (ਨਿਊ ਪੈਨਸਨ ਸਕੀਮ) ਲਾਗੂ ਕਰ ਦਿੱਤੀ ਸੀ, ਜੋ ਕਿ ਸੇਅਰ ਬਾਜਾਰ ਤੇ ਆਧਾਰਤ ਹੈ। ਮੁਲਾਜਮਾਂ ਦਾ ਜਮ੍ਹਾਂ ਹੋਇਆ ਸਾਰਾ ਫੰਡ ਸੇਅਰ ਮਾਰਕਿਟ ਵਿਚ ਇਨਵੈਸਟ ਹੋ ਰਿਹਾ ਹੈ ਤੇ ਐਨ ਪੀ ਐਸ ਨੂੰ ਵਾਪਸ ਕਰਾਉਣ ਲਈ ਮੁਲਾਜਮ ਸੰਘਰਸ ਕਰ ਰਹੇ ਹਨ।

ਹਰਪਾਲ ਚੀਮਾ ਦੇ ਆਉਣ ਤੇ ਜੋਗਿੰਦਰ ਉਗਰਾਹਾ ਭੜਕੇ

ਮੁਲਾਜ਼ਮਾਂ ਦੇ ਧਰਨੇ ਵਿੱਚ ਉਸ ਸਮੇਂ ਪੁਆੜਾ ਪੈ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਸਟੇਜ਼ ਤੇ ਪੁੱਜੇ। ਇਸ ਤੋਂ ਪਹਿਲਾ ਜੋਗਿੰਦਰ ਸਿੰਘ ਉਗਰਾਹਾ ਮਾਇਕ ਸਟੈਂਡ ਕੋਲ ਬੈਠੇ ਸਨ। ਚੀਮਾ ਦੇ ਆਉਣ ਤੋਂ ਬਾਅਦ ਉਹ ਉੱਠ ਗਏ ਅਤੇ ਸਟੇਜ਼ ਦੇ ਦੂਜੇ ਸਿਰੇ ਅੰਤ ਵਿੱਚ ਜਾਕੇ ਬੈਠ ਗਏ। ਇਸ ਦੌਰਾਨ ਸਟੇਜ਼ ਤੋਂ ਉਨ੍ਹਾਂ ਨੂੰ ਸੰਬੋਧਨ ਲਈ ਕਹਿ ਦਿੱਤਾ। ਆਪਣੇ ਸੰਬੋਧਨ ਵਿੱਚ ਉਗਰਾਹਾ ਨੇ ਕਿਹਾ ਕਿ ਦਿੱਲੀ ਦੇ ਮੋਰਚੇ ਤੇ ਕਿਸੇ ਰਾਜਨੀਤਿਕ ਆਗੂ ਨੂੰ ਖੰਗਣ ਨਹੀ ਦਿੱਤਾ ਗਿਆ ਤਾਹੀ ਉਹ ਕਾਮਯਾਬ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜਨੀਤਿਕ ਆਗੂਆਂ ਨੂੰ ਬੁਲਾਉਣਾ ਹੁੰਦਾ ਤਾ ਸਾਨੂੰ ਸੱਦਾ ਨਾ ਦਿੱਤਾ ਜਾਵੇ।

ਸਾਡਾ ਬਾਹਰ ਤੋਂ ਸਮੱਥਰਨ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਮੈਨੂੰ ਪਤਾ ਹੁੰਦੇ ਕਿ ਲੀਡਰਾਂ ਨੇ ਆਉਣ ਦਾ ਮੈਂ ਨਹੀਂ ਆਉਂਦਾ। ਕੁਝ ਕੁ ਮਿੰਟਾਂ ’ਚ ਭਾਸ਼ਣ ਖਤਮ ਕਰਕੇ ਉਗਰਾਹਾ ਸਟੇਜ ਤੋਂ ਉੱਤਰ ਇੱਕ ਤਰ੍ਹਾਂ ਬਾਈਕਾਟ ਕਰਦਿਆ ਚਲੇ ਗਏ। ਇਸੇ ਦੌਰਾਨ ਹੀ ਪੰਡਾਲ ਵਿੱਚ ਵੀ ਮੁਲਾਜ਼ਮਾਂ ਵੱਲੋਂ ਲੀਡਰਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ, ਜਿਸ ਨੂੰ ਕਿ ਸੂਬਾ ਪ੍ਰਧਾਨ ਨੇ ਮਸਾ ਸੰਭਾਲਿਆ। ਹਰਪਾਲ ਚੀਮਾ ਬਿਨਾ ਸੰਬੋਧਨ ਕਰਦਿਆ ਹੀ ਕੁਝ ਸਮਾਂ ਬੈਠ ਕੇ ਚਲੇ ਗਏ।

2 ਸਤੰਬਰ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ

ਇਕੱਲੇ ਹੋਏ ਹਜਾਰਾਂ ਮੁਲਾਜ਼ਮਾਂ ਵੱਲੋਂ ਮੋਤੀ ਮਹਿਲ ਵੱਲ ਰੋਸ਼ ਮਾਰਚ ਕਰਨਾ ਸੀ, ਇਸ ਤੋਂ ਪਹਿਲਾ ਹੀ ਪ੍ਰਸ਼ਾਸਨ ਵੱਲੋਂ ਮੁਲਾਜ਼ਮ ਆਗੂਆਂ ਨੂੰ ਮੁੱਖ ਮੰਤਰੀ ਅਮਰਿਦਰ ਸਿੰਘ ਨਾਲ ਮੀਟਿੰਗ ਦਾ 2 ਸਤੰਬਰ ਦਾ ਲਿਖਤੀ ਸੱਦਾ ਦੇ ਦਿੱਤਾ। ਜਿਸ ਵਿੱਚ ਲਿਖਿਆ ਸੀ ਕਿ ਮੁੱਖ ਮੰਤਰੀ ਦੇ ਓਐਸਡੀ ਐਮ.ਪੀ. ਸਿੰਘ ਨਾਲ ਹੋਈ ਗੱਲਬਾਤ ਅਨੁਸਾਰ 2 ਸਤੰਬਰ ਨੂੰ ਸ਼ਾਮ 4 ਵਜੇ ਪੰਜਾਬ ਭਵਨ ਚੰਗੀਗੜ੍ਹ ਵਿਖੇ ਮੀਟਿੰਗ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ