ਉਪ ਮੰਡਲ ਪ੍ਰਬੰਧਕੀ ਕੰਪਲੈਕਸ ਸਾਹਮਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਦਿੱਤਾ ਰੋਸ ਧਰਨਾ

Employees & Pensioners

ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਤਿੱਖਾ ਕਰਨ ਦੀ ਦਿੱਤੀ ਚਿਤਾਵਨੀ

ਜੈਤੋ , 30 ਦਸੰਬਰ (ਸੁਭਾਸ਼ ਸ਼ਰਮਾ)। ਸਥਾਨਕ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਸਾਹਮਣੇ ਜੈਤੋ ਤਹਿਸੀਲ ਦੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰਨ ਕੀਤੇ ਗਏ ਰਵੱਈਏ ਦੇ ਖਿਲਾਫ਼ ਰੋਸ ਧਰਨਾ ਦਿੱਤਾ। ਪੰਜਾਬ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ‘ ਤੇ ਵੱਖ ਵੱਖ ਮੁਲਾਜ਼ਮ ਤੇ ਪੈਨਸ਼ਨਰ ਜੱਥੇਬੰਦੀਆਂ ਦੇ ਆਗੂ ਪ੍ਰੇਮ ਚਾਵਲਾ,ਬਲਬੀਰ ਸਿੰਘ ਸਿਵੀਆਂ , ਸੂਬਾ ਸਿੰਘ ਰਾਮੇਆਣਾ, ਗੁਰਮੀਤ ਸਿੰਘ ਜਨਰਲ ਸਕੱਤਰ ਜੈਤੋ , ਦਰਸ਼ਨ ਸਿੰਘ ਬਰਾੜ ਡੀ .ਪੀ.ਈ . , ਸੁਰੇਸ਼ ਕੁਮਾਰ ਸ਼ਰਮਾ ਤੇ ਅਧਿਆਪਕ ਆਗੂ ਚੰਦਰਪਾਲ ਜੋਸ਼ੀ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਅਤੇ ਵਿੱਤ ਤੇ ਪ੍ਰਸੋਨਲ ਵਿਭਾਗ ਦੀ ਅਫ਼ਸਰਸ਼ਾਹੀ ਦੇ ਦਬਾਅ ਹੇਠ ਕੰਮ ਕਰ ਰਹੇ ਹਨ ।

ਵਿੱਤ ਵਿਭਾਗ ਪੰਜਾਬ ਵੱਲੋਂ ਪੰਜਾਬ ਮੰਤਰੀ ਮੰਡਲ ਦੇ ਫ਼ੈਸਲਿਆਂ ਦੇ ਉਲਟ ਪੱਤਰ ਜਾਰੀ ਕੀਤੇ ਜਾ ਰਹੇ ਹਨ। ਆਗੂਆਂ ਨੇ ਚਤਨਜੀਤ ਸਿੰਘ ਚੰਨੀ ਸਰਕਾਰ ਤੇ ਦੋਸ਼ ਲਾਇਆ ਕਿ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਬੇਰੁੱਖੀ ਵਾਲਾ ਵਤੀਰਾ ਧਾਰਨ ਕੀਤਾ ਹੋਇਆ ਹੈ ।

ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਭਖਦੀਆਂ ਮੰਗਾਂ ਜਿਵੇੰ 1 ਜਨਵਰੀ 2016 ਨੂੰ ਸੋਧੀਆਂ ਤਨਖਾਹਾਂ ਅਤੇ ਸੋਧੀਆਂ ਪੈਨਸ਼ਨਾਂ ਨਿਸ਼ਚਿਤ ਕਰਨ ਸਮੇਂ 125 ਫੀਸਦੀ ਡੀ.ਏ .ਮਰਜ ਕਰਕੇ ਅਤੇ ਘੱਟੋ ਘੱਟ 20 ਫੀਸਦੀ ਲਾਭ ਦੇਣਾ ਯਕੀਨੀ ਬਣਾਇਆ ਜਾਵੇ , 1 ਜਨਵਰੀ 2016 ਤੋੰ 30 ਜੂਨ 2021 ਤਕ ਸੋਧੇ ਤਨਖਾਹ ਸਕੇਲਾਂ ਅਤੇ ਸੋਧੀਆਂ ਪੈਨਸ਼ਨਾਂ ਦਾ ਬਕਾਇਆ ਤੁਰੰਤ ਦਿੱਤਾ ਜਾਵੇ , ਮਹਿੰਗਾਈ ਭੱਤੇ ਦੀਆਂ ਅਣਸੋਧੀਆਂ ਕਿਸ਼ਤਾਂ ਦਾ ਰਹਿੰਦਾ ਸਾਰਾ ਬਕਾਇਆ ਤੁਰੰਤ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਤਰੁੰਤ ਬਹਾਲ ਕੀਤੀ ਜਾਵੇ , ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ 36000 ਕੱਚੇ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਆਦਿ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ।

ਆਗੂਆਂ ਨੇ ਇਨ੍ਹਾਂ ਹਾਲਤਾਂ ਲਈ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਫੈਸਲਾ ਕੀਤਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਚੋਣਾਂ ਵਿੱਚ ਹਾਰ ਦਾ ਮੂੰਹ ਦਿਖਾ ਕੇ ਸਬਕ ਸਿਖਾਇਆ ਜਾਵੇਗਾ ।

ਇਸ ਮੌਕੇ ‘ ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਸ਼ਿੰਗਾਰਾ ਲਾਲ ,ਵੀਰ ਸਿੰਘ, ਪਿਆਰੇ ਲਾਲ, ਦਰਸ਼ਨ ਸਿੰਘ , ਗੁਰਦਾਸ ਸਿੰਘ ,ਕੁਲਵੰਤ ਸਿੰਘ ,ਬਲਵੀਰ ਸਿੰਘ, ਜੋਗਿੰਦਰ ਸਿੰਘ , ਦੌਲਤ ਸਿੰਘ ਅਨਪੜ੍ਹ ,ਬਲਦੇਵ ਸਿੰਘ ,ਰਵੀ ਕੁਮਾਰ ,ਹਰੀ ਪ੍ਰਕਾਸ਼ ਸ਼ਰਮਾ ,ਬਿਜਲੀ ਬੋਰਡ ਮੁਲਾਜ਼ਮਾਂ ਦੇ ਆਗੂ ਚੰਦਰ ਸ਼ੇਖਰ ,ਬਲਜੀਤ ਸਿੰਘ ,ਪਵਨ ਕੁਮਾਰ ,ਬਲਦੇਵ ਸਿੰਘ ਹਰੀ ਨੌਂ ,ਬਲਦੇਵ ਸਿੰਘ ਬਰਗਾੜੀ ,ਸੁਰਿੰਦਰਪਾਲ ਸਿੰਘ ,ਮੱਘਰ ਸਿੰਘ, ਕੁਲਬੀਰ ਸਿੰਘ ,ਰਾਜਿੰਦਰ ਸਿੰਘ ਤੇ ਤਰਸੇਮ ਸਿੰਘ ਆਦਿ
ਸ਼ਾਮਲ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ