ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਮਲੋਟ ਰਿਹਾਇਸ਼ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋੱ ਰੋਸ ਪੱਤਰ ਦੇਣ ਦਾ ਐਕਸ਼ਨ 21 ਅਗਸਤ ਨੂੰ
ਕੋਟਕਪੂਰਾ, (ਸੁਭਾਸ਼ ਸ਼ਰਮਾ)। ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ 21 ਅਗਸਤ ਦਿਨ ਐਤਵਾਰ ਨੂੰ ਫਰੀਦਕੋਟ, ਫਿਰੋਜ਼ਪੁਰ, ਮੁਕਤਸਰ , ਬਠਿੰਡਾ, ਮੋਗਾ ਅਤੇ ਫਾਜ਼ਿਲਕਾ ਜ਼ਿਲਿਆਂ ਦੇ ਮੁਲਾਜ਼ਮ ਅਤੇ ਪੈਨਸ਼ਨਰ ਪੰਜਾਬ ਦੇ ਸਮਾਜ ਭਲਾਈ ਮੰਤਰੀ ਡਾ. ਬਲਜੀਤ ਕੌਰ ਨੂੰ ਪੰਜਾਬ ਸਰਕਾਰ ਦੇ ਨਾਂਅ ਰੋਸ ਪੱਤਰ ਦੇਣਗੇ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪੰਜਾਬ ਪੈਨਸ਼ਨਰਜ ਯੂਨੀਅਨ ਏਟਕ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਯੂਨੀਅਨ ਦਫ਼ਤਰ ਵਿੱਚ ਹੋਈ ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪੈਨਸ਼ਨਰਜ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਕੁਲਵੰਤ ਸਿੰਘ ਚਾਨੀ, ਜਨਰਲ ਸਕੱਤਰ ਅਸ਼ੋਕ ਕੌਸ਼ਲ, ਅਧਿਆਪਕ ਆਗੂ ਪ੍ਰੇਮ ਚਾਵਲਾ, ਸੋਮ ਨਾਥ ਅਰੋੜਾ , ਤਰਸੇਮ ਨਰੂਲਾ ਅਤੇ ਇਕਬਾਲ ਸਿੰਘ ਮੰਘੇੜਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਰਕਾਰ ਨੂੰ ਉਸ ਦੇ ਚੋਣਾਂ ਵੇਲੇ ਕੀਤੇ ਵਾਅਦੇ ਚੇਤੇ ਕਰਵਾਉਣ ਲਈ ਉਲੀਕਿਆ ਗਿਆ ਹੈ।
10 ਸਤੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰ ਦੀ ਰੈਲੀ ਕੀਤੀ ਜਾਵੇਗੀ
ਪਿਛਲੇ ਦਿਨੀਂ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਭਗਵੰਤ ਸਿੰਘ ਮਾਨ ਸਰਕਾਰ ਦੇ ਪੰਜ ਮਹੀਨਿਆਂ ਦੇ ਕੰਮਾਂ ਅਤੇ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੈ ਜਿਸ ਵਿੱਚ ਮੁਲਾਜ਼ਮ ਵਰਗ ਨਾਲ ਕੀਤਾ ਇੱਕ ਵੀ ਚੋਣ ਵਾਅਦਾ ਪੂਰਾ ਕਰਨ ਦਾ ਜਿਕਰ ਨਹੀਂ ਹੈ। ਇਸ ਤੋਂ ਪਹਿਲਾਂ ਬਜਟ ਸੈਸ਼ਨ ਵਿਚ ਵੀ ਸਰਕਾਰ ਨੇ ਮੁਲਾਜ਼ਮ ਮੰਗਾਂ ਬਾਰੇ ਮੂੰਹ ਨਹੀਂ ਖੋਲ੍ਹਿਆ। ਮੀਟਿੰਗ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਹੋਏ ਪੀ.ਆਰ.ਟੀ.ਸੀ ਮੁਲਾਜ਼ਮਾਂ ਦੇ ਆਗੂ ਗੁਰਦੀਪ ਭੋਲਾ, ਹਰਦੀਪ ਸਿੰਘ ਫਿੱਡੂ ਭਲਵਾਨ, ਗੇਜ ਰਾਮ ਭੌਰਾ , ਗੁਰਾ ਸਿੰਘ ਢਿੱਲਵਾਂ , ਮੇਜਰ ਸਿੰਘ ,ਪ੍ਰਿੰਸੀਪਲ ਬਲਵੀਰ ਸਿੰਘ ਬਰਾੜ ਤੇ ਵਿਨੋਦ ਕੁਮਾਰ ਲੈਕਚਰਾਰ ਨੇ ਕਿਹਾ ਕਿ ਸਰਕਾਰ ਨੇ ਕੱਚੇ ਮੁਲਾਜ਼ਮ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪੇਅ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਨ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਦੋ ਕਿਸ਼ਤਾਂ ਸਮੇਤ ਬਕਾਇਆ ਦੇਣ ਬਾਰੇ ਪਿਛਲੀਆਂ ਸਰਕਾਰਾਂ ਵਾਂਗ ਸਾਜਿਸ਼ੀ ਚੁੱਪ ਧਾਰੀ ਹੋਈ ਹੈ।
ਜੇ ਸਰਕਾਰ ਨੇ ਆਪਣਾ ਇਹੀ ਵਤੀਰਾ ਜਾਰੀ ਰੱਖਿਆ ਤਾਂ 10 ਸਤੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰ ਦੀ ਰੈਲੀ ਕੀਤੀ ਜਾਵੇਗੀ। ਇਸੇ ਦੌਰਾਨ ਫਿਰੋਜ਼ਪੁਰ ਦੇ ਪ੍ਰਧਾਨ ਰਾਮ ਪ੍ਰਸਾਦ, ਜਿਲਾ ਫਾਜ਼ਿਲਕਾ ਦੇ ਆਗੂ ਮਨਦੀਪ ਥਿੰਦ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਆਗੂ ਮੇਘਇੰਦਰ ਸਿੰਘ ਤੇ ਭੁਪਿੰਦਰ ਸਿੰਘ ਸੇਖੋਂ ਨੇ ਦਸਿਆ ਕਿ ਇਸ ਐਕਸ਼ਨ ਨੂੰ ਸਫਲ ਬਣਾਉਣ ਲਈ ਤਿਆਰੀਆਂ ਜਾਰੀ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ