ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ਦਾ ਸੱਦਾ
ਕੋਟਕਪੂਰਾ (ਸੁਭਾਸ਼ ਸ਼ਰਮਾ)। ਅੱਜ ਸਥਾਨਕ ਐਸ. ਡੀ. ਐਮ . ਦੇ ਦਫਤਰ ਸਾਹਮਣੇ ਮਿਉਂਸਪਲ ਪਾਰਕ ਵਿਖੇ ਕੋਟਕਪੂਰਾ ਤਹਿਸੀਲ ਦੇ ਵੱਖ ਵੱਖ ਵਿਭਾਗਾਂ ਦੇ ਦਰਜਾ ਤਿੰਨ , ਦਰਜਾ ਚਾਰ ਮੁਲਾਜ਼ਮਾਂ , ਅਧਿਆਪਕਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ ਤੇ ਰੋਸ ਰੈਲੀ ਕੀਤੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਐੱਸ ਡੀ ਐੱਮ ਕੋਟਕਪੂਰਾ ਨੂੰ ਮੰਗ ਪੱਤਰ ਦਿੱਤਾ ।
ਇਸ ਐਕਸ਼ਨ ਦਾ ਸੱਦਾ ਪੰਜਾਬ ਯੂ ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਿੱਤਾ ਗਿਆ ਸੀ। ਇਸ ਮੌਕੇ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਪ੍ਰੇਮ ਚਾਵਲਾ, ਵੀਰ ਇੰਦਰਜੀਤ ਸਿੰਘ ਪੁਰੀ, ਦਰਸ਼ਨ ਕੁਮਾਰ ਬਾਵਾ, ਹੇਮ ਰਾਜ ਜੋਸ਼ੀ, ਕੁਲਵੰਤ ਸਿੰਘ ਚਾਨੀ, ਅਧਿਆਪਕ ਆਗੂ ਸ਼ਿੰਦਰਪਾਲ ਸਿੰਘ ਢਿੱਲੋਂ , ਰਾਜਿੰਦਰ ਸਿੰਘ ਸਰਾਂ ਸੇਵਾ ਮੁਕਤ ਤਹਿਸੀਲਦਾਰ, ਪੂਰਨ ਸਿੰਘ ਬਿਜਲੀ ਬੋਰਡ, ਕਿਰਨ ਪ੍ਰਕਾਸ਼ ਮਹਿਤਾ, ਕਰਮ ਸਿੰਘ, ਅਧਿਆਪਕ ਆਗੂ ਮਨਦੀਪ ਪੁਰਬਾ ਤੇ ਹਰਵਿੰਦਰ ਸਿੰਘ, ਦਰਜਾ ਚਾਰ ਮੁਲਾਜ਼ਮਾਂ ਦੇ ਆਗੂ ਇਕਬਾਲ ਸਿੰਘ ਰਣ ਸਿੰਘ ਵਾਲਾ, ਮਲਕੀਅਤ ਸਿੰਘ ਟੈਕਨੀਕਲ ਸਰਵਿਸ ਯੂਨੀਅਨ, ਪਰਮਜੀਤ ਸ਼ਰਮਾ, ਸੁਰਿੰਦਰ ਸਿੰਘ ਸਰਕਲ ਸਕੱਤਰ ਤੇ ਸਾਗਰ ਜੀਤ ਸਿੰਘ ਦੁੱਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਆਗੂਆਂ ਦੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੈਬਨਿਟ ਮੰਤਰੀਆਂ ਅਤੇ ਅਧਿਕਾਰੀਆਂ ਦੀ ਕਮੇਟੀ ਨਾਲ ਚੌਥੇ ਗੇੜ ਦੀ ਮੀਟਿੰਗ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਵਾਨ ਕਰਨ ਦੀ ਬਜਾਏ ਮੰਤਰੀਆਂ ਵੱਲੋਂ ਗੈਰ ਸੰਜੀਦਾ ਅਤੇ ਧੌਂਸਬਾਜੀ ਵਾਲਾ ਰਵੱਈਆ ਅਪਨਾਉਣ ਅਤੇ ਚਲਦੀ ਮੀਟਿੰਗ ਵਿੱਚੋਂ ਉਠ ਕੇ ਚਲੇ ਜਾਣਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ।
ਪੰਜਾਬ ਸਰਕਾਰ ਦੀ ਮੰਤਰੀਆਂ ਤੇ ਅਧਿਕਾਰੀਆਂ ਦੇ ਇਸ ਰਵੱਈਏ ਖ਼ਿਲਾਫ਼ ਮੁਲਾਜ਼ਮ ਤੇ ਪੈਨਸ਼ਨਰ ਵਰਗ ਵਿਚ ਭਾਰੀ ਰੋਸ
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੰਤਰੀਆਂ ਤੇ ਅਧਿਕਾਰੀਆਂ ਦੇ ਇਸ ਰਵੱਈਏ ਖ਼ਿਲਾਫ਼ ਮੁਲਾਜ਼ਮ ਤੇ ਪੈਨਸ਼ਨਰ ਵਰਗ ਵਿਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ । ਆਗੂਆਂ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰਾਂ ਨੇ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਖ਼ਾਮੀਆਂ ਬਾਰੇ ਫਰੰਟ ਦੇ ਆਗੂਆਂ ਦੀਆਂ ਦਲੀਲਾਂ ਸੁਨ਼ਣ ਦੀ ਬਜਾਏ ਸਿਰਫ ਆਪਣੀ ਜਿਦ ਤੇ ਅੜੇ ਰਹਿਣਾ, ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਮਾਣ ਭੱਤੇ-ਇੰਸੈਂਟਿਵ ‘ਤੇ ਕੰਮ ਕਰਦੇ ਵਰਗਾਂ ਬਾਰੇ ਗੱਲ ਕਰਨ ਤੋਂ ਵੀ ਇਨਕਾਰੀ ਹੋਣਾ ਸਾਬਤ ਕਰਦਾ ਹੈ ਕਿ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਵਾਂਗ ਸੰਘਰਸ਼ੀ ਲੋਕਾਂ ਦਾ ਸਬਰ ਪਰਖਣਾ ਚਾਹੁੰਦੀ ਹੈ।
ਆਗੂਆਂ ਨੇ ਕੋਟਕਪੂਰਾ ਤਹਿਸੀਲ ਦੀ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਐਕਸ਼ਨ ਨੂੰ ਸਫਲ ਬਣਾਉਣ ਤੇ ਇਸ ਤੋਂ ਬਾਅਦ 20 ਅਗਸਤ ਜ਼ਿਲ੍ਹਾ ਪੱਧਰ ਤੇ ਹੋਣ ਵਾਲੇ ਐਕਸ਼ਨਾਂ ਵਿੱਚ ਭਰਵੀਂ ਸ਼ਮੂਲੀਅਤ ਕਰਕੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਨ ਲਈ ਮਜਬੂਰ ਕਰਨ । ਬੁਲਾਰਿਆਂ ਨੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਸਰਕਾਰ ਦੇ ਇਸ ਰਵੱਈਏ ਵਿਰੁੱਧ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਹੁਕਮਰਾਨ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਬੇਅੰਤ ਸਿੰਘ ਮੌੜ , ਗੁਰਨੇਕ ਸਿੰਘ ਜਟਾਣਾ , ਇੰਦਰਜੀਤ ਸਿੰਘ ਸਰਾਵਾਂ , ਮੁਲਾਜ਼ਮ ਆਗੂ ਸੁਖਮੰਦਰ ਸਿੰਘ ਢਿੱਲਵਾਂ , ਜਸਪਾਲ ਸਿੰਘ , ਪੈਨਸ਼ਨਰ ਆਗੂ ਇਕਬਾਲ ਸਿੰਘ ਮੰਘੇਡ਼ਾ ,ਤਰਸੇਮ ਨਰੂਲਾ , ਇਕਬਾਲ ਸਿੰਘ ਗਿੱਲ ਤੇ ਮੇਜਰ ਸਿੰਘ ਡੀ ਪੀ ਈ , ਪ੍ਰਿੰਸੀਪਲ ਦਰਸ਼ਨ ਸਿੰਘ , ਪ੍ਰਿੰਸੀਪਲ ਨੰਦ ਲਾਲ , ਜਗਵੰਤ ਸਿੰਘ ਬਰਾਡ਼ ਮੁੱਖ ਅਧਿਆਪਕ , ਗੇਜ ਰਾਮ ਭੋਰਾ , ਹਾਕਮ ਸਿੰਘ ਡੀ ਪੀ ਈ ਤੇ ਸੁਖਦੇਵ ਸਿੰਘ ਪਟਵਾਰੀ ਆਦਿ ਵੱਡੀ ਗਿਣਤੀ ਵਿਚ ਮੁਲਾਜ਼ਮ ਤੇ ਪੈਨਸ਼ਨਰ ਸ਼ਾਮਲ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ