19 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਖਰੜ ਵਿਖੇ ਸੂਬਾ ਪੱਧਰੀ ‘ਵੰਗਾਰ ਰੈਲੀ’ ਵਿੱਚ ਭਰਵੀਂਂ ਸ਼ਮੂਲੀਅਤ ਕਰਨ ਦਾ ਐਲਾਨ
ਫਰੀਦਕੋਟ (ਸੁਭਾਸ਼ ਸ਼ਰਮਾ)। ਪੰਜਾਬ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ‘ ਤੇ ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਥਾਨਕ ਖਜ਼ਾਨਾ ਦਫ਼ਤਰ ਫਰੀਦਕੋਟ ਸਾਹਮਣੇ ਪੰਜਾਬ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕਰਕੇ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੇ ਗਏ ਮੁਲਾਜ਼ਮ ਵਿਰੋਧੀ ਪੱਤਰਾਂ ਦੀਆਂ ਕਾਪੀਆਂ ਫੂਕੀਆਂ। ਇਸ ਐਕਸ਼ਨ ਦੀ ਅਗਵਾਈ ਫਰੰਟ ਦੇ ਆਗੂ ਪ੍ਰੇਮ ਚਾਵਲਾ, ਵੀਰਇੰਦਰਜੀਤ ਸਿੰਘ ਪੁਰੀ, ਇੰਦਰਜੀਤ ਸਿੰਘ ਖੀਵਾ, ਨਛੱਤਰ ਸਿੰਘ ਭਾਣਾ ਤੇ ਸੰਤ ਸਿੰਘ ਜ਼ਿਲ੍ਹਾ ਪ੍ਰਧਾਨ ਸਿਵਲ ਪੈਨਸ਼ਨਰ ਐਸੋਸੀਏਸ਼ਨ ਨੇ ਕੀਤੀ ।
ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਗਿਣੀ ਮਿਥੀ ਸਾਜ਼ਿਸ਼ ਤਹਿਤ ਪੰਜਾਬ ਵਿਧਾਨ ਸਭਾ ਚੋਣਾਂ ਸਿਰ ਤੇ ਹੋਣ ਦੇ ਬਾਵਜੂਦ ਪੰਜਾਬ ਕਾਂਗਰਸ ਪਾਰਟੀ ਨੂੰ ਖੋਰਾ ਲਾਉਣ ਲਈ ਜਾਣ ਬੁੱਝ ਕੇ ਮੁਲਾਜ਼ਮ ਵਿਰੋਧੀ ਪੱਤਰ ਜਾਰੀ ਕਰ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਪਿੰਡਾਂ ਵਿੱਚ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਦਾ ਪੇਂਡੂ ਭੱਤਾ ਤੇ ਫਿਕਸ ਟ੍ਰੈਵਲਿੰਗ ਅਲਾਊੰਸ ਬੰਦ ਕਰ ਦਿੱਤਾ ਗਿਆ ਹੈ ਤੇ ਪਹਿਲਾਂ ਤੋਂ ਮਿਲਦੇ ਵੱਖ-ਵੱਖ ਤਰ੍ਹਾਂ ਦੇ 37 ਹੋਰ ਭੱਤੇ ਰੇਸ਼ਨੇਲਾਈਜ਼ ਕਰਨ ਦੇ ਨਾਂਂਅ ’ਤੇ ਰੋਕ ਲਏ ਗਏ ਹਨ, 1 ਜੁਲਾਈ 2021 ਤੋਂ ਏ ਸੀ ਪੀ ਸਕੀਮ ਅਧੀਨ ਮਿਲਣ ਵਾਲੇ ਲਾਭ ਬੰਦ ਕਰ ਦਿੱਤੇ ਹਨ ਅਤੇ 1 ਜਨਵਰੀ 2016 ਤੋੰ ਮਿਲੇ ਏ. ਸੀ .ਪੀ. ਲਾਭ ਨਾ ਮਿਲਣ ਦੀ ਸੂਰਤ ਵਿਚ ਵਾਪਸ ਕਰਨ ਦੀਆਂ ਅੰਡਰਟੇਕਿੰਗ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ , ਪਰਖ ਸਮੇਂ ਦੌਰਾਨ ਸੋਧੀ ਤਨਖਾਹ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਆਦਿ ਪੱਤਰ ਜਾਰੀ ਹੋਣ ਨਾਲ ਮੁਲਾਜ਼ਮ ਵਰਗ ਵਿੱਚ ਵਿਆਪਕ ਰੋਸ ਫੈਲ ਰਿਹਾ ਹੈ।
ਆਗੂਆਂ ਨੇ ਅੱਗੇ ਦੱਸਿਆ ਕਿ ਸਮੂਹ ਮੁਲਾਜ਼ਮ ਤੇ ਪੈਨਸ਼ਨਰ ਆਪਣੇ ਇਸ ਤਿੱਖੇ ਰੋਸ ਦਾ ਪ੍ਰਗਟਾਵਾ 19 ਦਸੰਬਰ ਦਿਨ ਐਤਵਾਰ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਖਰੜ ਵਿਖੇ ਸੂਬਾ ਪੱਧਰ ਦੀ ਕੀਤੀ ਜਾ ਰਹੀ ‘ ਵੰਗਾਰ ਰੈਲੀ ‘ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਮੁਲਾਜ਼ਮ ਤੇ ਪੈਨਸ਼ਨਰ ਭਰਵੀਂ ਸ਼ਮੂਲੀਅਤ ਕਰਨਗੇ । ਇਸ ਮੌਕੇ ‘ ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਬਲਵੰਤ ਰਾਏ ਗੱਖੜ, ਪ੍ਰਿੰਸੀਪਲ ਜੋਗਿੰਦਰ ਸਿੰਘ , ਗਮਦੂਰ ਸਿੰਘ ਬਰਾਡ਼, ਮਨੋਹਰ ਸਿੰਘ ਧੁੰਨਾ, ਅਮਰਜੀਤ ਸਿੰਘ ਵਾਲੀਆ ਤੇ ਹੋਰ ਵੱਡੀ ਗਿਣਤੀ ਵਿੱਚ ਪੈਨਸ਼ਨਰ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ