Email Fraud: ਸਾਨੂੰ ਰੋਜ਼ਾਨਾ ਹੀ ਅਨੇਕਾਂ ਈਮੇਲ ਅਜਿਹੀਆਂ ਆਉਂਦੀਆਂ ਹਨ, ਜਿਨ੍ਹਾਂ ਦਾ ਸਾਡੇ ਨਾਲ ਕੋਈ ਵਾਹ-ਵਾਸਤਾ ਨਹੀਂ ਹੁੰਦਾ। ਭਾਵੇਂ ਕਿ ਸਾਡਾ ਈਮੇਲ ਐਡਰੈੱਸ ਸਾਡੇ ਜਾਣਕਾਰਾਂ ਜਾਂ ਫਿਰ ਸਾਡੇ ਦਫ਼ਤਰ ਵਾਲਿਆਂ ਨੂੰ ਹੀ ਪਤਾ ਹੁੰਦਾ ਹੈ ਪਰ ਫਿਰ ਵੀ ਕੁੱਝ ਅਜਿਹੇ ਲੋਕ ਵੀ ਹਨ, ਜਿਨ੍ਹਾਂ ਕੋਲ ਸਾਡੇ ਈਮੇਲ ਐਡਰੈੱਸ ਤੇ ਮੋਬਾਇਲ ਨੰਬਰ ਮੌਜੂਦ ਹਨ, ਜੋ ਸਮੇਂ-ਸਮੇਂ ’ਤੇ ਸਾਨੂੰ ਐਕਸੈੱਸ ਕਰਦੇ ਰਹਿੰਦੇ ਨੇ।
ਭਾਵੇਂ ਕਿ ਸਾਨੂੰ ਇਹ ਨਹੀਂ ਪਤਾ ਕਿ ਇਹ ਈਮੇਲ ਐਡਰੈੱਸ ਤੇ ਮੋਬਾਇਲ ਨੰਬਰ ਕੌਣ ਤੇ ਕਿਵੇਂ ਲੀਕ ਕਰਦਾ ਹੈ, ਪਰ ਇੰਨਾ ਜ਼ਰੂਰ ਮੰਨਿਆ ਜਾਂਦਾ ਹੈ ਕਿ ਕੁੱਝ ਅਜਿਹੀਆਂ ਕੰਪਨੀਆਂ ਹਨ, ਜੋ ਡਾਟਾ ਚੋਰੀ ਕਰਕੇ ਇੱਧਰ ਤੋਂ ਉੱਧਰ ਕਰਦੀਆਂ ਹਨ। ਹੈਕਰਾਂ ਦੁਆਰਾ ਲਗਾਤਾਰ ਕੀਤੇ ਜਾ ਰਹੇ ਈਮੇਲ ਫਰਾਡ ਦਾ ਪਰਦਾਫਾਸ਼ ਪੁਲਿਸ ਅਤੇ ਸਾਈਬਰ ਸੈੱਲ ਸਮੇਂ-ਸਮੇਂ ’ਤੇ ਕਰਦੇ ਰਹਿੰਦੇ ਹਨ, ਪਰ ਫਿਰ ਵੀ ਉਕਤ ਠੱਗਾਂ ਦਾ ਗੈਂਗ ਪਤਾ ਨਹੀਂ ਕਿੱਡਾ ਵੱਡਾ ਹੈ ਕਿ ਉਹ ਕਿਸੇ ਦੇ ਹੱਥ ਹੀ ਨਹੀਂ ਆ ਰਿਹਾ। ਰੋਜ਼ਾਨਾ ਹੀ ਨਿੱਤ ਨਵੇਂ ਕੇਸ ਸਾਹਮਣੇ ਆ ਰਹੇ ਹਨ। Email Fraud
ਕੁੱਝ ਦਿਨ ਪਹਿਲਾਂ ਹੀ ਮੈਨੂੰ ਇੱਕ ਈਮੇਲ ਆਈ, ਜਿਸ ਵਿੱਚ ਲਿਖਿਆ ਸੀ ਕਿ ਮੇਰੇ ਮੋਬਾਇਲ ਰਾਹੀਂ ਕੁੱਝ ਅਸ਼ਲੀਲ ਕੰਟੈਂਟ ਵਾਇਰਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਕਤ ਈਮੇਲ ਵਿੱਚ ਇਹ ਵੀ ਲਿਖਿਆ ਗਿਆ ਕਿ ਤੁਸੀਂ ਅਸ਼ਲੀਲ ਕੰਟੈਂਟ ਦੇ ਨਾਲ-ਨਾਲ ਕੋਈ ਕਤਲ ਵੀ ਕੀਤਾ ਹੈ, ਇਹ ਸਭ ਕੁੱਝ ਦੇਖ ਕੇ ਪਹਿਲਾਂ ਤਾਂ ਮੈਂ ਹੈਰਾਨ ਹੋ ਗਿਆ, ਪਰ ਫਿਰ ਮੈਂ ਉਕਤ ਈਮੇਲ ਨੂੰ ਸਕੈਨ ਕਰਕੇ ਗੂਗਲ ਵਿੱਚ ਸਰਚ ਕੀਤਾ, ਤਾਂ ਪਤਾ ਲੱਗਾ ਕਿ ਉਹ ਈਮੇਲ ਅਸਲੀ ਹੈ ਹੀ ਨਹੀਂ, ਜਿਸ ਈਮੇਲ ਦੇ ਜ਼ਰੀਏ ਮੈਨੂੰ ਮੇਲ ਭੇਜੀ ਗਈ, ਉਹ ਮੇਲ ਫਰਾਡ ਸੀ।
ਹੋਇਆ ਕੁੱਝ ਇਸ ਤਰ੍ਹਾਂ ਕਿ, ਈਮੇਲ ਭੇਜਣ ਵਾਲੇ ਨੇ ਨਾਲ ਹੀ ਮੁੰਬਈ ਸਾਈਬਰ ਪੁਲਿਸ ਦੇ ਨਾਂਅ ਦਾ ਇੱਕ ਦਸਤਾਵੇਜ਼ ਵੀ ਲਾਇਆ ਹੋਇਆ ਸੀ, ਜਿਸ ਤੋਂ ਇੰਜ ਲੱਗ ਰਿਹਾ ਸੀ ਕਿ ਇਹ ਈਮੇਲ ਸਾਈਬਰ ਪੁਲਿਸ ਵੱਲੋਂ ਭੇਜੀ ਗਈ ਹੈ, ਪਰ ਜਦੋਂ ਇਸ ਦੀ ਪੜਤਾਲ ਤੇ ਉਕਤ ਈਮੇਲ ਨੂੰ ਸਕੈਨ ਕਰਨ ਵਾਸਤੇ, ਮੈਂ ਚੈਟ ਜੀਬੀਟੀ ਤੇ ਹੋਰ ਸਰਚ ਇੰਜਣ ਜ਼ਰੀਏ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ, ਪਤਾ ਲੱਗਾ ਕਿ ਇਹ ਈਮੇਲ ਇਕੱਲੇ ਮੈਨੂੰ ਹੀ ਨਹੀਂ, ਬਲਕਿ ਭਾਰਤ ਦੇ ਲੱਖਾਂ ਲੋਕਾਂ ਨੂੰ ਇੱਕੋ ਸਮੇਂ ਕਿਸੇ ਗੈਂਗ ਵੱਲੋਂ ਭੇਜੀ ਗਈ ਹੈ।
Email Fraud
ਭਾਰਤ ਸਰਕਾਰ ਦੇ ਪ੍ਰੈਸ ਇਨਫਰਮੇਸ਼ਨ ਬਿਊਰੋ ਵੱਲੋਂ ਇਸ ਸਬੰਧੀ ਆਪਣੇ ਟਵਿੱਟਰ ਹੈਂਡਲ ’ਤੇ ਇੱਕ ਪੋਸਟ ਵੀ ਉਕਤ ਈਮੇਲ ਧੋਖਾਧੜੀ ਦੀ ਪਾਈ ਕਿ ਇਹ ਈਮੇਲ ਜਾਅਲੀ ਹੈ ਤੇ ਇਸ ’ਤੇ ਬਿਲਕੁਲ ਵੀ ਯਕੀਨ ਨਾ ਕੀਤਾ ਜਾਵੇ, ਹਾਲਾਂਕਿ ਮੈਂ ਤਾਂ ਪਹਿਲਾਂ ਹੀ ਅਜਿਹੀਆਂ ਈ-ਮੇਲ ਨੂੰ ਸਪੈਮ ਵਿੱਚ ਪਾ ਦਿੰਦਾ ਹਾਂ, ਪਰ ਮੇਰੇ ਵਰਗੇ ਹੋਰ ਲੱਖਾਂ ਨੌਜਵਾਨ ਹੋਣਗੇ, ਜਿਹੜੇ ਇਹ ਦਸਤਾਵੇਜ਼ ਵੇਖ ਕੇ ਡਰ ਜਾਂਦੇ ਹੋਣਗੇ ਤੇ ਤੁਰੰਤ ਈਮੇਲ ਦਾ ਰਿਪਲਾਈ ਕਰਕੇ ਠੱਗਾਂ ਦੇ ਚੁੁੁੰਗਲ ਵਿੱਚ ਫਸ ਜਾਂਦੇ ਹੋਣਗੇ। ਭਾਵੇਂ ਕਿ ਅਸੀਂ ਕੋਈ ਗ਼ਲਤ ਕੰਮ ਨਹੀਂ ਕੀਤਾ, ਪਰ ਫਿਰ ਵੀ ਜਦੋਂ ਕਦੇ ਅਜਿਹਾ ਅਲਰਟ ਆਉਂਦਾ ਹੈ ਤਾਂ ਇੱਕ ਵਾਰ ਤਾਂ ਬੰਦਾ ਡਰ ਜਾਂਦਾ ਹੈ ਕਿ ਉਸ ਨਾਲ ਆਖ਼ਰ ਇਹ ਹੋ ਕੀ ਰਿਹਾ ਹੈ?
Read Also : England News: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਇੰਗਲੈਂਡ ਦੀ ਸਾਧ ਸੰਗਤ ਨੇ ਚਲਾਇਆ ਸਫਾਈ ਅਭਿਆਨ ਤੇ ਲਾਏ ਬੂਟੇ
ਲਗਾਤਾਰ ਸਾਈਬਰ ਕ੍ਰਾਈਮ ਦੇ ਵਧ ਰਹੇ ਕੇਸਾਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਦੀ ਲੋੜ ਨੂੰ ਵਧਾ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਜਾਅਲੀ ਤਰੀਕੇ ਨਾਲ ਚੱਲ ਰਹੇ ਕਾਲ ਸੈਂਟਰਾਂ ਦਾ ਵੀ ਪੁਲਿਸ ਨੇ ਭਾਂਡਾ ਭੰਨ੍ਹ ਦਿੱਤਾ ਹੈ। ਭਾਰਤ ਦੇ ਵੱਖ-ਵੱਖ ਖੇਤਰਾਂ ’ਚ ਇਸ ਸਮੇਂ ਆਈ.ਟੀ. ਨਾਲ ਸਬੰਧਿਤ ਕਈ ਤਰ੍ਹਾਂ ਦੇ ਸੈਂਟਰ ਚੱਲ ਰਹੇ ਨੇ, ਜਿੰਨ੍ਹਾਂ ਦਾ ਕੰਮ ਭਾਵੇਂ ਕਿ ਆਈ.ਟੀ. ਸੈਕਟਰ ਨੂੰ ਅੱਗੇ ਵਧਾਉਣਾ ਹੈ ਪਰ ਕੁੱਝ ਥਾਵਾਂ ’ਤੇ ਇਨ੍ਹਾਂ ਸੈਂਟਰਾਂ ਦਾ ਗ਼ਲਤ ਇਸਤੇਮਾਲ ਹੋ ਰਿਹਾ ਹੈ। ਪਿਛਲੇ ਦਿਨੀਂ ਇੱਕ ਕਾਲ ਸੈਂਟਰ ਦਿੱਲੀ ਪੁਲਿਸ ਵੱਲੋਂ ਫੜਿਆ ਗਿਆ, ਜਿੱਥੋਂ ਦਰਜਨਾਂ ਨੌਜਵਾਨ ਮੁੰਡੇ-ਕੁੜੀਆਂ ਗ੍ਰਿਫਤਾਰ ਕੀਤੇ, ਜੋ ਵੱਖ-ਵੱਖ ਸਮੇਂ ’ਤੇ ਲੋਕਾਂ ਨੂੰ ਪਹਿਲਾਂ ਤਾਂ ਆਪਣੇ ਜਾਲ ਵਿੱਚ ਫਸਾਉਂਦੇ ਸਨ ਤੇ ਸਭ ਤੋਂ ਅਹਿਮ ਗੱਲ ਕਿ ਉਹ ਅੰਗਰੇਜ਼ੀ ਬੋਲ ਕੇ ਆਪਣੇ-ਆਪ ਨੂੰ ਵਿਦੇਸ਼ੀ ਦੱਸਦੇ ਸਨ ਅਤੇ ਇਸੇ ਤਰੀਕੇ ਠੱਗੀ ਮਾਰਦੇ ਸਨ।
Email Fraud
ਹੁਣ ਸਭਨਾਂ ਦੇ ਮਨਾਂ ਵਿੱਚ ਸਵਾਲ ਹੋਵੇਗਾ ਕਿ ਇਨ੍ਹਾਂ ਸਾਈਬਰ ਠੱਗਾਂ ਤੋਂ ਬਚਿਆ ਕਿਵੇਂ ਜਾਵੇ। ਸਭ ਤੋਂ ਪਹਿਲੀ ਗੱਲ ਈਮੇਲ ਦੀ ਕਰਦੇ ਹਾਂ। ਜੇਕਰ ਕੋਈ ਵੀ ਤੁਹਾਨੂੰ ਧਮਕੀ ਭਰੀ ਈਮੇਲ ਜਿਵੇਂ ਕਿ ਤੁਸੀਂ ਅਸ਼ਲੀਲ ਸਮੱਗਰੀ ਸ਼ੇਅਰ ਕੀਤੀ ਹੈ ਜਾਂ ਫਿਰ ਤੁਸੀਂ ਇਹ ਪਾਰਸਲ ਕੀਤਾ ਸੀ, ਜਿਸ ਵਿੱਚੋਂ ਨਜਾਇਜ਼ ਸਮੱਗਰੀ ਨਿੱਕਲੀ ਹੈ, ਅਜਿਹੀਆਂ ਈਮੇਲ ਆਉਂਦੀਆਂ ਹਨ ਤਾਂ ਕਦੇ ਵੀ ਇਨ੍ਹਾਂ ’ਤੇ ਗ਼ੌਰ ਨਾ ਕਰੋ ਤੇ ਤੁਰੰਤ ਇਸ ਦਾ ਸਕ੍ਰੀਨਸ਼ਾਟ ਲੈ ਕੇ ਰੱਖ ਲਓ। ਇਸ ਤੋਂ ਇਲਾਵਾ ਉਕਤ ਸਕ੍ਰੀਨਸ਼ਾਟ ਨੂੰ ਭਾਰਤ ਸਰਕਾਰ ਦੇ ਪੀਆਈਬੀ ਫੈਕਟ ਚੈੱਕ ਨਾਲ ਸਾਂਝਾ ਕਰੋ ਤਾਂ ਜੋ ਹੋਰ ਨਾਲ ਲੋਕਾਂ ਨੂੰ ਇਸ ਸਾਈਬਰ ਫਰਾਡ ਬਾਰੇ ਪਤਾ ਲੱਗ ਸਕੇ ਕਿ ਉਹ ਕਿਹੜੇ ਲੋਕ ਹਨ, ਜਿਹੜੇ ਲੋਕਾਂ ਨਾਲ ਧੋਖਾਧੜੀ ਕਰਨ ਵਿੱਚ ਲੱਗੇ ਹੋਏ ਹਨ।
ਇੱਥੇ ਵਿਸ਼ੇਸ਼ ਗੱਲ ਦੱਸਣ ਯੋਗ ਇਹ ਹੈ ਕਿ ਕਦੇ ਵੀ ਅਧਿਕਾਰਤ ਸਰਕਾਰੀ ਕੰਪਨੀ ਅਦਾਰਾ ਜਾਂ ਫਿਰ ਪੁਲਿਸ ਪ੍ਰਸ਼ਾਸਨ ਈਮੇਲ ਦੇ ਜਰੀਏ ਕੁੱਝ ਵੀ ਦਸਤਾਵੇਜ਼ ਸਾਡੀ ਆਗਿਆ ਤੋਂ ਬਿਨਾਂ ਨਹੀਂ ਭੇਜਦਾ, ਜਿੰਨੀ ਦੇਰ ਤੱਕ ਅਸੀਂ ਕੋਈ ਆਪਣਾ ਦਸਤਾਵੇਜ਼ ਰੀਨਿਊ ਜਾਂ ਫਿਰ ਆਪਣਾ ਕੋਈ ਨਵਾਂ ਦਸਤਾਵੇਜ਼ ਤਿਆਰ ਕਰਨ ਲਈ ਸਰਕਾਰੀ ਅਦਾਰੇ ਤੱਕ ਪਹੁੰਚ ਨਹੀਂ ਕਰਦੇ, ਉਦੋਂ ਤੱਕ ਕੋਈ ਵੀ ਅਦਾਰਾ ਜਾਂ ਫਿਰ ਸਰਕਾਰੀ ਸੰਸਥਾ ਸਾਨੂੰ ਈਮੇਲ ਵਗ਼ੈਰਾ ਨਹੀਂ ਕਰਦੀ, ਹਾਂ ਇੰਨਾ ਹੋ ਸਕਦਾ ਹੈ ਕਿ ਸਰਕਾਰ ਦੁਆਰਾ ਲੋਕ ਹਿੱਤ ਜਾਰੀ ਕੀਤੀਆਂ ਜਾਂਦੀਆਂ ਸਕੀਮਾਂ ਜ਼ਰੂਰ ਸਾਡੇ ਤੱਕ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
Email Fraud
ਹੁਣ ਗੱਲ ਕਰਦੇ ਹਾਂ ਮੋਬਾਇਲ ’ਤੇ ਆਉਣ ਵਾਲੇ ਓ.ਟੀ.ਪੀ. ਅਤੇ ਧਮਕੀ ਭਰੀਆਂ ਕਾਲਾਂ ਦੀ। ਅਕਸਰ ਹੀ ਮੋਬਾਇਲ ’ਤੇ ਅਨਜਾਣੇ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਲੋਕਾਂ ਨੂੰ ਆ ਰਹੀਆਂ ਹਨ ਤੇ ਲੋਕ ਤੁਰੰਤ ਇਨ੍ਹਾਂ ਕਾਲਾਂ ’ਤੇ ਵਿਸ਼ਵਾਸ ਕਰਕੇ ਆਪਣਾ ਸਭ ਕੁੱਝ ਲੁਟਾ ਰਹੇ ਹਨ, ਪਰ ਜਦੋਂ ਲੋਕਾਂ ਨੂੰ ਅਸਲੀਅਤ ਪਤਾ ਲੱਗਦੀ ਹੈ ਤਾਂ ਉਹ ਹੱਕੇ-ਬੱਕੇ ਰਹਿ ਜਾਂਦੇ ਹਨ। ਇਸ ਲਈ ਚਾਹੀਦਾ ਹੈ ਕਿ ਜਿੰਨੀ ਦੇਰ ਤੱਕ ਸਾਨੂੰ ਕੋਈ ਜਾਣਦਾ-ਪਛਾਣਦਾ ਨਹੀਂ ਉੱਨੀ ਦੇਰ ਤੱਕ ਕਿਸੇ ਵੀ ਕਾਲ ਜਾਂ ਫਿਰ ਫ਼ੋਨ ਮੈਸੇਜ ’ਤੇ ਯਕੀਨ ਨਾ ਕੀਤਾ ਜਾਵੇ ਅਤੇ ਨਾ ਹੀ ਅਜਿਹੀਆਂ ਫ਼ੋਨ ਕਾਲਾਂ ਨੂੰ ਚੁੱਕਿਆ ਜਾਵੇ।
ਇੱਕ ਜਾਣਕਾਰੀ ਇਹ ਵੀ ਹੈ ਕਿ ਕਿਸੇ ਵੀ ਅਣਜਾਨ ਨੰਬਰ ਤੋਂ ਜਦੋਂ ਅਸੀਂ ਦੂਜੀ ਜਾਂ ਫਿਰ ਤੀਜੀ ਵਾਰ ਕਾਲ ਚੁੱਕਦੇ ਹਾਂ ਤਾਂ ਸਾਡੇ ਦੁਆਰਾ ਓ.ਟੀ.ਪੀ. ਦਿੱਤੇ ਬਿਨਾਂ ਹੀ ਸਾਡਾ ਮੋਬਾਈਲ ਫ਼ੋਨ ਤੇ ਈਮੇਲ ਹੈਕ ਹੋ ਸਕਦੀ ਹੈ। ਜਿਸ ਨਾਲ ਸਾਡਾ ਡਾਟਾ ਲੀਕ ਹੋ ਸਕਦਾ ਹੈ ਤੇ ਅਹਿਮ ਗੱਲ ਇਹ ਕਿ ਸਾਡਾ ਬੈਂਕ ਖਾਤਾ ਵੀ ਖ਼ਾਲੀ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਮੋਬਾਇਲ ਫ਼ੋਨ ’ਤੇ ਮੈਸੇਜ ਆਵੇ ਕਿ, ਤੁਹਾਡਾ ਬੈਂਕ ਖਾਤਾ ਬੰਦ ਹੋਣ ਵਾਲਾ ਹੈ ਜਾਂ ਫਿਰ ਤੁਹਾਡਾ ਮੋਬਾਇਲ ਨੰਬਰ, ਤੁਹਾਡਾ ਪੈੱਨ ਕਾਰਡ ਆਦਿ ਬੰਦ ਹੋ ਜਾਣਗੇ, ਅਜਿਹੇ ਵਿੱਚ ਕਦੇ ਵੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ ਤੇ ਨਾ ਹੀ ਅਜਿਹੇ ਮੈਸੇਜ ’ਤੇ ਵਿਸ਼ਵਾਸ ਕਰੋ, ਨਹੀਂ ਤਾਂ ਇੱਕ ਮਿੰਟ ਨਹੀਂ ਲੱਗਣਾ ਤੁਹਾਡਾ ਖਾਤਾ ਖ਼ਾਲੀ ਹੋਣ ਨੂੰ! ਸੋ ਕਦੇ ਵੀ ਅਣਜਾਣ ਨੰਬਰਾਂ ਤੋਂ ਕਾਲ ਨਾ ਚੁੱਕੋ ਅਤੇ ਨਾ ਹੀ ਫ਼ਰਜ਼ੀ ਈਮੇਲ ’ਤੇ ਧਿਆਨ ਦਿਓ। ਬਚਾਅ ਵਿੱਚ ਹੀ ਬਚਾਅ ਹੈ।
ਗੁਰਪ੍ਰੀਤ
ਮੋ. 95698-20314