ਸਕੂਲ ਦੇ ਰੋਮ-ਰੋਮ ਨੂੰ ਬਣਾਇਆ ਸਿੱਖਿਆਦਾਇਕ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) | ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਅਣਥੱਕ ਮਿਹਨਤ ਤੇ ਸਿੱਖਿਆ ਵਿਭਾਗ ਦੇ ਪ੍ਰੇਰਨਾਦਾਇਕ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਦੇ ਵੱਡੀ ਗਿਣਤੀ ਸਰਕਾਰੀ ਸਕੂਲ ਸਰਕਾਰੀ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ। ਇਨ੍ਹਾਂ ਸਕੂਲਾਂ ਦੀ ਕਤਾਰ ਵਿੱਚ ਇੱਕ ਹੋਰ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ, ਅਕੌਤ ਬਲਾਕ-ਭੁੱਨਰਹੇੜੀ ਜਿਲ੍ਹਾ ਪਟਿਆਲਾ ਵੀ ਸ਼ਾਮਲ ਹੋਣ ਜਾ ਰਿਹਾ ਹੈ। ਸਕੂਲ ਦੀ ਇਮਾਰਤ ‘ਤੇ ਕੀਤਾ ਗਿਆ ਪੇਂਟਿੰਗ ਦਾ ਕੰਮ ਵਿਦਿਆਰਥੀਆਂ ਅਤੇ ਮਾਪਿਆਂ ਲਈ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ। ਸਕੂਲ ਦੀ ਹਰੇਕ ਦੀਵਾਰ ਅਤੇ ਥੰਮ੍ਹ ਨੂੰ ਹਰੇਕ ਵਿਸ਼ੇ ਨਾਲ ਸਬੰਧਿਤ ਸਿੱਖਿਆ ਸਮੱਗਰੀ ਨਾਲ ਸ਼ਿੰਗਾਰਿਆ ਗਿਆ ਹੈ। ਹਿਸਾਬ ਜਿਹੇ ਗੁੰਝਲਦਾਰ ਵਿਸ਼ੇ ਨੂੰ ਰੌਚਕ ਬਣਾਉਣ ਲਈ ਗਿਣਤੀ, ਪਹਾੜੇ, ਗਣਿਤਕ ਆਕ੍ਰਿਤੀਆਂ ਅਤੇ ਮਾਪ ਦੀਆਂ ਵੱਖੋ-ਵੱਖ ਇਕਾਈਆਂ ਦੇ ਮੁੱਲਾਂ ਨੂੰ ਬੜੇ ਸੋਹਣੇ ਰੰਗਾਂ ਨਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਅੰਗਰੇਜ਼ੀ ਵਿਸ਼ੇ ਦੀ ਵਿਆਕਰਨ ਦੀਆਂ ਮਹੱਤਵਪੂਰਨ ਧਾਰਨਾਵਾਂ ਨੂੰ ਰਚਨਾਤਮਕ ਢੰਗ ਨਾਲ ਉਲੀਕਿਆ ਗਿਆ ਹੈ। ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਚੰਗੀਆਂ ਆਦਤਾਂ ਪੈਦਾ ਕਰਦੀਆਂ ਕਵਿਤਾਵਾਂ ਨੂੰ ਵੀ ਦੀਵਾਰਾਂ ‘ਤੇ ਜਗ੍ਹਾ ਦਿੱਤੀ ਗਈ ਹੈ। ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਉਜਾਗਰ ਕਰਨ ਲਈ ਭਗਤ ਸਿੰਘ ਅਤੇ ਹੋਰ ਦੇਸ਼ ਭਗਤਾਂ ਦੀਆਂ ਤਸਵੀਰਾਂ ਵੀ ਬਣਾਈਆਂ ਗਈਆਂ ਹਨ। ਵਿਗਿਆਨ ਵਿਸ਼ੇ ਨਾਲ ਸਬੰਧਿਤ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਦਾ ਨਾਵਾਂ ਅਤੇ ਤਸਵੀਰਾਂ ਸਮੇਤ ਤਿਆਰ ਕੀਤਾ ਖਾਕਾ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਸਬੰਧੀ ਜਾਣਕਾਰੀ ਪ੍ਰਦਾਨ ਕਰਦਾ ਹੈ। ਸਕੂਲ ਦੀ ਇਮਾਰਤ ਦਾ ਹਰ ਕੋਨਾ ਵਿਦਿਆਰਥੀਆਂ ਲਈ ਗਿਆਨ ਦਾ ਭਰਪੂਰ ਸੋਮਾ ਸਾਬਤ ਹੋ ਰਿਹਾ ਹੈ। ਹਰ ਕਿਸਮ ਦੀ ਮਹੱਤਵਪੂਰਨ ਜਾਣਕਾਰੀ ਨੂੰ ਛੂਹਿਆ ਗਿਆ ਹੈ। ਸਕੂਲ ਅਧਿਆਪਕਾਂ ਹਰਪਾਲ ਸਿੰਘ ਈ.ਟੀ.ਟੀ. ਅਤੇ ਰਣਧੀਰ ਸਿੰਘ ਸਿੱਖਿਆ ਪ੍ਰੋਵਾਈਡਰ ਨੇ ਦੱਸਿਆ ਕਿ ਸਕੂਲ ਦੀ ਸਿੱਖਣ ਸਮੱਗਰੀ ਨਾਲ ਭਰਪੂਰ ਸੋਹਣੀ ਇਮਾਰਤ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਤਾਂ ਬਣਦੀ ਹੀ ਹੈ ਸਗੋਂ ਇਸ ਰਾਹੀਂ ਵਿਦਿਆਰਥੀ ਉਹ ਗਿਆਨ ਹਾਸਲ ਕਰ ਲੈਂਦੇ ਹਨ ਜੋ ਪਾਠਕ੍ਰਮ ਦੀਆਂ ਕਿਤਾਬਾਂ ਤੋਂ ਪ੍ਰਾਪਤ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਸਕੂਲ ਦੀ ਇਮਾਰਤ ਨੂੰ ਰੰਗ-ਰੋਗਨ ਕਰਕੇ ਬਾਲਾ ਦੇ ਕੰਮ ਤਹਿਤ ਨਵੀਨੀਕਰਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਮਾਰਟ ਸਕੂਲ ਸਹਾਇਕ ਕੋਆਰਡੀਨੇਟਰ ਲਖਵਿੰਦਰ ਸਿੰਘ ਕੌਲੀ ਵੱਲੋਂ ਵੀ ਸਕੂਲ ਦੇ ਸੁੰਦਰੀਕਰਨ ਕਰਨ ਲਈ ਸਮੇਂ-ਸਮੇਂ ‘ਤੇ ਯੋਗ ਅਗਵਾਈ ਮਿਲਦੀ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।