ਪਾਵਰਕੌਮ ਦੀਆਂ ਟੀਮਾਂ ਵੱਲੋਂ 1500 ਤੋਂ ਵੱਧ ਖਪਤਕਾਰਾਂ ਦੀ ਕੀਤੀ ਚੈਕਿੰਗ | Powercom
- 188 ਖ਼ਪਤਕਾਰ ਵੱਖ ਵੱਖ ਤਰੀਕਿਆਂ ਨਾਲ ਬਿਜਲੀ ਚੋਰੀ ਕਰਦੇ ਫੜੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ (Powercom) ਦੀਆਂ ਟੀਮਾਂ ਵੱਲੋਂ ਬਿਜਲੀ ਚੋਰਾਂ ਨੂੰ ਲਗਾਤਾਰ ਦਬੋਚਿਆ ਜਾ ਰਿਹਾ ਹੈ। ਵੱਧਦੀ ਗਰਮੀ ਕਾਰਨ ਬਿਜਲੀ ਚੋਰਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ ਕਿਉਂਕਿ ਬਿਜਲੀ ਦੀ ਖ਼ਪਤ ਘਟਾਉਣ ਦੇ ਡਰੋਂ ਵੱਖ-ਵੱਖ ਤਰੀਕਿਆਂ ਨਾਲ ਬਿਜਲੀ ਚੋਰੀ ਕੀਤੀ ਜਾਣ ਲੱਗੀ ਹੈ। ਪਾਵਰਕੌਮ ਦੀਆਂ ਟੀਮਾਂ ਵੱਲੋਂ 188 ਖਪਤਕਾਰਾਂ ਨੂੰ ਬਿਜਲੀ ਚੋਰੀ ਕਰਨ ਦੇ ਮਾਮਲੇ ਵਿੱਚ 75 ਲੱਖ ਤੋਂ ਵੱਧ ਦਾ ਜ਼ੁਰਮਾਨਾ ਲਗਾਇਆ ਹੈ।
ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪਾਵਰਕੌਮ ਦੇ ਇਨਫਰੋਸਮੈਂਟ ਵਿੰਗ ਦੀਆਂ ਟੀਮਾਂ ਲਗਾਤਾਰ ਸਰਗਰਮ ਹਨ। ਇਨ੍ਹਾਂ ਟੀਮਾਂ ਵੱਲੋਂ ਅਮਿ੍ਰੰਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਸਰਕਲਾਂ ਦੀਆਂ ਟੀਮਾਂ ਨੇ ਵੱਖ-ਵੱਖ ਖੇਤਰਾਂ ਅੰਦਰ 1500 ਤੋਂ ਵੱਧ ਖ਼ਪਤਕਾਰਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਬਿਜਲੀ ਚੋਰੀ ਵਾਲਿਆ ਨੂੰ ਦਬੋਚਿਆ ਹੈ। ਪਟਿਆਲਾ ਸਰਕਲ ਅਧੀਨ ਪੈਂਦੇ ਸਮਰਾਲਾ ਦਿਹਾਤੀ ਅਤੇ ਖਮਾਣੋਂ ਖੇਤਰਾਂ ਵਿੱਚ 247 ਬਿਜਲੀ ਖਪਤਕਾਰਾਂ ਦੇ ਅਹਾਤਿਆਂ ਵਿੱਚ ਚੈਕਿੰਗ ਕੀਤੀ ਗਈ ਹੈ। ਅਮਿ੍ਰੰਤਸਰ ਸਰਕਲ ਅਧੀਨ ਪੈਂਦੇ ਵਿਸ਼ਾਲ ਨਗਰ ਅਤੇ ਗੁਰੂ ਰਾਮਦਾਸ ਨਗਰ ਪੱਟੀ ਸ਼ਹਿਰ ਦੇ 158 ਬਿਜਲੀ ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ।
ਜਦਕਿ ਬਠਿੰਡਾ ਸਰਕਲ ਅਧੀਨ ਪੈਂਦੇ ਰਾਮਾ ਮੰਡੀ, ਖੂਹਲਾ ਸਰਵਰ, ਤਲਵੰਡੀ ਭਾਈ, ਤਲਵੰਡੀ ਸਾਬੋ ਅਤੇ ਜ਼ੀਰਾ ਦੇ ਖੇਤਰਾਂ ਵਿੱਚ ਪੈਂਦੇ 121 ਖਪਤਕਾਰਾਂ ਦੇ ਅਹਾਤਿਆਂ ਵਿੱਚ ਚੈਕਿੰਗ ਕੀਤੀ ਹੈ ਅਤੇ ਬਿਜਲੀ ਦੇ 10 ਮੀਟਰ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ ਲਹਿਰਾਗਾਗਾ, ਮੂਨਕ, ਰਾਮਪੁਰਾ ਫੂਲ, ਮਾਨਸਾ, ਰਾਏਕੋਟ, ਭਗਤਾ ਭਾਈ, ਨਕੋਦਰ, ਅਮਰਕੋਟ ਅਤੇ ਤਰਨਤਾਰਨ ਖੇਤਰਾਂ ਵਿੱਚ 900 ਤੋਂ ਵੱਧ ਬਿਜਲੀ ਖਪਤਕਾਰਾਂ ਦੇ ਬਿਜਲੀ ਮੀਟਰਾਂ ਦੀ ਚੈਕਿੰਗ ਕੀਤੀ ਗਈ। ਪਾਵਰਕੌਮ (Powercom) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ 188 ਖਪਤਕਾਰ ਵੱਖ-ਵੱਖ ਤਰੀਕਿਆਂ ਨਾਲ ਬਿਜਲੀ ਚੋਰੀ ਕਰਦੇ ਫੜੇ ਗਏ। ਬਿਜਲੀ ਚੋਰੀ ਕਰਨ ਵਾਲੇ ਇਨ੍ਹਾਂ ਖਪਤਕਾਰਾਂ ਨੂੰ 76 ਲੱਖ 65 ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਅਜਿਹੇ ਲੋਕ ਗਰਮੀ ਕਾਰਨ ਬਿਜਲੀ ਦੀ ਵੱਧ ਰਹੀ ਖ਼ਪਤ ਰੋਕਣ ਸਮੇਤ 600 ਯੂਨਿਟ ਦਾ ਫਾਇਦਾ ਲੈਣ ਲਈ ਬਿਜਲੀ ਚੋਰੀ ਵਰਗਾ ਕੰਮ ਕਰ ਰਹੇ ਹਨ।
ਬਿਜਲੀ ਚੋਰਾਂ ਦੇ ਦੱਸੋਂ ਨਾਮ, ਗੁਪਤ ਰੱਖੀ ਜਾਵੇਗੀ ਪਹਿਚਾਣ | Powercom
ਪਾਵਰਕੌਮ (Powercom) ਦੇ ਆਹਲ੍ਹਾ ਅਧਿਕਾਰੀਆਂ ਦਾ ਕਹਿਣਾ ਸੀ ਕਿ ਬਿਜਲੀ ਚੋਰਾਂ ਨੂੰ ਕਿਸੇ ਵੀ ਤਰੀਕੇ ਬਖ਼ਸਿਆਂ ਨਹੀਂ ਜਾਵੇਗਾ। ਉਨ੍ਹਾਂ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਵਰਗੇ ਕੰਮਾਂ ਤੋਂ ਗੁਰੇਜ਼ ਕਰਨ ਕਿਉਂਕਿ ਅਜਿਹੀ ਚੋਰੀ ਕਦੇਂ ਵੀ ਲੁਕੀ ਛਿਪੀ ਨਹੀਂ ਰਹਿ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਖ਼ਪਤਕਾਰ ਫੜਿਆ ਜਾਂਦਾ ਹੈ ਤਾ ਉਸ ਨੂੰ ਮੋਟਾ ਜ਼ੁਰਮਾਨਾ ਪੈਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਬਿਜਲੀ ਚੋਰੀ ਵਾਲੇ ਖ਼ਪਤਕਾਰਾਂ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਉਨ੍ਹਾਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।