ਪੰਜਾਬ ’ਚ ਬਿਜਲੀ : ਪਾਵਰਕੌਮ ਦੇ ਥਰਮਲਾਂ ਦੇ 10 ਯੂਨਿਟ ਬੰਦ, ਸਿਰਫ਼ 5 ਯੂਨਿਟ ਹੀ ਚਾਲੂ, ਕੀ ਹੈ ਕਾਰਨ?

Electricity

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇਸ ਵਾਰ ਮਈ ਮਹੀਨੇ ਦੌਰਾਨ ਮੌਸਮ ਦੇ ਬਦਲਾਅ ਕਾਰਨ ਪੈ ਰਹੀ ਠੰਢ ਕਰਕੇ ਗਰਮੀ ਦਾ ਅਹਿਸਾਸ ਹੀ ਨਹੀਂ ਹੋ ਰਿਹਾ, ਜਦੋਂ ਕਿ ਪਿਛਲੇ ਸਾਲਾਂ ਦੌਰਾਨ ਮਈ ਮਹੀਨੇ ਵਿੱਚ ਗਰਮੀ ਦਾ ਕਹਿਰ ਵਧ ਜਾਂਦਾ ਹੈ। ਇਸ ਵਾਰ ਠੰਢ ਦਾ ਹੀ ਅਸਰ ਹੈ ਕਿ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ ਕਾਫ਼ੀ ਹੇਠਾਂ ਚੱਲ ਰਹੀ ਹੈੇ ਅਤੇ ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ (Electricity in Punjab) ਦੇ ਸਾਰੇ ਯੂਨਿਟ ਬੰਦ ਕੀਤੇ ਹੋਏ ਹਨ। ਇੱਧਰ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਯੂਨਿਟ ਵੀ ਅੱਧੀ ਮਾਤਰਾ ’ਤੇ ਹੀ ਭਖੇ ਹੋਏ ਹਨ।

ਇਕੱਤਰ ਕੀਤੇ ਵੇਰਵਿਆਂ ਮੁਤਾਬਿਕ ਜੇਕਰ ਪਿਛਲੇ ਸਾਲ 1 ਮਈ 2022 ਦੀ ਗੱਲ ਕੀਤੀ ਜਾਵੇ ਤਾਂ ਇਸ ਦਿਨ ਬਿਜਲੀ ਦੀ ਵੱਧ ਤੋਂ ਵੱਧ ਮੰਗ 9374 ਮੈਗਾਵਾਟ ਸੀ ਜਦੋਂ ਕਿ ਇਸ ਸਾਲ 1 ਮਈ ਨੂੰ ਬਿਜਲੀ ਦੀ ਮੰਗ ਸਿਰਫ਼ 6337 ਮੈਗਾਵਾਟ ਦਰਜ ਕੀਤੀ ਗਈ ਹੈ। ਤਾਪਮਾਨ ਵਿੱਚ ਚੱਲ ਰਹੀ ਗਿਰਾਵਟ ਕਾਰਨ ਇਸ ਸਾਲ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ 3037 ਮੈਗਾਵਾਟ ਘੱਟ ਦਰਜ ਕੀਤੀ ਗਈ ਹੈ, ਜਿਸ ਕਾਰਨ ਪਾਵਰਕੌਮ ਲਈ ਵੱਡੀ ਰਾਹਤ ਬਣੀ ਹੋਈ ਹੈ।

ਪਿਛਲੇ ਸਾਲ 1 ਮਈ ਨੂੰ ਸੀ ਬਿਜਲੀ ਦੀ ਮੰਗ 9374 ਮੈਗਾਵਾਟ, ਇਸ ਸਾਲ ਮੰਗ ਸਿਰਫ਼ 6337 ਮੈਗਾਵਾਟ | Electricity in Punjab

ਅੱਜ 2 ਮਈ ਨੂੰ ਵੀ ਬਿਜਲੀ ਦੀ ਮੰਗ 6 ਹਜ਼ਾਰ ਮੈਗਾਵਾਟ ਦੇ ਨੇੜੇ ਤੇੜੇ ਬਣੀ ਹੋਈ ਹੈ। ਅਗਲੇ ਦਿਨਾਂ ਦੌਰਾਨ ਵੀ ਮੌਸਮ ਵਿੱਚ ਠੰਢਕ ਹੀ ਬਣੀ ਰਹੇਗੀ ਅਤੇ ਬਿਜਲੀ ਦੀ ਮੰਗ ਵਿੱਚ ਬਹੁਤਾ ਵਾਧਾ ਨਹੀਂ ਹੋਵੇਗਾ। ਪਾਵਰਕੌਮ ਵੱਲੋਂ ਸਰਕਾਰੀ ਥਰਮਲ ਪਲਾਂਟ ਰੋਪੜ ਅਤੇ ਲਹਿਰਾ ਮੁਹੱਬਤ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ। ਇਸੇ ਤਰ੍ਹਾਂ ਹੀ ਅੱਜ ਗੋਇੰਦਵਾਲ ਥਰਮਲ ਪਲਾਂਟ ਦਾ ਚੱਲ ਰਿਹਾ ਇੱਕ ਯੂਨਿਟ ਦੀ ਦੁਪਹਿਰ ਬੰਦ ਕਰ ਦਿੱਤਾ ਗਿਆ ਹੈ , ਜਦੋਂ ਕਿ ਇਸ ਥਰਮਲ ਦਾ ਇੱਕ ਯੂਨਿਟ ਪਹਿਲਾਂ ਹੀ ਬੰਦ ਸੀ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਨਹੀਂ ਮਿਲ ਰਿਹਾ ਮੁਆਵਜ਼ਾ, ਭਗਵੰਤ ਮਾਨ ਦੇ ਆਦੇਸ਼ਾਂ ਨੂੰ ਨਹੀਂ ਮੰਨ ਰਹੇ ਮਾਲ ਵਿਭਾਗ ਦੇ ਅਧਿਕਾਰੀ

ਮੌਜ਼ੂਦਾ ਸਮੇਂ ਰਾਜਪਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਭਖੇ ਹੋਏ ਹਨ ਅਤੇ ਇੱਥੋਂ 1121 ਮੈਗਾਵਾਟ ਬਿਜਲੀ ਉਤਪਾਦਨ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੀ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੇ ਯੂਨਿਟ ਚਾਲੂ ਹਨ ਅਤੇ ਇਹ ਅੱਧੀ ਉਤਪਾਦਨ ਸਮਰੱਥਾ ’ਤੇ ਭਖੇ ਹੋਏ ਹਨ। ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ 10 ਯੂਨਿਟ ਬੰਦ ਹਨ, ਜਦੋਂ ਕਿ 5 ਯੂਨਿਟ ਭਖੇ ਹੋਏ ਹਨ। ਪਾਵਰਕੌਮ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਮਈ ਮਹੀਨੇ ’ਚ ਬਣੀ ਠੰਢ ਪਾਵਰਕੌਮ ਲਈ ਬਿਜਲੀ ਖਰੀਦ ਪੱਖੋਂ ਵੀ ਸਹਾਈ ਸਾਬਤ ਹੋ ਰਹੀ ਹੈ, ਕਿਉਂਕਿ ਪਾਵਰਕੌਮ ਨੂੰ ਬਾਹਰ ਤੋਂ ਸਸਤੀ ਬਿਜਲੀ ਮਿਲ ਰਹੀ ਹੈ ਅਤੇ ਕੋਲੇ ਦੀ ਬੱਚਤ ਵੀ ਹੋਵੇਗੀ।

ਦਫ਼ਤਰਾਂ ਦਾ ਬਦਲਿਆ ਸਮਾਂ ਵੀ ਕਰੇਗਾ ਬੱਚਤ | Electricity in Punjab

ਇੱਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਕੀਤੀ ਤਬਦੀਲੀ ਕਾਰਨ ਵੀ ਬਿਜਲੀ ਦੀ ਬੱਚਤ ਹੋਵੇਗੀ। ਅੱਜ ਮੁੱਖ ਮੰਤਰੀ ਮਾਨ ਵੱਲੋਂ ਖੁਦ ਇਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜੂਨ-ਜੁਲਾਈ ਮਹੀਨੇ ਦੌਰਾਨ ਜਦੋਂ ਗਰਮੀ ਦਾ ਪੀਕ ਹੋਵੇਗਾ ਤਾਂ ਦਫ਼ਤਰਾਂ ਨੂੰ ਦੁਪਹਿਰ 2 ਵਜੇ ਛੁੱਟੀ ਪਾਵਰਕੌਮ ਲਈ ਸਹਾਈ ਸਾਬਤ ਹੋਵੇਗੀ।

ਇਹ ਵੀ ਪੜ੍ਹੋ: ਟਰੇਨ ਆਉਣ ’ਤੇ ਵੀ ਲੋਕ ਫਾਟਕ ਤੋਂ ਲੰਘਦੇ ਰਹੇ, ਕਰਾਸਿੰਗ ਦੇਖ ਕੇ ਪਾਇਲਟ ਨੇ ਲਾਈ ਬ੍ਰੇਕ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ