Moga News: ਬਿਜਲੀ ਮੁਲਾਜ਼ਮ ਤਿੰਨ ਦਿਨ ਦੀ ਸਮੂਹਿਕ ਛੁੱਟੀ ’ਤੇ, ਲੋਕਾਂ ਨੂੰ ਕਰਨਾ ਪੈ ਸਕਦਾ ਹੈ ਮੁਸ਼ਕਲਾਂ ਦਾ ਸਾਹਮਣਾ

Moga News
Moga News

(ਵਿੱਕੀ ਕੁਮਾਰ) ਮੋਗਾ। ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਕਾਮਿਆਂ ਦੀਆਂ 15 ਵਾਜਿਬ ਮੰਗਾਂ ਵੱਟੇ ਖਾਤੇ ਪਾਉਣ ਖਿਲਾਫ਼ ਅੱਜ ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼ ਦੇ ਸੱਦੇ ’ਤੇ ਸਾਰੇ ਬਿਜਲੀ ਕਾਮਿਆਂ ਵੱਲੋਂ ਤਿੰਨ ਦਿਨਾਂ ਸਮੂਹਿਕ ਛੁੱਟੀ ਭਰ ਕੇ ਮੋਗਾ ਦਫ਼ਤਰ ਦੇ ਗੇਟ ’ਤੇ ਰੋਸ ਰੈਲੀ ਪ੍ਰਧਾਨ ਮਨਜੋਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕੀਤੀ।

ਇਹ ਵੀ ਪੜ੍ਹੋ: Best School In Punjab : ਪੀਪੀਐਸ ਨਾਭਾ ਨੂੰ ਪੰਜਾਬ ਦਾ ਸਰਵੋਤਮ ਰਿਹਾਇਸ਼ੀ ਬੋਰਡਿੰਗ ਸਕੂਲ ਚੁਣਿਆ 

ਇਸ ਮੌਕੇ ਪ੍ਰਧਾਨ ਨੇ ਦੱਸਿਆ, 31 ਜੁਲਾਈ ਦੀ ਮੀਟਿੰਗ ਵਿੱਚ ਮੁਲਾਜ਼ਮ ਮੰਗਾਂ ’ਤੇ ਹੋਈਆਂ ਸਹਿਮਤੀਆਂ ਅਨੁਸਾਰ ਡਿਊਟੀ ਦੌਰਾਨ ਘਾਤਕ ਹਾਦਸੇ ਦਾ ਸ਼ਿਕਾਰ ਹੋਏ ਬਿਜਲੀ ਕਾਮਿਆਂ ਦੇ ਪੀੜਤ ਪਰਿਵਾਰਾਂ ਨੂੰ ਇਕ ਕਰੋੜ ਦੀ ਮੁਆਵਜ਼ਾ ਰਾਸ਼ੀ ਦੇਣ ਸਮੇਤ ਕਾਮੇ ਨੂੰ ਸ਼ਹੀਦ ਦਾ ਦਰਜਾ ਦੇਣ, ਹਾਦਸੇ ਦਾ ਸ਼ਿਕਾਰ ਹੋਏ ਕਾਮੇ ਨੂੰ ਕੈਸ਼ ਲੈਸ ਇਲਾਜ ਦੀ ਸੁਵਿਧਾ ਲਾਗੂ ਕਰਨ, ਹਾਦਸੇ ਦੌਰਾਨ ਕਰਮਚਾਰੀ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਸਬੰਧਤ ਕਰਮਚਾਰੀ (ਜੇ ਈ, ਲ. ਮ, ਸ. ਲ. ਮ ਆਦਿ) ਦੇ ਨਾਂਅ ਉੱਪਰ ਬਿਨਾਂ ਪੜਤਾਲ ਕੀਤੇ ਐਫ ਆਈ ਆਰ ਦਰਜ ਕਰਨ ਦੀ ਪਿਰਤ ਬੰਦ ਕਰਨ, ਹਜ਼ਾਰਾਂ ਦੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰਨ, ਆਰ ਟੀ ਐਮ ਦੀ ਤਰੱਕੀ ਤੁਰੰਤ ਕਰਨ, ਓ ਸੀ ਕੈਟਾਗਰੀ ਨੂੰ ਪੇ ਬੈਂਡ ਦੇਣ, ਸਲਮ ਤੋਂ ਲਮ ਦੀ ਤਰੱਕੀ ਕਰਨ, ਬਾਕੀ ਸਾਰੀਆਂ ਕੈਟੇਗਰੀਆਂ ਦੀ ਤਰੱਕੀਆਂ ਵਿੱਚ ਆਈ ਖੜੋਤ ਦੂਰ ਕਰਨ, ਇਨ ਹਾਊਸ ਕਾਂਟ੍ਰੈਕਟ ਕਾਮਿਆਂ ਨੂੰ ਰੈਗੂਲਰ ਕਰਨ, ਸੋਧੇ ਭੱਤਿਆਂ ਦਾ 32 ਮਹੀਨੇ ਦਾ ਬਕਾਇਆ ਜਾਰੀ ਕਰਨ,

ਰਹਿੰਦੇ ਭੱਤੇ ਜਿਵੇਂ ਹਾਰਡਸ਼ਿਪ ਭੱਤਾ ਆਦਿ ਨੂੰ ਸੋਧ ਕੇ ਲਾਗੂ ਕਰਨ, ਪੁਨਰ ਗਠਨ ਦੇ ਨਾਂਅ ’ਤੇ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਤੋਂ ਬਹਾਲ ਕਰਨ, 17 ਜੁਲਾਈ 2020 ਤੋਂ ਪਹਿਲਾਂ ਤਰਸ ਦੇ ਆਧਾਰ ’ਤੇ ਪ੍ਰਤੀ ਬੇਨਤੀ ਦੇਣ ਵਾਲੇ ਕਰਮਚਾਰੀਆਂ ਉੱਪਰ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ ਅਤੇ ਵਿੱਤ ਵਿਭਾਗ ਪੰਜਾਬ ਸਰਕਾਰ ਨਾਲ ਸਬੰਧਤ ਮਸਲੇ ਜਿਵੇਂ 23 ਸਾਲਾ ਅਡਵਾਂਸ ਤਰੱਕੀ ਦਾ ਮਿਲਾਨ ਤੀਸਰੀ ਤਰੱਕੀ ਸਮੇਂ ਕਰਨ, 01ਨਵੰਬਰ 2021 ਤੋਂ ਬਾਅਦ ਸਮਾਂਬੱਧ ਸਕੇਲ ਲਾਗੂ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਕਰਮਚਾਰੀਆਂ ਉੱਪਰ ਕੇਂਦਰੀ ਤਨਖਾਹ ਸਕੇਲਾਂ ਦੀ ਥਾਂ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, ਸੋਧੇ ਸਕੇਲਾਂ ਦੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਤਰੱਕੀ ਵਾਲੇ ਕਰਮਚਾਰੀਆਂ ਦੀ ਤਨਖਾਹ ਵਿੱਚ ਆਈਆਂ ਤਰੁੱਟੀਆਂ ਦੂਰ ਕਰਨ ਆਦਿ ਮੰਗਾਂ ਲਈ 15 ਅਗਸਤ ਤੱਕ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਨਾਲ ਗੱਲ ਕਰਕੇ ਮੰਨੀਆਂ ਮੰਗਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ।

ਕਾਲੇ ਝੰਡਿਆਂ ਨਾਲ ਰੋਸ ਵਿਖਾਵਾ ਕਰਨਗੇ ਬਿਜਲੀ ਮੁਲਾਜ਼ਮ

ਪਰ ਹੁਣ ਪਾਵਰ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਮੰਗਾਂ ਮੰਨਣ ਤੋਂ ਮੁਨਕਰ ਹੋ ਗਏ ਹਨ, ਮੰਗਾਂ ਲਾਗੂ ਕਰਨ ਦੀ ਥਾਂ ’ਤੇ ਵਰਕ ਟੂ ਰੂਲ ਅਨੁਸਾਰ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਐਸਮਾਂ ਵਰਗੇ ਕਾਲੇ ਕਾਨੂੰਨਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਕਰਕੇ ਬਿਜਲੀ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ ਅਤੇ ਮੈਨੇਜਮੈਂਟ / ਪੰਜਾਬ ਸਰਕਾਰ ਪ੍ਰਤੀ ਬੇ ਵਿਸ਼ਵਾਸੀ ਦਾ ਮਾਹੌਲ ਹੈ, ਇਸ ਲਈ ਬਿਜਲੀ ਕਾਮੇ 21 ਅਗਸਤ ਤੋਂ ਲਗਾਤਾਰ ਵਰਕ ਟੂ ਰੂਲ ਤਹਿਤ ਅਪਣੀ ਬਣਦੀ 8 ਘੰਟੇ ਦੀ ਡਿਊਟੀ ਹੀ ਕਰ ਰਹੇ ਹਨ ਅਤੇ 30 ਸਤੰਬਰ ਤੱਕ ਵਰਕ ਟੂ ਰੂਲ ਜਾਰੀ ਰੱਖਿਆ ਜਾਵੇਗਾ।

ਆਗੂਆਂ ਨੇ ਦੱਸਿਆ ਕਿ ਮਿਤੀ 10-09-24 ਤੋਂ 12-09-24 ਤੱਕ ਤਿੰਨ ਦਿਨ ਦੀ ਸਮੁੱਚੇ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਮੰਡਲ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਫੀਲਡ ਦੌਰੇ ਦੌਰਾਨ ਬਿਜਲੀ ਮੰਤਰੀ ਸਮੇਤ ਪੂਰੀ ਮੈਨੇਜਮੈਂਟ / ਡਾਇਰੈਕਟਰਾਂ ਖਿਲਾਫ਼ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ।

ਰੋਸ ਰੈਲੀ ਵਿੱਚ ਬੂਟਾ ਸਿੰਘ, ਸੁਖਮੰਦਰ ਸਿੰਘ, ਸਵਰਨ ਜੀਤ ਸਿੰਘ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ p&m, ਗੁਰਮੇਲ ਸਿੰਘ ਨਾਹਰ, ਚਮਕੌਰ ਸਿੰਘ, ਸਰਕਲ ਪ੍ਰਧਾਨ ਗੱਬਰ ਸਿੰਘ, ਅਮਰੀਕ ਸਿੰਘ ਮਸੀਤਾਂ, ਸਟੇਟ ਆਗੂ ਦਰਸ਼ਨ ਲਾਲ, ਬਲਵਿੰਦਰ ਸਿੰਘ ਉੱਭੀ, ਜਸਪਾਲ ਸਿੰਘ,ਪਲਵਿੰਦਰ ਸਿੰਘ, ਅਮਨਪ੍ਰੀਤ ਸਿੰਘ ਆਹੂਵਾਲੀਆ, ਤੇਜਾ ਸਿੰਘ, ਪਰਦੀਪ ਸਿੰਘ, ਕੁਲਵੰਤ ਸਿੰਘ ਧੱਲੇਕੇ ਬਿਜਲੀ ਨਿਗਮ ਦੀ ਮੈਨੇਜਮੈਂਟ / ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਟਕਰਾਅ ਦੀ ਨੀਤੀ ਛੱਡ ਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਲਦੀ ਲਾਗੂ ਨਾਂ ਕੀਤੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਨਾਲ ਸਮੁੱਚਾ ਬਿਜਲੀ ਤੰਤਰ ਪ੍ਰਭਾਵਿਤ ਹੋਵੇਗਾ। ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਹੋਵੇਗੀ। ਵੱਖ-ਵੱਖ ਆਗੂਆਂ ਨੇ ਸਮੁੱਚੇ ਬਿਜਲੀ ਕਾਮਿਆਂ/ਭਰਾਤਰੀ ਅਤੇ ਪੈਨਸ਼ਨਰ ਜਥੇਬੰਦੀਆਂ ਨੂੰ ਇਸ ਸਾਂਝੇ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਅਪਣਾ ਬਣਦਾ ਯੋਗਦਾਨ ਪਾਉਣ ਦੀ ਪੁਰਜ਼ੋਰ ਅਪੀਲ ਕੀਤੀ।