ਅਕਾਲੀ ਦਲ ਤੇ ਬਸਪਾ ਵੱਲੋਂ ਸੂਬੇ ਭਰ ਵਿੱਚ ਪੀਐਸਪੀਸੀਐਲ ਦੇ ਦਫ਼ਤਰਾਂ ਮੂਹਰੇ ਰੋਸ ਮੁਜ਼ਾਹਰੇ
- ਸੁਖਬੀਰ ਸਿੰਘ ਬਾਦਲ ਨੇ ਲੰਬੀ, ਫਾਜ਼ਿਲਕਾ ਤੇ ਜਲਾਲਾਬਾਦ ਵਿੱਚ ਦਿੱਤਾ ਧਰਨਾ ਤੇ ਹਰਸਿਮਰਤ ਨੇ ਬਠਿੰਡਾ ’ਚ
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਵਿੱਚ ਬਿਜਲੀ ਦੇ ਕੱਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਭਰ ਵਿੱਚ ਸ਼ੁੱਕਰਵਾਰ ਨੂੰ ਰੋਸ ਧਰਨੇ ਕਰਦੇ ਹੋਏ ਪੱਖੀਆਂ ਵੰਡਣ ਦੀ ਮੁਹਿੰਮ ਹੀ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨੇ ਵਾਲੀ ਥਾਂ ’ਤੇ ਨਾ ਸਿਰਫ਼ ਪੱਖੀਆਂ ਹੱਥਾਂ ਵਿੱਚ ਲੈ ਕੇ ਪ੍ਰਦਰਸ਼ਨ ਕੀਤਾ, ਸਗੋਂ ਮੌਕੇ ’ਤੇ ਗੁਜ਼ਰਨ ਵਾਲੇ ਆਮ ਲੋਕਾਂ ਨੂੰ ਇਹ ਪੱਖੀਆਂ ਨੂੰ ਵੀ ਵੰਡੀਆਂ ਗਈਆਂ। ਅੱਜ ਸੂਬੇ ਭਰ ਵਿੱਚ ਪੀਐਸਪੀਸੀਐਲ ਦੇ ਦਫ਼ਤਰਾਂ ਮੂਹਰੇ ਧਰਨੇ ਦਿੰਦੇ ਹੋਏ ਅਕਾਲੀ ਦਲ ਦੇ ਲੀਡਰਾਂ ਵਲੋਂ ਦੋਸ਼ ਲਗਾਇਆ ਗਿਆ ਕਿ ਕਾਂਗਰਸ ਸਰਕਾਰ ਵੱਲੋਂ ਜਾਣ ਬੁੱਝ ਕੇ ਕਿਸਾਨਾਂ ਨੂੰ 8 ਘੰਟੇ ਸਪਲਾਈ ਨਾ ਦੇਣ ਅਤੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਅਣਐਲਾਨੇ ਲੰਬੇ ਬਿਜਲੀ ਕੱਟ ਲਗਾਏ ਜਾ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੰਬੀ, ਫਾਜ਼ਿਲਕਾ ਤੇ ਘੁਬਾਇਆ ਵਿਖੇ ਰੋਸ ਧਰਨਾ ਦਿੱਤਾ ਤਾਂ ਬਿਕਰਮ ਮਜੀਠੀਆ ਵਲੋਂ ਅੰਮ੍ਰਿਤਸਰ ਵਿਖੇ ਧਰਨਾ ਦਿੱਤਾ ਗਿਆ। ਇਥੇ ਹੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਬਠਿੰਡਾ ਵਿਖੇ ਧਰਨਾ ਦਿੱਤਾ ਗਿਆ। ਇਨਾਂ ਲੀਡਰਾਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਬਿਜਲੀ ਦੇ ਹਾਲਾਤ ਅਤੇ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਢੁਕਵੀਂ ਬਿਜਲੀ ਸਪਲਾਈ ਕਰਨ ਲਈ ਇੱਕ ਵੀ ਸਮੀਖਿਆ ਮੀਟਿੰਗ ਨਹੀਂ ਕੀਤੀ ਗਈ।
ਜਿਸ ਕਾਰਨ ਹੀ ਪੰਜਾਬ ਵਿੱਚ ਇਸ ਸਮੇਂ ਇਹ ਸਥਿਤੀ ਪੈਦਾ ਹੋਈ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਨਹੀਂ ਦੇਣਾ ਚਾਹੁੰਦੀ, ਇਸੇ ਲਈ ਉਹ ਉਸ ਵੇਲੇ ਬਿਜਲੀ ਨਹੀਂ ਦੇ ਰਹੀ ਜਦੋਂ ਇਹਦੀ ਜਿਆਦਾ ਜ਼ਰੂਰਤ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਥਰਮਲ ਪਲਾਂਟਾਂ ਦੀ ਸਾਂਭ-ਸੰਭਾਲ ਵਾਸਤੇ ਕੋਈ ਕੋਸ਼ਿਸ਼ ਨਹੀਂ ਕੀਤੀ ਜਿਸ ਕਾਰਨ ਬਠਿੰਡਾ ਥਰਮਲ ਪਲਾਂਟ ਬੰਦ ਹੈ ਅਤੇ ਤਲਵੰਡੀ ਸਾਬੋ ਦਾ ਇੱਕ ਯੂਨਿਟ ਵੀ ਬੰਦ ਪਿਆ ਹੈ। ਉਨਾਂ ਕਿਹਾ ਕਿ ਇਹਦੇ ਉਲਟ ਅਕਾਲੀ ਦਲ ਦੀ ਸਰਕਾਰ ਵੇਲੇ ਕਿਸਾਨਾਂ ਨੂੰ ਹਮੇਸ਼ਾ 8 ਘੰਟੇ ਬਿਜਲੀ ਸਪਲਾਈ ਮਿਲੀ ਤਾਂ ਘਰੇਲੂ ਖਪਤਕਾਰਾਂ ਅਤੇ ਇੰਡਸਟਰੀ ਨੂੰ 24 ਘੰਟੇ ਬਿਜਲੀ ਮਿਲੀ ਸੀ ਪਰ ਇਸ ਸਰਕਾਰ ਵਿੱਚ ਇਹੋ ਜਿਹਾ ਕੁਝ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।