ਪੰਜਾਬ ‘ਚ ਚੋਣ ਜ਼ਾਬਤਾ ਖ਼ਤਮ, 17 ਨੂੰ ਵਿਧਾਇਕ ਚੁੱਕਣਗੇ ਸਹੁੰ, ਸੱਦਿਆ ਜਾਏਗਾ ਵਿਧਾਨ ਸਭਾ ਦਾ ਸੈਸ਼ਨ

Electoral Code ends

ਵਿਧਾਨ ਸਭਾ ਦੇ ਸਦਨ ਅੰਦਰ ਚੁਕਵਾਈ ਜਾਏਗੀ ਸਹੁੰ, ਸਪੀਕਰ ਦੀ ਕੀਤੀ ਜਾਏਗੀ ਚੋਣ

  • ਮਾਰਚ ਦੇ ਅੰਤ ਤੋਂ ਪਹਿਲਾਂ ਅੰਤਰਿਮ ਬਜਟ ਕੀਤਾ ਜਾਏਗਾ ਪੇਸ਼

(ਅਸ਼ਵਨੀ ਚਾਵਲਾ) ਚੰਡੀਗੜ। ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿੱਚ ਚੋਣ ਜ਼ਾਬਤੇ ਨੂੰ ਖ਼ਤਮ (Electoral Code Ends) ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਤੋਂ ਬਾਅਦ ਪੰਜਾਬ ਸਰਕਾਰ ਜਾਂ ਫਿਰ ਅਧਿਕਾਰੀ ਕਿਸੇ ਵੀ ਤਰਾਂ ਦਾ ਫੈਸਲਾ ਖ਼ੁਦ ਲੈ ਸਕਣਗੇ ਅਤੇ ਕਿਸੇ ਵੀ ਤਰਾਂ ਦੇ ਫੈਸਲੇ ਭਾਰਤੀ ਚੋਣ ਕਮਿਸ਼ਨ ਵੱਲੋਂ ਇਜਾਜ਼ਤ ਲੈਣ ਲਈ ਜਾਣ ਦੀ ਜਰੂਰਤ ਨਹੀਂ ਪਏਗੀ। ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਵਾਪਸ ਲੈਣ ਤੋਂ ਤੁਰੰਤ ਬਾਅਦ ਹੀ ਸੰਸਦੀ ਕਾਰਜ ਵਿਭਾਗ ਵੱਲੋਂ ਵਿਧਾਨ ਸਭਾ ਸੈਸ਼ਨ ਸੱਦਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ 17 ਮਾਰਚ ਤੋਂ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਏਗਾ।

16 ਮਾਰਚ ਨੂੰ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੋਣ ਤੋਂ ਬਾਅਦ 17 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਸਾਰੇ ਵਿਧਾਇਕ ਸਹੰੂ ਚੁੱਕਣਗੇ। ਵਿਧਾਨ ਸਭਾ ਦੇ ਅੰਦਰ ਬਤੌਰ ਵਿਧਾਇਕ ਭਗਵੰਤ ਮਾਨ ਤੋਂ ਸਹੁੰ ਚੁੱਕਣ ਦੀ ਸ਼ੁਰੂਆਤ ਕੀਤੀ ਜਾਏਗੀ ਅਤੇ ਉਸ ਤੋਂ ਬਾਅਦ ਸਾਰੇ ਕੈਬਨਿਟ ਮੰਤਰੀ ਬਤੌਰ ਵਿਧਾਇਕ ਸਹੁੰ ਚੁੱਕਣਗੇ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਦੇ ਰੂਪ ਵਿੱਚ ਕਾਂਗਰਸੀ ਵਿਧਾਇਕ ਨੂੰ ਸਹੰੂ ਚੁਕਵਾਈ ਜਾਏਗੀ ਤਾਂ ਇਸ ਤੋਂ ਬਾਅਦ ਮਹਿਲਾ ਵਿਧਾਇਕਾਂ ਨੂੰ ਸਹੁੰ ਚੁਕਵਾਈ ਜਾਏਗੀ।

ਹਰ ਸਿਆਸੀ ਪਾਰਟੀ ਦੀ ਮਹਿਲਾ ਵਿਧਾਇਕਾਂ ਨੂੰ ਸਹੁੰ ਚੁਕਵਾਉਣ ਤੋਂ ਬਾਅਦ ਜ਼ਿਲ੍ਹੇ ਅਨੁਸਾਰ ਵਿਧਾਇਕਾਂ ਨੂੰ ਸਹੁੰ ਚੁਕਵਾਈ ਜਾਏਗੀ। ਜਿਸ ਤੋਂ ਬਾਅਦ ਅਧਿਕਾਰਤ ਤੌਰ ’ਤੇ 16ਵੀ ਵਿਧਾਨ ਸਭਾ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ। ਵਿਧਾਨ ਸਭਾ ਦੇ ਅੰਦਰ ਸਹੁੰ ਚੁੱਕ ਸਮਾਗਮ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਤਾਇਨਾਤ ਕੀਤੇ ਜਾਣ ਵਾਲੇ ਪ੍ਰੋ ਟੈਮ ਸਪੀਕਰ ਵੱਲੋਂ ਕਾਰਵਾਈ ਨੂੰ ਚਲਾਇਆ ਜਾਏਗਾ ਅਤੇ ਇਥੇ ਹੀ ਪੱਕੇ ਤੌਰ ’ਤੇ ਸਪੀਕਰ ਦੀ ਚੋਣ ਅਗਲੀ ਬੈਠਕ ਤੋਂ ਪਹਿਲਾਂ ਕਰ ਲਈ ਜਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ