(Election Violence ) ਅਕਾਲੀ ਦਲ ਨੇ ਅਣਪਛਾਤਿਆਂ ਤੇ ਲਾਏ ਦੋਸ਼
- ਥਾਣਾ ਕੈਨਾਲ ਕਲੋਨੀ ਦੀ ਪੁਲਿਸ ਕਰ ਰਹੀ ਹੈ ਜਾਂਚ
(ਸੁਖਜੀਤ ਮਾਨ) ਬਠਿੰਡਾ। ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ ਭਾਵੇਂ ਸਵੇਰ ਵੇਲੇ ਵੋਟਾਂ ਦੀ ਸ਼ੁਰੂਆਤ ਸ਼ਾਂਤਮਈ ਢੰਗ ਨਾਲ ਹੋਈ ਸੀ ਪਰ ਬਾਅਦ ਦੁਪਹਿਰ ਨਰੂਆਣਾ ਰੋਡ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਅਣਪਛਾਤਿਆਂ ਚ ਟਕਰਾਅ ਹੋਣ ਦਾ ਪਤਾ ਲੱਗਿਆ ਹੈ। ਇਸ ਟਕਰਾਅ ਦੌਰਾਨ ਇਕ ਧਿਰ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ ਹਨ । ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਵੱਲੋਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਬਾਰੇ ਵੀ ਜਾਣਕਾਰੀ ਮਿਲੀ ਹੈ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਕੱਲ੍ਹ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਖ਼ਦਸ਼ਾ ਜਤਾਇਆ ਸੀ ਕਿ ਹਲਕੇ ਤੋਂ ਬਾਹਰਲੇ ਬੰਦੇ ਸ਼ਹਿਰ ਵਿੱਚ ਮੌਜੂਦ ਹਨ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ। ਅੱਜ ਨਰੂਆਣਾ ਰੋਡ ਤੇ ਕੁਝ ਅਣਪਛਾਤਿਆਂ ਜਿਨ੍ਹਾਂ ਨੂੰ ਬਾਹਰੀ ਹਲਕੇ ਦੇ ਦੱਸਿਆ ਜਾ ਰਿਹਾ ਹੈ ਉਨ੍ਹਾਂ ਦਾ ਅਕਾਲੀ ਵਰਕਰਾਂ ਨਾਲ ਟਕਰਾਅ ਹੋ ਗਿਆ । ਪਤਾ ਲੱਗਿਆ ਹੈ ਕਿ ਇਸ ਟਕਰਾਅ ਦੌਰਾਨ ਹਵਾਈ ਫਾਇਰਿੰਗ ਵੀ ਹੋਈ ਹੈ। ਹਵਾਈ ਫਾਇਰ ਕਿਸ ਵੱਲੋਂ ਕੀਤੇ ਗਏ ਇਸ ਦਾ ਹਾਲੇ ਕੁਝ ਪਤਾ ਨਹੀਂ ਲੱਗਿਆ ।
ਇਸ ਮੌਕੇ ਇਕ ਗੱਡੀ ਦੇ ਸ਼ੀਸ਼ਿਆਂ ਨੂੰ ਬੇਸਬਾਲ ਬੈਟ ਨਾਲ ਭੰਨਣ ਦੀ ਕੋਸ਼ਿਸ਼ ਵੀ ਕੀਤੀ ਗਈ । ਇਸ ਮਾਮਲੇ ‘ਚ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਸਾਬਕਾ ਕੌਂਸਲਰ ਹਰਜਿੰਦਰ ਸਿੰਘ ਟੋਨੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਫਾਇਰਿੰਗ ਸਬੰਧੀ ਪੁੱਛੇ ਜਾਣ ਤੇ ਉਹਨਾਂ ਦੱਸਿਆ ਕਿ ਕਿਹਾ ਜਾ ਰਿਹਾ ਹੈ ਕਿ ਹਵਾਈ ਫਾਇਰਿੰਗ ਕੀਤੀ ਗਈ ਹੈ, ਇਸਦੀ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਹੋਰ ਕਿਸੇ ਵੀ ਧਿਰ ਵੱਲੋਂ ਇਸ ਮਾਮਲੇ ਤੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਜਿਸਦੀ ਉਡੀਕ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ