Fire Accident: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਕੜਾਕੇ ਦੀ ਠੰਢ ਤੋਂ ਬਚਣ ਲਈ ਬੱਠਲ ਵਿੱਚ ਅੱਗ ਜਲਾ ਕੇ ਹੱਥ ਸੇਕ ਰਹੀ 85 ਸਾਲਾ ਬਜ਼ੁਰਗ ਮਹਿਲਾ ਕੌਸ਼ਲਿਆ ਦੇਵੀ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਉਸ ਦੀ ਛੋਟੀ ਨੂੰਹ ਗੁਰਦੀਪ ਕੌਰ (ਅਮਨ) ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 4 ਵਜੇ ਕੌਸ਼ਲਿਆ ਦੇਵੀ ਆਪਣੇ ਵੱਡੇ ਪੁੱਤਰ ਸ਼ਿੰਦੇ ਨਾਲ ਘਰ ਵਿੱਚ ਬੱਠਲ ਵਿੱਚ ਅੱਗ ਜਲਾ ਕੇ ਹੱਥ ਸੇਕ ਰਹੀ ਸੀ।
ਇਹ ਵੀ ਪੜ੍ਹੋ: Amar Noori Threat: ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ, ਪੁਲਿਸ ਜਾਂਚ ’ਚ ਜੁਟੀ
ਇਸ ਦੌਰਾਨ ਉਸ ਨੇ ਪੁੱਤਰ ਨੂੰ ਘਰ ਦਾ ਕੁਝ ਸਮਾਨ ਲਿਆਉਣ ਲਈ ਦੁਕਾਨ ਭੇਜ ਦਿੱਤਾ। ਪੁੱਤਰ ਦੇ ਜਾਣ ਮਗਰੋਂ ਕੌਸ਼ਲਿਆ ਦੇਵੀ ਨੇ ਬੱਠਲ ਨੂੰ ਨੇੜੇ ਕਰਨ ਲਈ ਇੱਕ ਖੂੰਟੀ (ਡੰਡੇ) ਦੀ ਮੱਦਦ ਨਾਲ ਆਪਣੇ ਵੱਲ ਖਿਸਕਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਅਚਾਨਕ ਉਸ ਦਾ ਸ਼ਾਲ ਬੱਠਲ ਵਿੱਚ ਡਿੱਗ ਪਿਆ ਅਤੇ ਉਸ ਨੂੰ ਅੱਗ ਲੱਗ ਗਈ। ਅੱਗ ਤੁਰੰਤ ਭੜਕ ਉੱਠੀ ਅਤੇ ਬਜ਼ੁਰਗ ਮਹਿਲਾ ਉਸ ਨੂੰ ਸੰਭਾਲ ਨਾ ਸਕੀ, ਜਿਸ ਨਾਲ ਉਸ ਦਾ ਸਾਰਾ ਸਰੀਰ ਅੱਗ ਦੀ ਲਪੇਟ ਵਿੱਚ ਆ ਗਿਆ। ਗੁਰਦੀਪ ਕੌਰ ਨੇ ਦੱਸਿਆ ਕਿ ਉਸ ਦੀ ਸੱਸ ਪਿਛਲੇ ਤਿੰਨ ਮਹੀਨਿਆਂ ਤੋਂ ਬਿਮਾਰ ਸੀ ਅਤੇ ਚੱਲ-ਫਿਰ ਨਹੀਂ ਸਕਦੀ ਸੀ। ਕੁਝ ਦੇਰ ਬਾਅਦ ਜਦੋਂ ਪੁੱਤਰ ਘਰ ਵਾਪਸ ਆਇਆ ਤਾਂ ਉਸ ਨੇ ਆਪਣੀ ਸੜਦੀ ਮਾਂ ਨੂੰ ਸੰਭਾਲਿਆ ਅਤੇ ਤੁਰੰਤ ਸੁਨਾਮ ਸਿਵਲ ਹਸਪਤਾਲ ਲੈ ਗਿਆ। ਉਥੋਂ ਡਾਕਟਰਾਂ ਨੇ ਹਾਲਤ ਗੰਭੀਰ ਦੇਖਦਿਆਂ ਪਟਿਆਲਾ ਰੈਫਰ ਕਰ ਦਿੱਤਾ, ਪਰ ਪਟਿਆਲਾ ਪਹੁੰਚਦੇ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।













