21 ਨੂੰ ਰੈਲੀ ਦੌਰਾਨ ਮਹਿੰਦਰ ਕੌਰ ਹੋਈ ਸੀ ਬਿਮਾਰ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ (ਸੱਚ ਕਹੂੰ)) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਐਤਵਾਰ ਨੂੰ ਸੁਨਾਮ ਦੀ ਅਨਾਜ ਮੰਡੀ ‘ਚ ਕੀਤੀ ਗਈ ਰੈਲੀ ਦੌਰਾਨ ਬਿਮਾਰ ਹੋਈ ਪਿੰਡ ਗੰਢੂਆਂ ਦੀ ਬਜੁਰਗ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬਜੁਰਗ ਮਹਿਲਾ ਦੀ ਰੈਲੀ ਦੌਰਾਨ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ ਜਿਸ ਨੂੰ ਪਹਿਲਾਂ ਪਿੰਡ ਦੇ ਹੀ ਇੱਕ ਡਾਕਟਰ ਤੋਂ ਦਵਾਈ ਦਿਵਾਈ ਗਈ ਪ੍ਰੰਤੂ ਹਾਲਤ ‘ਚ ਸੁਧਾਰ ਨਾ ਹੋਣ ’ਤੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰ ਵੱਲੋਂ ਉਸ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਪ੍ਰੰਤੂ ਇਲਾਜ ਦੌਰਾਨ ਪਟਿਆਲਾ ਦੇ ਹਸਪਤਾਲ ਵਿਖੇ ਬਜੁਰਗ ਮਹਿਲਾ ਨੇ ਦਮ ਤੋੜ ਦਿੱਤਾ।
ਪਿੰਡ ਗੰਢੂਆਂ ਦੇ ਨਿਵਾਸੀ ਅਜੈਬ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ ਉਹ ਅਤੇ ਉਸ ਦੀ ਮਾਤਾ ਮਹਿੰਦਰ ਕੌਰ 21 ਮਾਰਚ ਨੂੰ ਸੁਨਾਮ ਵਿਖੇ ਕਿਸਾਨ ਰੈਲੀ ’ਚ ਗਏ ਜਿੱਥੇ ਉਸ ਦੀ ਮਾਤਾ ਦੀ ਤਬੀਅਤ ਖ਼ਰਾਬ ਹੋਣ ਕਾਰਨ ਚੱਕਰ ਆਉਣ ਲੱਗ ਪਏ ਅਤੇ ਉਹ ਆਪਣੇ ਪਿੰਡ ਵਾਪਸ ਚਲੇ ਗਏ ਜਿੱਥੇ ਉਨ੍ਹਾਂ ਪਿੰਡ ਦੇ ਡਾਕਟਰ ਤੋਂ ਇਲਾਜ ਕਰਵਾਇਆ ਪ੍ਰੰਤੂ ਅਗਲੇ ਦਿਨ ਦੁਬਾਰਾ ਤਬੀਅਤ ਖ਼ਰਾਬ ਹੋਣ ’ਤੇ ਉਨ੍ਹਾਂ ਆਪਣੀ ਮਾਤਾ ਨੂੰ ਲਹਿਰਾ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ
ਜਿੱਥੇ ਉਨ੍ਹਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਜਿੱਥੇ ਇਲਾਜ ਦੌਰਾਨ ਉਨ੍ਹਾਂ ਦਮ ਤੋੜ ਦਿੱਤਾ। ਥਾਣਾ ਧਰਮਗੜ੍ਹ ਦੀ ਪੁਲਿਸ ਨੇ ਅਜੈਬ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਕਿਸਾਨ ਯੂਨੀਅਨ ਦੇ ਆਗੂ ਦਰਬਾਰਾ ਸਿੰਘ ਨੇ ਕਿਹਾ ਕਿ ਬਜੁਰਗ ਮਾਤਾ ਮਹਿੰਦਰ ਕੌਰ ਦੀ ਮੌਤ ਕਿਸਾਨ ਅੰਦੋਲਨ ‘ਚ ਹੋਈ ਹੈ। ਉਨ੍ਹਾਂ ਨੂੰ ਸਰਕਾਰ ਵੱਲੋਂ ਮੁਆਵਜਾ ਦਿੱਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.