ਰਾਮਪੁਰਾ ਨੇੜਲੇ ਪਿੰਡ ਬਦਿਆਲਾ ’ਚ ਵਾਪਰੀ ਘਟਨਾ | Elderly Couple Murder
Elderly Couple Murder: (ਸੁਖਜੀਤ ਮਾਨ) ਬਠਿੰਡਾ। ਜ਼ਿਲ੍ਹਾ ਬਠਿੰਡਾ ਦੇ ਥਾਣਾ ਸਦਰ ਰਾਮਪੁਰਾ ਤਹਿਤ ਪੈਂਦੇ ਪਿੰਡ ਬਦਿਆਲਾ ਵਿਖੇ ਲੰਘੀ ਦੇਰ ਰਾਤ ਖੇਤਾਂ ਵਿੱਚ ਰਹਿੰਦੇ ਇੱਕ ਬਜ਼ੁਰਗ ਜੋੜੇ ਦਾ ਅਣਪਛਾਤਿਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਮੁਲਜ਼ਮਾਂ ਦੀ ਭਾਲ ’ਚ ਜੁਟ ਗਈ ਹੈ ਪਰ ਹਾਲੇ ਤੱਕ ਕਾਤਲਾਂ ਦੀ ਕੋਈ ਭਿਣਕ ਨਹੀਂ ਪਈ।
ਇਹ ਵੀ ਪੜ੍ਹੋ: Crime News: ਅਸਲੇ ਦੇ ਜ਼ੋਰ ’ਤੇ ਮਹਿੰਗੀਆਂ ਕਾਰਾਂ ਲੁੱਟਣ ਵਾਲੇ ਅੱਠ ਜਣੇ ਕਾਬੂ
ਵੇਰਵਿਆਂ ਮੁਤਾਬਿਕ ਪਿੰਡ ਬਦਿਆਲਾ ਦੇ ਖੇਤਾਂ ਵਿੱਚ ਬਣੀ ਇੱਕ ਢਾਹਣੀ ਵਿੱਚ ਰਹਿੰਦੇ ਇੱਕ ਬਜ਼ੁਰਗ ਜੋੜੇ ਕਿਆਸ ਸਿੰਘ ਤੇ ਉਸਦੀ ਪਤਨੀ ਅਮਰਜੀਤ ਕੌਰ (ਕਰੀਬ 60-62 ਸਾਲ) ਦਾ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਕਤਲ ਦਾ ਪਤਾ ਉਦੋਂ ਲੱਗਿਆ ਜਦੋਂ ਮ੍ਰਿਤਕ ਜੋੜੇ ਦਾ ਪੁੱਤਰ ਜੋ ਦਿੱਲੀ ਵਿਖੇ ਨੌਕਰੀ ਕਰਦਾ ਹੈ, ਨੇ ਕੱਲ੍ਹ ਜਦੋਂ ਘਰ ਆਪਣੇ ਮਾਪਿਆਂ ਨੂੰ ਫੋਨ ਕੀਤਾ ਤਾਂ ਅੱਗੋਂ ਕਿਸੇ ਨੇ ਫੋਨ ਨਹੀਂ ਚੁੱਕਿਆ।
ਫੋਨ ਨਾ ਚੁੱਕੇ ਜਾਣ ’ਤੇ ਉਸਨੇ ਪਿੰਡ ਵਿੱਚ ਕਿਸੇ ਹੋਰ ਨੂੰ ਫੋਨ ਕਰਕੇ ਘਰ ਭੇਜਿਆ ਤਾਂ ਅੱਗੇ ਦੋਵੇਂ ਜਣਿਆਂ ਦਾ ਬੇਰਹਿਮੀ ਨਾਲ ਕਤਲ ਕੀਤਾ ਪਿਆ ਸੀ। ਕਤਲ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਜਾਂਚ ਕੀਤੀ। ਥਾਣਾ ਸਦਰ ਰਾਮਪੁਰਾ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਬਜੁਰਗ ਜੋੜੇ ਦੇ ਕਤਲ ਮਾਮਲੇ ਵਿੱਚ ਮ੍ਰਿਤਕਾਂ ਦੀ ਬੇਟੀ ਕਿਰਨਜੀਤ ਕੌਰ ਪਤਨੀ ਹਰਿੰਦਰ ਸਿੰਘ ਵਾਸੀ ਬੱਲ੍ਹੋ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਲਦ ਸੁਲਝਾਈ ਜਾਵੇਗੀ ਕਤਲ ਦੀ ਗੁੱਥੀ : ਐੱਸਪੀ
ਐੱਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਦੂਹਰੇ ਕਤਲ ਸਬੰਧੀ ਥਾਣਾ ਸਦਰ ਰਾਮਪੁਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਇਆ ਜਾਵੇਗਾ, ਜਿਸ ਲਈ ਵੱਖ-ਵੱਖ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ।