ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੋਂ ਬਾਅਦ ਅੱਜ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਲੁਧਿਆਣਾ ਨੇ ਮੁੜ ਬੱਲੇ- ਬੱਲੇ ਕਰਵਾ ਦਿੱਤੀ ਹੈ। ਜ਼ਿਲ੍ਹੇ ਦੀ ਬੱਲੇ- ਬੱਲੇ ਕਰਵਾਉਣ ਦਾ ਸ਼ਿਹਰਾ ਇਸ ਵਾਰ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਨੂੰ ਜਾਂਦਾ ਹੈ। ਜਿਸ ਨੇ ਬਾਰ੍ਹਵੀਂ ਜਮਾਤ ’ਚੋਂ ਸੌ ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸ਼ਲ ਕੀਤਾ ਹੈ। ਜਦਕਿ ਦੂਜੇ ’ਤੇ ਮੁਕਤਸਰ ਜ਼ਿਲ੍ਹੇ ਦੇ ਰਵੀਉਦੈ ਸਿੰਘ ਅਤੇ ਤੀਜੇ ਸਥਾਨ ’ਤੇ ਬਠਿੰਡਾ ਜ਼ਿਲ੍ਹੇ ਦੇ ਅਸ਼ਵਨੀ ਨੇ ਕਬਜ਼ਾ ਕਰ ਲਿਆ ਹੈ। (PSEB Result)
ਪੰਜਾਬ ਵਿੱਚੋਂ ਪਹਿਲੇ ਸਥਾਨ ’ਤੇ ਆਉਣ ਵਾਲਾ ਏਕਮਪ੍ਰੀਤ ਸਿੰਘ ਬੀ.ਸੀ.ਅੇੱਮ. ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਕਲੋਨੀ, ਫੋਕਲ ਪੁਆਇੰਟ ਲੁਧਿਆਣਾ ਦਾ ਵਿਦਿਆਰਥੀ ਹੈ। ਜਿਸ ਨੇ ਬਾਰ੍ਹਵੀਂ ਜਮਾਤ ਵਿੱਚੋਂ 500/500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸ਼ਲ ਕੀਤਾ ਹੈ। ਸਕੂਲ ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਦੇ ਪੰਜਾਬ ਵਿੱਚ ਟਾਪ ਕੀਤੇ ਜਾਣ ਦੀ ਸੂਚਨਾ ਮਿਲਦਿਆਂ ਹੀ ਸਕੂਲ ਪ੍ਰਿੰਸੀਪਲ ਤੇ ਪ੍ਰਬੰਧਕਾਂ ਤੋਂ ਇਲਾਵਾ ਵਿਦਿਆਰਥੀ ਦੇ ਮਾਪਿਆਂ ਤੇ ਸਨੇਹੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਮਾਪੇ ਢੋਲ ਲੈ ਕੇ ਸਕੂਲ ਵਿਹੜੇ ਪੁੱਜ ਗਏ। ਜਿੱਥੇ ਏਕਮਪ੍ਰੀਤ ਸਿੰਘ ਤੇ ਉੁਸਦੇ ਮਾਪਿਆਂ ਨੇ ਨੱਚ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਦੱਸ ਦਈਏ ਕਿ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਦੌਰਾਨ ਹੋਈ ਸੀ। ਜਿਸ ਦੇ ਨਤੀਜਿਆਂ ਦਾ ਵਿਦਿਆਰਥੀਆਂ ਵੱਲੋਂ ਬੇਸ਼ਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਸੀ। (PSEB Result)
ਇਹ ਵੀ ਪੜ੍ਹੋ : ਵਿਦਿਆਰਥੀ ਲਈ ਜ਼ਰੂਰੀ ਖਬਰ, ਇਹ ਸੂਬੇ ’ਚ 12ਵੀਂ ਬੋਰਡ ਦੇ ਨਤੀਜਿਆਂ ਦਾ ਐਲਾਨ, ਵੇਖੋ
ਬੀ.ਸੀ.ਅੇੱਮ. ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਨੀਰੂ ਗੌੜਾ ਨੇ ਏਕਮਪੀ੍ਰਤ ਸਿੰਘ ਨੂੰ ਵਧਾਈ ਦਿੰਦਿਆਂ ਅਗਲੇਰੀ ਪੜ੍ਹਾਈ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਏਕਮਪ੍ਰੀਤ ਸਿੰਘ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ। ਜਿਸ ਦਾ ਸਬੂਤ ਉਸਨੇ ਪੰਜਾਬ ’ਚ ਟਾਪ ਕਰਕੇ ਦੇ ਦਿੱਤਾ ਹੈ। ਜਿਸ ’ਤੇ ਉਨ੍ਹਾਂ ਨੂੰ ਮਾਣ ਹੈ।