ਸਾਡੇ ਨਾਲ ਸ਼ਾਮਲ

Follow us

12.1 C
Chandigarh
Sunday, January 18, 2026
More
    Home Uncategorized ਸਰਕਾਰਾਂ ਸਾਹਮਣ...

    ਸਰਕਾਰਾਂ ਸਾਹਮਣੇ ਝੋਲੀ ਅੱਡਦਾ ਤੁਰ ਗਿਆ ਈਦੂ ਸ਼ਰੀਫ਼

    Eid Sharif ,  Government, Sufi, Singer

    ਸ੍ਰੋਮਣੀ ਢਾਡੀ ਅਵਾਰਡ ਮੌਕੇ ਮੰਤਰੀਆਂ ਅੱਗੇ ਝੋਲੀ ਅੱਡ ਕੇ ਵੀ ਈਦੂ ਸ਼ਰੀਫ਼ ਦੇ ਕਿਸੇ ਜੀਅ ਨੂੰ ਨਾ ਮਿਲਿਆ ਰੁਜ਼ਗਾਰ

    ਉੱਚੀ ਹੇਕ ਲਾਉਣ ਵਾਲੇ ਈਦੂ ਸ਼ਰੀਫ਼ ਲਈ ਗੁਰਬਤ ਦੀ ਜਿੰਦਗੀ ਬਣੀ ਮੌਤ ਦਾ ਕਾਰਨ

    ਖੁਸ਼ਵੀਰ ਸਿੰਘ ਤੂਰ/ਪਟਿਆਲਾ। ਸ੍ਰੋਮਣੀ ਸੂਫੀ ਢਾਡੀ ਗਾਇਕ ਮੁਹੰਮਦ ਈਦੂ ਸਰੀਫ਼ ਅਤੇ ਉਸ ਦੀ ਸਾਰੰਗੀ ਅੱਜ ਸਦਾ ਲਈ ਸਪੁਰਦ-ਏ-ਖਾਕ ਹੋ ਗਈ। ਉਂਜ ਸਰੰਗੀ ਦੀਆਂ ਮਿੱਠੀਆਂ ਧੁਨਾਂ ਤੇ ਈਦੂ ਸਰੀਫ਼ ਤੇ ਗਾਏ ਗੀਤ ਹਮੇਸ਼ਾ ਹੀ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਗਵਾਹੀ ਭਰਦੇ ਰਹਿਣਗੇ। ਕੁਝ ਸਾਲ ਪਹਿਲਾ ਮਿਲੇ ਸ੍ਰੋਮਣੀ ਢਾਡੀ ਪੁਰਸਕਾਰ ਮੌਕੇ ਈਦੂ ਸਰੀਫ਼ ਵੱਲੋਂ ਉਕਤ ਸਮੇਂ ਦੇ ਵਜੀਰਾਂ ਅੱਗੇ ਆਪਣੇ ਪੁੱਤਰਾਂ ਲਈ ਝੋਲੀ ਅੱਡ ਕੇ ਮੰਗੇ ਰੁਜ਼ਗਾਰ ਦੀ ਮੰਗ ਕਈ ਸਾਲ ਬੀਤਣ ਦੇ ਬਾਵਜੂਦ ਪੂਰੀ ਨਾ ਹੋਈ। ਸੂਫੀ ਢਾਡੀ ਇੰਦੂ ਸਰੀਫ਼ ਨੂੰ ਦੇਸ਼ਾਂ ਵਿਦੇਸ਼ਾਂ ਚੋਂ ਵੀ ਚੰਗਾ ਮਾਣ ਮਿਲਿਆ ਹੈ। ਈਦੂ ਸਰੀਫ਼ ਦੀ ਮੌਤ ਤੋਂ ਬਾਅਦ ਉਸ ਵੱਲੋਂ ਅਪਣਾਏ ਰਵਾਇਤੀ ਸੱਭਿਆਚਾਰ ਅਤੇ ਉਸਦੇ ਚਾਹੁਣ ਵਾਲਿਆਂ ਨੂੰ ਵੱਡੀ ਸੱਟ ਵੱਜੀ ਹੈ।

    ਇਕੱਤਰ ਵੇਰਵਿਆਂ ਮੁਤਾਬਿਕ 75 ਸਾਲਾਂ ਦੇ ਮੁਹੰਮਦ ਸ਼ਰੀਫ਼ ਈਦੂ ਦੇ ਪਿਤਾ ਈਦੂ ਪਟਿਆਲਾ ਘਰਾਣਾ ਨਾਲ ਜੁੜੇ ਹੋਏ ਗਾਇਕ ਸਨ, ਜਿਸ ਕਰਕੇ ਉਨ੍ਹਾਂ ਨੂੰ ਸੰਗੀਤ ਦੀ ਗੁੜਤੀ ਵਿਰਸੇ ‘ਚੋਂ ਹੀ ਮਿਲੀ। ਉਨ੍ਹਾਂ ਨੇ ਆਪਣੇ ਪਿਤਾ ਦੇ ਨਾਮ ‘ਈਦੂ’ ਨੂੰ ਆਪਣਾ ਤਖ਼ੱਲਸ ਬਣਾ ਲਿਆ ਅਤੇ ਢੱਡ-ਸਾਰੰਗੀ ਨਾਲ ਲੋਕ ਰੰਗ ਗਾ ਕੇ ਪ੍ਰਸਿੱਧੀ ਪ੍ਰਾਪਤ ਕੀਤੀ। ਈਦੂ ਸ਼ਰੀਫ਼ ਪੰਜਾਬੀ ਕਵਿਤਾ ਤੇ ਗਾਇਕੀ ਦੇ ਅਨੂਠੇ ਰੂਪ, ਅਲਬੇਲੇ ਛੰਦ ਅਤੇ ਦਿਲਾਂ ਨੂੰ ਧੂਹ ਪਾਉਣ ਵਾਲੀ ਤਰਜ਼ ‘ਕਲੀ’ ਨੂੰ ਸਾਰੰਗੀ ਦੀਆਂ ਸੁਰਾਂ ਦੇ ਸਹਾਰੇ ਗਾਉਣ ਵਾਲੇ ਉੱਘੇ ਢਾਡੀ ਸਨ। 12 ਮਾਰਚ 2016 ‘ਚ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਸ੍ਰੋਮਣੀ ਢਾਡੀ ਪੁਰਸਕਾਰ ਦੇ ਕੇ ਨਵਾਜਿਆ ਗਿਆ ਸੀ। ਪੰਜਾਬੀ ਯੂਨੀਵਰਸਿਟੀ ਵਿਖੇ ਹੋਏ।

    ‘ਜਿੰਦਗੀ ਦੇ ਰੰਗ ਸੱਜਣਾ, ਅੱਜ ਹੋਰ ਤੇ ਕੱਲ੍ਹ ਨੂੰ ਹੋਰ’ ਗੀਤ ਦੇ ਬੋਲ ਖੁਦ ਈਦੂ ਸ਼ਰੀਫ਼ ‘ਤੇ ਹੀ ਢੁਕੇ

    ਸਮਾਗਮ ਦੌਰਾਨ ਸ੍ਰੋਮਣੀ ਪੁਰਸਕਾਰ ਪ੍ਰਾਪਤ ਕਰਨ ਮੌਕੇ ਈਦੂ ਸਰੀਫ਼ ਵੱਲੋਂ ਉਸ ਸਮੇਂ ਦੇ ਉਚੇਰੀ ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਹੋਰਨਾਂ ਅਧਿਕਾਰੀਆਂ ਅੱਗੇ ਧੰਨਵਾਦ ਕਰਦਿਆਂ ਝੋਲੀ ਅੱਡ ਕੇ ਫਰਿਆਦ ਲਾਈ ਗਈ ਸੀ ਕਿ ਉਨ੍ਹਾਂ ਦੇ ਪੁੱਤਰਾਂ ‘ਚੋਂ ਕਿਸੇ ਨੂੰ ਸਰਕਾਰੀ ਰੁਜ਼ਗਾਰ ਦੇ ਕੇ ਉਨ੍ਹਾਂ ਦੀ ਮੱਦਦ ਕੀਤੀ ਜਾਵੇ, ਪਰ ਕਈ ਸਾਲ ਬੀਤਣ ਤੋਂ ਬਾਅਦ ਵੀ ਈਦੂ ਸਰੀਫ਼ ਦੀ ਇਸ ਫਰਿਆਦ ਨੂੰ ਬੂਰ ਨਹੀਂ ਪਿਆ। ਈਦੂ ਸਰੀਫ਼ ਦੇ ਪੁੱਤਰ ਸੁੱਖੀ ਖਾਨ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਉੁਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਰੁਜ਼ਗਾਰ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਗੁਰਬਤ ਕਾਰਨ ਉਸਦੇ ਪਿਤਾ ਦਾ ਇਲਾਜ ਵੀ ਨਹੀਂ ਹੋ ਸਕਿਆ। ਚੰਡੀਗੜ੍ਹ ਦੇ ਗਵਰਨਰ ਵੱਲੋਂ ਲਾਈ ਗਈ ਪੈਨਸ਼ਨ ਵੀ ਬੰਦ ਹੋ ਗਈ।

    ਉਸ ਨੇ ਦੱਸਿਆ ਕਿ ਉਹ ਅਤੇ ਉਸਦੇ ਭਰਾ ਭਾਵੇਂ ਆਪਣੇ ਪਿਤਾ ਕੋਲੋਂ ਸਰੰਗੀ ਅਤੇ ਰਵਾਇਤੀ ਗਾਇਕੀ ਦੇ ਗੁਰ ਸਿੱਖ ਕੇ ਅੱਗੇ ਆਪਣੇ ਖਾਨਦਾਨ ਦੀ ਇਸ ਪਿਰਤ ਨੂੰ ਪੂਰਾ ਕਰ ਰਹੇ ਹਨ, ਪਰ ਉਨ੍ਹਾਂ ਦਾ ਭਵਿੱਖ ਵੀ ਧੁੰਦਲਾ ਹੈ। ਉਸ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਅਤੇ ਸਾਫ਼ੀ ਸੁਥਰੀ ਗਾਇਕੀ ਵਾਲਿਆਂ ਦਾ ਹਸ਼ਰ ਅਜਿਹਾ ਹੀ ਹੁੰਦਾ ਹੈ। ਈਦੂ ਸਰੀਫ਼ ਨੂੰ ਨਾਟਕ ਸੰਗੀਤ ਅਕੈਡਮੀ ਵੱਲੋਂ ਵੀ ਸਾਲ 2006 ‘ਚ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ।  ਦੱਸਣਯੋਗ ਹੈ ਕਿ ਈਦੂ ਸਰੀਫ਼ ਵੱਲੋਂ ਗਾਇਆ ਗੀਤ ਜਿੰਦਗੀ ਦੇ ਰੰਗ ਸੱਜਣਾ

    ਅੱਜ ਹੋਰ ਤੇ ਕੱਲ ਨੂੰ ਹੋਰ ਉਨ੍ਹਾਂ ਦੀ ਖੁਦ ਦੀ ਜਿੰਦਗੀ ‘ਤੇ ਹੀ ਢੁੱਕ ਗਿਆ। ਈਦੂ ਸਰੀਫ਼ ਪਿਛਲੇ ਲਗਭਗ ਪੰਜ ਸਾਲਾਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਕੋਈ ਉਸਦੀ ਸਾਰ ਲੈਣ ਵਾਲਾ ਨਾ ਰਿਹਾ। ਈਦੂ ਸਰੀਫ਼ ਵੱਲੋਂ ਸਾਰੰਗੀ ਦੀਆਂ ਧੁਨਾਂ ‘ਤੇ ਗਾਏ ਗੀਤ ‘ਤੇਰੀਆਂ ਬੇਰੰਗ ਚਿੱਠੀਆਂ, ਢੋਲਾ, ਦੁੱਲੀ ਭੱਟੀ, ਹੀਰ ਆਦਿ ਅੱਜ ਵੀ ਉਸਦੇ ਚਾਹੁਣ ਵਾਲਿਆਂ ਦੇ ਦਿਲਾਂ ਦੇ ਰਾਜ ਕਰ ਰਹੇ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here