Punjab: ਸੋਹਣੇ, ਜ਼ਰਖੇਜ਼ ਧਰਤੀ ਤੇ ਹੋਰ ਅਨੇਕਾਂ ਵਿਸ਼ੇਸ਼ਤਾਵਾਂ ਵਾਲੇ ਪੰਜਾਬ ਲਈ ਅੱਜ ਦੁਆਵਾਂ ਕਰਨ ਦੀ ਵੀ ਲੋੜ ਜਾਪਦੀ ਹੈ, ਕਿਉਂਕਿ ਅਜੋਕੇ ਸਮੇਂ ਬਹੁਤ ਸਾਰੀਆਂ ਅਜਿਹੀਆਂ ਅਲਾਮਤਾਂ ਨੇ ਸੂਬੇ ਨੂੰ ਜਕੜ ਰੱਖਿਆ ਹੈ, ਜਿਸ ਦੇ ਗੰਭੀਰ ਸਿੱਟੇ ਆਉਣ ਵਾਲੇ ਸਮੇਂ ਵਿਚ ਸਾਨੂੰ ਭੁਗਤਣੇ ਪੈ ਸਕਦੇ ਹਨ। ਬੇਰੁਜ਼ਗਾਰੀ ਦੇ ਮਾਰੇ ਗ਼ਲਤ ਹੱਥਕੰਡੇ ਅਪਣਾ ਰਹੇ ਨੌਜਵਾਨ, ਦਿਸ਼ਾਹੀਣਤਾ ਦਾ ਸ਼ਿਕਾਰ ਅਜੋਕਾ ਕਿਸਾਨ, ਵਧ ਰਹੀ ਅਬਾਦੀ ਦਾ ਸੰਕਟ, ਸਨਅਤੀ ਸੱਭਿਆਚਾਰ ਦੇ ਪ੍ਰਭਾਵਸਰੂਪ ਬਦਲ ਰਹੇ ਨੈਤਿਕ ਮੁੱਲ, ਟੁੱਟ ਰਹੇ ਰਿਸ਼ਤੇ, ਚਿੱਟੇ ਵਰਗੇ ਮਾਰੂ ਨਸ਼ਿਆਂ ਦਾ ਸ਼ਿਕਾਰ ਜਵਾਨੀ, ਗ਼ਰੀਬੀ ਦੀ ਰੇਖਾ ਦਾ ਵਧ ਰਿਹਾ ਘੇਰਾ, ਮਾਨਸਿਕ ਵਿਗਾੜ, ਪੱਛਮੀ ਸੱਭਿਆਚਾਰ ਦਾ ਵਿਰਾਸਤੀ ਵਿਸ਼ੇਸ਼ਤਾਵਾਂ ’ਤੇ ਹਮਲਾ ਆਦਿ ਅਨੇਕਾਂ ਬੁਰਾਈਆਂ ਅਲਾਮਤਾਂ ਦੇ ਰੂਪ ਵਿੱਚ ਪਨਪ ਰਹੀਆਂ ਹਨ।
ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਪਤਾ ਨਹੀਂ ਕੀ-ਕੀ ਗ਼ਲਤ ਹੱਥਕੰਡੇ ਅਪਣਾ ਰਹੇ ਹਨ। ਜ਼ਿਆਦਾਤਰ ਬੇਰੁਜ਼ਗਾਰਾਂ ਦਾ ਰੁਝਾਨ ਵਧਿਆ ਹੈ ਵਿਦੇਸ਼ਾਂ ਵਿੱਚ ਜਾਣ ਦਾ, ਵਧਦੀ ਅਬਾਦੀ ਕਾਰਨ ਘਟਦੇ ਰੁਜ਼ਗਾਰ ਸਾਧਨਾਂ ਕਾਰਨ ਨੌਜਵਾਨ ਬੇਰੁਜ਼ਗਾਰ ਹੋ ਰਹੇ ਹਨ, ਸਰਕਾਰੀ ਅਦਾਰਿਆਂ ਵਿੱਚ ਕਰਮਚਾਰੀ ਸੇਵਾਮੁਕਤ ਤਾਂ ਹੋ ਰਹੇ ਹਨ ਪਰ ਨਵੀਂਆਂ ਭਰਤੀਆਂ ਨਹੀਂ ਕੀਤੀਆਂ, ਕਈ-ਕਈ ਵਰ੍ਹੇ ਹੋ ਗਏ ਬੇਰੁਜ਼ਗਾਰਾਂ ਵੱਲੋਂ ਵੱਖ-ਵੱਖ ਦਫਤਰਾਂ ਵਿਚ ਅਰਜ਼ੀਆਂ ਭੇਜੀਆਂ ਨੂੰ ਪਰ ਅਜੇ ਤੱਕ ਕਿਸੇ ਮਹਿਕਮੇ ਵੱਲੋਂ ਕੋਈ ਇੰਟਰਵਿਊ ਨਹੀਂ ਲਈ ਗਈ, ਜੇਕਰ ਭੁੱਲ-ਭੁਲੇਖੇ ਕੋਈ ਇੰਟਰਵਿਊ ਲਈ ਵੀ ਗਈ ਤਾਂ ਕੋਈ ਪਤਾ ਨਹੀਂ ਕਿਸ ਦੀ ਨਿਯੁਕਤੀ ਹੋਈ ਸਭ ਕੁਝ ਅੰਦਰਖਾਤੇ ਹੀ ਹੁੰਦਾ ਰਿਹਾ ਬੇਰੁਜ਼ਗਾਰੀ ਦੀ ਇਸ ਹਾਲਾਤ ਵਿਚ ਉਹ ਵਿਦੇਸ਼ਾਂ ਵਿੱਚ ਜਾ ਕੇ ਪੈਸਾ ਕਮਾਉਣ ਬਾਰੇ ਸੋਚਦੇ ਹਨ। Punjab
ਇਹ ਵੀ ਪੜ੍ਹੋ : Punjab: ਮਾਰੇ ਗਏ ਤਿੰਨ ਮਜ਼ਦੂਰਾਂ ਦੇ ਪਰਿਵਾਰਾਂ ਨੇ ਲਾਇਆ ਧਰਨਾ
ਗਲਤ ਹੱਥਾਂ ਵਿਚ ਆ ਕੇ ਆਪਣਾ ਸ਼ੋਸ਼ਣ ਕਰਵਾ ਰਹੇ ਹਨ ਟ੍ਰੈਵਲ ਏਜੰਟਾਂ ਹੱਥੋਂ, ਨੌਜਵਾਨ ਦਿਨ-ਦਿਹਾੜੇ ਲੁੱਟੇ ਜਾ ਰਹੇ ਹਨ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਮਨੁੱਖੀ ਸਮੱਗਲਿੰਗ ਦਾ ਧੰਦਾ ਵੀ ਵਿਦੇਸ਼ ਭੇਜਣ ਦੀ ਆੜ ਹੇਠ ਹੋ ਰਿਹਾ ਹੈ। ਵਿਦੇਸ਼ ਜਾਣ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਪਿੰਡਾਂ ਦੇ ਭੋਲੇ-ਭਾਲੇ ਨੌਜਵਾਨ ਇਨ੍ਹਾਂ ਏਜੰਟਾਂ ਦੇ ਅੜਿੱਕੇ ਚੜ੍ਹ ਜਾਂਦੇ ਹਨ। ਅੱਜ ਇਹ ਇੱਕ ਬਹੁਤ ਵੱਡੀ ਤ੍ਰਾਸਦੀ ਹੈ ਸਾਡੇ ਸੂਬੇ ਪੰਜਾਬ ਲਈ ਕਿ ਆਪਣੀਆਂ ਮਹਿੰਗੇ ਭਾਅ ਦੀਆਂ ਜ਼ਰਖੇਜ਼ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਨੌਜਵਾਨਾਂ ਦੇ ਮਾਪੇ ਕਥਿਤ ਏਜੰਟਾਂ ਦੀਆਂ ਜੇਬ੍ਹਾਂ ਇਸ ਆਸ ਨਾਲ ਭਰ ਦਿੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਡਾਲਰਾਂ, ਪੌਂਡਾਂ ਨਾਲ ਕਮਾਈ ਕਰਕੇ ਇਹ ਜ਼ਮੀਨ ਵੀ ਵਾਪਸ ਲੈ ਲਵੇਗਾ ਅਤੇ ਚੜਿ੍ਹਆ ਹੋਇਆ ਕਰਜ਼ਾ ਵੀ ਉਤਾਰ ਦੇਵੇਗਾ, ਪਰ ਇੰਝ ਹੁੰਦਾ ਨਹੀਂ। Punjab
ਰਾਜ ਅੰਦਰ ਅਜੋਕੀ ਕਿਸਾਨੀ ਦੀ ਦਸ਼ਾ ਕੀ ਹੈ ਇਹ ਅਸੀਂ ਭਲੀ-ਭਾਂਤ ਜਾਣਦੇ ਹੀ ਹਾਂ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਇੱਥੋਂ ਦੀ 65-70 ਫ਼ੀਸਦੀ ਅਬਾਦੀ ਸਿੱਧੇ ਤੌਰ ’ਤੇ, ਦਸਤਕਾਰ ਅਸਿੱਧੇ ਤੌਰ ’ਤੇ ਖੇਤੀ ਉੱਤੇ ਨਿਰਭਰ ਕਰਦੇ ਹਨ। ਇਸੇ ਕਰਕੇ ਇਹ ਕਹਿਣਾ ਗ਼ਲਤ ਨਹੀਂ ਕਿ ਪੰਜਾਬ ਦੀ ਖੇਤੀਬਾੜੀ ਹੀ ਸਮੁੱਚੇ ਰਾਜ ਦੀ ਆਰਥਿਕਤਾ ਦੀ ਰੀੜ੍ਹ ਹੈ, ਪਰ ਵਧਦੀ ਅਬਾਦੀ ਕਾਰਨ ਪਰਿਵਾਰ ਟੁੱਟ ਰਹੇ ਹਨ ਤੇ ਜ਼ਮੀਨਾਂ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡੀਆਂ ਜਾ ਰਹੀਆਂ ਹਨ, ਜਿਸ ਕਰਕੇ ਅੱਜ ਦਾ ਕਿਸਾਨ ਛੋਟਾ ਤੇ ਸੀਮਤ ਬਣਦਾ ਜਾ ਰਿਹਾ ਹੈ। ਉਸ ਕੋਲ ਥੋੜ੍ਹੀ ਜ਼ਮੀਨ ਹੋਣ ਕਾਰਨ ਪੂਰਾ ਮਸ਼ੀਨੀਕਰਨ ਅਪਨਾਉਣ ਦੀ ਸਮਰੱਥਾ ਘਟਦੀ ਜਾ ਰਹੀ ਹੈ, ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੀ ਖੇਤੀ ਨੂੰ ਯੋਗ ਅਗਵਾਈ ਤੇ ਸਹੀ ਦਿਸ਼ਾ ਪ੍ਰਦਾਨ ਨਹੀਂ ਕੀਤੀ। Punjab
ਪੰਜਾਬ ਵਿੱਚ ਖੇਤੀ ਆਧਾਰਤ ਸਨਅਤਾਂ ਦੀ ਘਾਟ, ਮੁੱਖ ਫਸਲਾਂ ਤੋਂ ਇਲਾਵਾ ਹੋਰ ਫਸਲਾਂ ਫੁੱਲ, ਸਬਜ਼ੀਆਂ, ਸਹਾਇਕ ਕਿੱਤਿਆਂ ਨੂੰ ਕੀਮਤ ਤੇ ਖ਼ਰੀਦ ਸੁਰੱਖਿਆ ਦੀ ਘਾਟ ਕਾਰਨ ਇਨ੍ਹਾਂ ਫਸਲਾਂ ਤੇ ਕਿੱਤਿਆਂ ਵੱਲ ਪੰਜਾਬ ਦੀ ਕਿਸਾਨੀ ਦਾ ਰੁਝਾਨ ਵਧ ਨਹੀਂ ਸਕਿਆ। ਦੁੱਧ, ਫਲ, ਸਬਜ਼ੀਆਂ, ਸ਼ਹਿਦ ਤੋਂ ਇਲਾਵਾ ਅਨੇਕਾਂ ਉਤਪਾਦਨ ਬਾਹਰਲੀਆਂ ਮੰਡੀਆਂ ਤੱਕ ਪਹੁੰਚਾਉਣ ਤੇ ਇਨ੍ਹਾਂ ਦੀ ਲੋੜੀਂਦੀ ਮਾਰਕੀਟਿੰਗ ਦੀ ਹਮੇਸ਼ਾ ਘਾਟ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਕਿਸਾਨੀ ਦਾ ਦੂਸਰਾ ਪੱਖ ਇਹ ਵੀ ਹੈ ਕਿ ਛੋਟੇ ਕਿਸਾਨ ਜੋ ਕਰਜ਼ੇ ਦੇ ਭਾਰ ਥੱਲੇ ਦੱਬੇ ਹਨ ਅਤੇ ਕਈ ਵਾਰ ਆੜ੍ਹਤੀਆਂ ਜਾਂ ਹੋਰ ਧਨਾਢਾਂ ਦੇ ਸ਼ੋਸ਼ਣ ਦਾ ਸ਼ਿਕਾਰ ਵੀ ਹੋ ਰਹੇ ਹਨ ਤੇ ਇਹ ਸਮੱਸਿਆ ਖੁਦਕੁਸ਼ੀ ਦੇ ਰੂਪ ’ਚ ਵੀ ਸਾਹਮਣੇ ਆਉਂਦੀ ਹੈ। ਵਧ ਰਹੀ ਅਬਾਦੀ ਦੀ ਸਮੱਸਿਆ ਇਸ ਸਮੇਂ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਭਾਰਤ ਲਈ ਇੱਕ ਗੰਭੀਰ ਸਮੱਸਿਆ ਹੈ।
ਅਬਾਦੀ ਵਿੱਚ ਵਾਧੇ ਦੀ ਇਹ ਦਰ ਬਹੁਤ ਭਿਆਨਕ ਹੈ, ਜਿਸ ਦਰ ਨਾਲ ਆਬਾਦੀ ਵਧ ਰਹੀ ਹੈ, ਉਸ ਦਰ ਨਾਲ ਉਤਪਾਦਨ ਦਾ ਵਧਣਾ ਵੀ ਜ਼ਰੂਰੀ ਹੈ। ਵਧਦੀ ਅਬਾਦੀ ਦੇ ਸਿੱਟਿਆਂ ਕਾਰਨ ਗ਼ਰੀਬੀ ਦੀ ਰੇਖਾ ਤੋਂ ਹੇਠਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬੰਧਕ ਤੇ ਬਾਲ ਮਜ਼ਦੂਰੀ ਭਾਵੇਂ ਕਾਨੂੰਨੀ ਅਪਰਾਧ ਹਨ ਪਰ ਇਨ੍ਹਾਂ ਦੀ ਗਿਣਤੀ ਵੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਆਰਥਿਕ ਤਰੱਕੀ ਦੀਆਂ ਜੋ ਯੋਜਨਾਵਾਂ ਆਰੰਭੀਆਂ ਜਾਂਦੀਆਂ ਹਨ ਪਰ ਜੇ ਇਨ੍ਹਾਂ ਯੋਜਨਾਵਾਂ ਨਾਲੋਂ ਵਸੋਂ ਦੀ ਗਤੀ ਉਸ ਦਰ ਨਾਲ ਵਧਦੀ ਹੈ ਤਾਂ ਪ੍ਰਗਤੀ ਸਬੰਧੀ ਸਾਰੇ ਪ੍ਰੋਗਰਾਮ ਨਿਰਾਰਥਕ ਹੋਣ ਲੱਗਦੇ ਹਨ, ਇਸ ਲਈ ਜ਼ਰੂਰੀ ਹੈ ਕਿ ਨਵੇਂ ਨਿਰਮਾਣ ਕਾਰਜਾਂ ਦੇ ਆਰਥਿਕ ਪ੍ਰੋਗਰਾਮਾਂ ਨੂੰ ਪਹਿਲ ਦੇਣ ਦੇ ਨਾਲ-ਨਾਲ ਵਸੋਂ ’ਤੇ ਕੰਟਰੋਲ ਕਰਨ ਸਬੰਧੀ ਪ੍ਰੋਗਰਾਮਾਂ ਨੂੰ ਵੀ ਪਹਿਲ ਦੇਣੀ ਚਾਹੀਦੀ ਹੈ। Punjab
ਰਾਜ ਉੱਪਰ ਪਈਆਂ ਬੁਰੀਆਂ ਅਲਾਮਤਾਂ ਵਿੱਚੋਂ ਨਸ਼ਿਆਂ ਦਾ ਵਧ ਰਿਹਾ ਰੁਝਾਨ ਇੱਕ ਵੱਡੀ ਅਲਾਮਤ ਹੈ। ਆਲੇ ਦੁਆਲੇ ਅਸੀਂ ਵੇਖਦੇ ਹਾਂ ਕਿ ਬਹੁਤ ਹੀ ਮਾਰੂ ਅਤੇ ਭਿਆਨਕ ਨਸ਼ਿਆਂ ਦਾ ਸੇਵਨ ਦਿਨ-ਪ੍ਰਤੀਦਿਨ ਵਧਦਾ ਜਾ ਰਿਹਾ ਹੈ। ਕਈ ਅਜਿਹੇ ਨਸ਼ੇ ਸੁਣਨ ਵਿਚ ਆ ਰਹੇ ਹਨ, ਜਿਸ ਬਾਰੇ ਆਮ ਆਦਮੀ ਸੋਚ ਵੀ ਨਹੀਂ ਸਕਦਾ ਪਿਛਲੇ ਕਈ ਸਾਲਾਂ ਤੋਂ ਸੁਣਨ ਵਿੱਚ ਆਇਆ ਹੈ ਕਿ ਕਈ ਨੌਜਵਾਨ ਕਿਰਲੀ ਦੀ ਪੂਛ ਨੂੰ ਕੱਟ ਕੇ ਉਸ ਨੂੰ ਸੁਕਾ ਕੇ ਪੀਸ ਕੇ ਸਿਗਰਟ ਵਿਚ ਪਾ ਕੇ ਸੂਟੇ ਲਾਉਣੇ, ਡੱਡੂ ਨੂੰ ਮਾਰ ਕੇ ਛਾਵੇਂ ਸੁਕਾ ਕੇ ਖਾ ਲੈਣਾ, ਸਿਰ ਉੱਪਰ ਬੂਟ ਪਾਲਿਸ਼ ਕਰਕੇ ਧੁੱਪੇ ਬੈਠਣਾ, ਬਰੈੱਡਾਂ ਉੱਪਰ ਆਇਓਡੀਨ ਲਾ ਕੇ ਖਾਣਾ ਤੇ ਇਹ ਵੀ ਸੁਣਨ ਵਿੱਚ ਆਇਆ ਹੈ। ਕਿ ਕਈ ਲੜਕੇ ਆਪਣੀਆਂ ਜ਼ੁਰਾਬਾਂ ਨੂੰ ਲਗਾਤਾਰ ਕਈ ਦਿਨ ਪਹਿਨ ਕੇ ਉਨ੍ਹਾਂ ਨੂੰ ਪਾਣੀ ਵਿੱਚ ਨਿਚੋੜ ਕੇ ਪੀਂਦੇ ਹਨ। ਕੀ ਇਹ ਅਜੋਕੇ ਪੰਜਾਬ ਦੀ ਜਵਾਨੀ ਦੀ ਤਸਵੀਰ ਹੈ? ਇਸ ਤੋਂ ਇਲਾਵਾ ਚਿੱਟੇ ਵਰਗੇ ਮਾਰੂ ਤੇ ਭਿਆਨਕ ਨਸ਼ੇ, ਜੋ ਕਿ ਸਿਰਫ਼ ਲੜਕੇ ਹੀ ਨਹੀਂ।
ਬਲਕਿ ਬਹੁਤ ਸਾਰੀਆਂ ਕੁੜੀਆਂ ਵੀ ਇਸ ਦਾ ਸੇਵਨ ਕਰ ਕਰਦੀਆਂ ਹਨ। ਜੇਕਰ ਅਜਿਹਾ ਹੀ ਰਿਹਾ ਤਾਂ ਆਉਣ ਵਾਲੇ ਸਮੇਂ ਪੰਜਾਬ ਦੀ ਸਥਿਤੀ ਕੀ ਹੋਵੇਗੀ, ਇਹ ਸੋਚ ਕੇ ਕੰਬਣੀ ਛਿੜਦੀ ਹੈ। ਜੇਕਰ ਵਿਸਥਾਰ ਸਹਿਤ ਜ਼ਿਕਰ ਕਰੀਏ ਤਾਂ ਪਤਾ ਨਹੀਂ ਕਿੰਨੇ ਕੁ ਹੋਰ ਅਜਿਹੇ ਵਿਸ਼ੇ ਹਨ ਜੋ ਰਾਜ ਦੀ ਅਜੋਕੀ ਸਥਿਤੀ ਨੂੰ ਬਿਆਨਦੇ ਹਨ। ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ, ਸੰਤਾਂ ਤੇ ਸੂਫ਼ੀ ਦਰਵੇਸ਼ਾਂ ਦੀ ਪਵਿੱਤਰ ਧਰਤੀ ਹੈ, ਜਿਸ ਨੂੰ ਕੁਦਰਤ ਨੇ ਵੀ ਹਰ ਮੌਸਮ ਵਿੱਚ ਪਾਣੀ ਦੇ ਵਗਦੇ ਦਰਿਆ, ਇੱਕਸਾਰ ਜ਼ਰਖੇਜ਼ ਧਰਤੀ ਦੇ ਕੇ ਨਿਵਾਜਿਆ ਹੈ ਪਰ ਅੱਜ ਇਸ ਦੀਆਂ ਫਿਜ਼ਾਵਾਂ ਵਿੱਚ ਅਜਿਹਾ ਜ਼ਹਿਰ ਘੁਲ ਰਿਹਾ ਹੈ ਜੋ ਕਈ ਬੁਰੀਆਂ ਅਲਾਮਤਾਂ, ਸਮਾਜਿਕ ਬੁਰਾਈਆਂ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ। ਅੱਜ ਲੋੜ ਹੈ ਸਮੇਂ ਦੀਆਂ ਸਰਕਾਰਾਂ, ਬੁੱਧੀਜੀਵੀਆਂ ਤੇ ਸਮਾਜਸੇਵੀ ਸੰਸਥਾਵਾਂ ਨੂੰ ਇਨ੍ਹਾਂ ਅਲਾਮਤਾਂ, ਬੁਰਾਈਆਂ ਵੱਲ ਧਿਆਨ ਦੇ ਕੇ ਰਾਜ ਨੂੰ ਵਿਕਾਸ-ਮੁਖੀ ਲੀਹਾਂ ’ਤੇ ਲਿਜਾਣ ਦੀ। Punjab
ਮੋ. 80547-57806
ਹਰਮੀਤ ਸਿਵੀਆਂ