ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦਾ ਦੇਵਾਂਗੇ ਮੂੰਹ ਤੋੜਵਾਂ ਜਵਾਬ : ਪੀਐਸਯੂ
(ਸੁਨੀਲ ਚਾਵਲਾ) ਸਮਾਣਾ। ਪੀਐੱਸਯੂ ਆਗੂਆਂ ਦੀ ਗਿ੍ਰਫ਼ਤਾਰੀ ਅਤੇ ਪਬਲਿਕ ਕਾਲਜ਼ ਨੂੰ ਐਲਾਨ ਦੇ ਬਾਵਜੂਦ ਸਰਕਾਰੀ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਅਰਥੀਆਂ ਵੱਲੋਂ ਪਬਲਿਕ ਕਾਲਜ ਸਮਾਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਜਰਾ ਦਾ ਪੁਤਲਾ ਫੂਕਿਆ ਗਿਆ। ਜਿਕਰਯੋਗ ਹੈ ਕਿ ਬੀਤੀ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਸਮਾਣਾ ਦੇ ਟੋਲ ਪਲਾਜ਼ੇ ਨੂੰ ਬੰਦ ਕਰਨ ਲਈ ਸਮਾਣੇ ਪਹੁੰਚੇ ਸਨ ਜਿਸ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀ ਆਗੂ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਰਵਾਉਣ ਦੀ ਮੰਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਕਰਜ਼ਾ ਮੁਕਤ ਅਤੇ ਬਣਦੀ ਗ੍ਰਾਂਟ ਜਾਰੀ ਕਰਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦੇਣ ਪਹੁੰਚੇ ਸਨ। (Samana News)
ਆਗੂਆਂ ਨਾਲ ਮੁੱਖ ਮੰਤਰੀ ਨੂੰ ਮੰਗ ਪੱਤਰ ਦਿਵਾਉਣ ਦਾ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਪਰ ਮੰਗ ਪੱਤਰ ਦਿਵਾਉਣ ਦੀ ਬਜਾਏ ਆਪ ਸਰਕਾਰ ਵੱਲੋਂ ਤਾਨਾਸ਼ਾਹੀ ਰਵੱਈਆ ਅਖਤਿਆਰ ਕਰਦੇ ਹੋਏ ਆਗੂਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਦੌਰਾਨ ਆਗੂਆਂ ਖੁਸ਼ਵਿੰਦਰ ਰਵੀ, ਅਕਸ਼ੇ ਘੱਗਾ, ਰਾਜਵੀਰ ਕਕਰਾਲਾ ਨੂੰ ਨਜਾਇਜ਼ ਹਿਰਾਸਤ ਵਿੱਚ ਦੇਰ ਰਾਤ ਤੱਕ ਰੱਖਿਆ ਗਿਆ। ਬਾਅਦ ਵਿੱਚ ਜਨਤਕ ਜਥੇਬੰਦੀਆਂ ਦੇ ਦਬਾਅ ਹੇਠ ਉਨ੍ਹਾਂ ਨੂੰ ਛੱਡਿਆ ਗਿਆ। ਜਿਸ ਦੇ ਰੋਸ ਵਜੋਂ ਆਪ ਸਰਾਕਰ ਅਤੇ ਪੁਲਿਸ ਪ੍ਰਸ਼ਾਸਨ ਦੇ ਗੁੰਡਾਗਰਦੀ ਵਾਲੇ ਰਵੱਈਏ ਖਿਲਾਫ਼ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਕਾਲਜ ਵਿੱਚ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਜਰਾ ਦਾ ਪੁਤਲਾ ਫੂਕ ਕੇ ਪਬਲਿਕ ਕਾਲਜ ਸਮਾਣਾ ਦੇ ਸਰਕਾਰੀ ਹੋਣ ਤੱਕ ਸੰਘਰਸ਼ ਕਰਨ ਦਾ ਐਲਾਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ