220 ਲੱਖ ਦੀ ਲਾਗਤ ਨਾਲ 1100 ਸਰਕਾਰੀ ਸਕੂਲਾਂ ‘ਚ ਬਣਨਗੇ ਵਿੱਦਿਅਕ ਪਾਰਕ
ਮੋਹਾਲੀ, (ਕੁਲਵੰਤ ਕੋਟਲੀ) । ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅੰਦਰ ਵਿਗਿਆਨਕ ਅਤੇ ਗਣਿਤਕ ਦ੍ਰਿਸ਼ਟੀਕੋਣ ਦੇ ਵਿਕਾਸ ਲਈ ਸਮਾਰਟ ਸਕੂਲ ਮੁਹਿੰਮ ਤਹਿਤ ਵਿੱਦਿਅਕ ਪਾਰਕ ਸਥਾਪਿਤ ਕੀਤੇ ਜਾ ਰਹੇ ਹਨ।
ਜਿਨ੍ਹਾਂ ਨੂੰ ਬਣਾਉਣ ਹਿੱਤ ਵਿਭਾਗ ਵੱਲੋਂ 220 ਲੱਖ ਰੁਪਏ ਦੀ ਰਾਸ਼ੀ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਨੂੰ ਜਾਰੀ ਕੀਤੀ ਗਈ ਹੈ ਇਹ ਰਾਸ਼ੀ ਰਾਜ ਦੇ 1100 ਸਕੂਲਾਂ ਨੂੰ 20,000 ਰੁਪਏ ਪ੍ਰਤੀ ਸਕੂਲ ਜਾਰੀ ਕੀਤੀ ਗਈ ਹੈ। ਸੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਟੇਟ ਪ੍ਰੋਜੈਕਟ ਡਾਇਰੈਕਟਰ, ਸਮੱਗਰ ਸਿੱਖਿਆ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿੱ./ਐ.ਸਿੱ.) ਨੂੰ ਸਕੂਲਾਂ ਵਿੱਚ ਵਿੱਦਿਅਕ ਪਾਰਕ ਸਥਾਪਿਤ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਸ ਪ੍ਰੋਜੈਕਟ ਲਈ ਵੱਖ-ਵੱਖ ਵਿਸ਼ਾ ਅਧਿਆਪਕ, ਆਰਟ ਐਂਡ ਕਰਾਫਟ ਅਧਿਆਪਕ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਮੈਂਟਰਾਂ ਅਤੇ ਬਲਾਕ ਮੈਂਟਰਾਂ ਦੀ ਮੱਦਦ ਨਾਲ ਯੋਜਨਾਬੰਦੀ ਕਰਨਗੇ ਜਿਨ੍ਹਾਂ ਸਕੂਲਾਂ ‘ਚ ਜਗ੍ਹਾ ਦੀ ਕਮੀ ਹੋਵੇਗੀ। ਉਸ ਸਕੂਲ ਵਿੱਚ ਸਾਰੇ ਵਿਸ਼ਿਆਂ ਦਾ ਸਾਂਝਾ ਵਿੱਦਿਅਕ ਪਾਰਕ ਤਿਆਰ ਕੀਤਾ ਜਾਵੇਗਾ।
ਇਸ ਮੁਹਿੰਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ 70, ਬਰਨਾਲਾ ਦੇ 30, ਬਠਿੰਡਾ ਦੇ 50, ਫ਼ਤਹਿਗੜ੍ਹ ਸਾਹਿਬ ਦੇ 30, ਫ਼ਰੀਦਕੋਟ 30, ਫ਼ਾਜ਼ਿਲਕਾ 50, ਫ਼ਿਰੋਜ਼ਪੁਰ 40, ਗੁਰਦਾਸਪੁਰ 80, ਹੁਸ਼ਿਆਰਪੁਰ 80, ਜਲੰਧਰ 70, ਕਪੂਰਥਲਾ 30, ਲੁਧਿਆਣਾ 90, ਮਾਨਸਾ 30, ਮੋਗਾ 30, ਪਠਾਨਕੋਟ 40, ਪਟਿਆਲਾ 90, ਰੂਪਨਗਰ 50, ਸੰਗਰੂਰ 60, ਸਾਹਿਬਜਾਦਾ ਅਜੀਤ ਸਿੰਘ ਨਗਰ 30, ਸ਼ਹੀਦ ਭਗਤ ਸਿੰਘ ਨਗਰ 30, ਸ੍ਰੀ ਮੁਕਤਸਰ ਸਾਹਿਬ 30 ਅਤੇ ਜ਼ਿਲ੍ਹਾ ਤਰਨਤਾਰਨ ਦੇ 50 ਸਰਕਾਰੀ ਸਕੂਲਾਂ ਨੂੰ ਇਹ ਰਾਸ਼ੀ ਜਾਰੀ ਕੀਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.