ਅਧਿਆਪਕਾਂ ਤੇ ਬੱਚਿਆਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਸੁਣਨ ਤੋਂ ਵੀ ਹੋਏ ਇਨਕਾਰੀ
ਅੱਠ ਦਸੰਬਰ ਨੂੰ ਜਲੰਧਰ ਵਿਖੇ ਕੀਤਾ ਜਾਵੇਗਾ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ
(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬ ਦੇ ਅਧਿਆਪਕ ਵਰਗ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਹੱਲ ਕਰਨ ਦੀ ਥਾਂ ਨਵੇਂ ਬਣੇ ਸਿੱਖਿਆ ਮੰਤਰੀ ਵੱਲੋਂ ਜਿਸ ਤਰ੍ਹਾਂ ਘੇਸਲ ਵਟ ਵਰਤਾਰਾ ਅਪਣਾਇਆ ਜਾ ਰਿਹਾ ਹੈ ਉਸ ਤਹਿਤ ਅਧਿਆਪਕਾਂ ’ਚ ਸਿੱਖਿਆ ਮੰਤਰੀ ਪ੍ਰਗਟ ਸਿੰਘ ਪ੍ਰਤੀ ਵਿਰੋਧ ਦੀ ਭਾਵਨਾ ਉਤਪੰਨ ਹੋਣ ਲੱਗ ਪਈ ਹੈ ਇਸ ਕਰਕੇ ਸਾਂਝਾ ਅਧਿਆਪਕ ਮੋਰਚੇ ਵੱਲੋਂ 8 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਗੜ੍ਹ ’ਚ ਰੋਸ ਰੈਲੀ ਕੀਤੀ ਜਾਵੇਗੀ ਜਿਸ ਦੀ ਤਿਆਰੀ ਲਈ ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪਟਿਆਲਾ ਦੀ ਅਹਿਮ ਮੀਟਿੰਗ ਜਿਲ੍ਹਾ ਮੀਤ ਪ੍ਰਧਾਨ ਰਾਮ ਸ਼ਰਨ ਦੀ ਪ੍ਰਧਾਨਗੀ ਹੇਠ ਸਥਾਨਕ ਡੀਈਓ ਦਫ਼ਤਰ ਪਟਿਆਲਾ ਵਿਖੇ ਹੋਈ ਤੇ ਪਟਿਆਲੇ ਜ਼ਿਲ੍ਹੇ ਤੋਂ ਵੱਡੀ ਸ਼ਮੂਲੀਅਤ ਕਰਵਾਉਣ ਲਈ ਇਸੇ ਹਫ਼ਤੇ ਬਲਾਕ ਪੱਧਰੀ ਤਿਆਰੀ ਮੀਟਿੰਗਾਂ ਕਰਨ ਫੈਸਲਾ ਕੀਤਾ ਗਿਆ।
ਡੀਟੀਐੱਫ ਦੇ ਜ਼ਿਲ੍ਹਾ ਸਕੱਤਰ ਹਰਵਿੰਦਰ ਸਿੰਘ ਰੱਖੜਾ ਨੇ ਦੱਸਿਆ ਕਿ ਬੇਰੁਜ਼ਗਾਰਾਂ, ਕੱਚੇ ਮੁਲਾਜਮਾਂ ਤੇ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ, ਸੰਵਾਦ ਰਾਹੀਂ ਹੱਲ ਕਰਨ ਦੀ ਥਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੁਲਿਸ ਪਰਚੇ ਦਰਜ ਕਰਨ, ਲਾਠੀਚਾਰਜ ਕਰਵਾਉਣ ਅਤੇ ਸਟੇਜਾਂ ਤੋਂ ਧਮਕਾਉਣ ਵਿਰੁੱਧ ਨਿਖੇਧੀ ਮਤਾ ਪਾਸ ਕੀਤਾ ਗਿਆ ਹੈ ਅਤੇ ਇਨ੍ਹਾਂ ਵਰਗਾਂ ਦੇ ਸੰਘਰਸ਼ਾਂ ਦੀ ਡਟਵੀਂ ਹਮਾਇਤ ਵੀ ਕੀਤੀ ਗਈ ਹੈ। ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਡੀਐੱਮਐੱਫ਼ ਦੇ ਸੂਬਾਈ ਜਨਰਲ ਸਕੱਤਰ ਹਰਦੀਪ ਟੋਡਰਪੁਰ ਨੇ ਕਿਹਾ ਕਿ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੂੰ ਸਾਲ 2011 ਦੌਰਾਨ ਮਿਲੇ ਵਾਧੇ ਬਰਕਰਾਰ ਰੱਖਦਿਆਂ ਪ੍ਰਤੀਸ਼ਤ ਰੂਪ ਦੀ ਥਾਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਤਹਿਤ 2.72 ਗੁਣਾਂਕ ਰੂਪ ’ਚ ਵਾਧਾ ਲਾਗੂ ਕਰਵਾਉਣ।
17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਪੰਜਾਬ ਦੀ ਥਾਂ ਕੇਂਦਰੀ ਸਕੇਲ ਥੋਪਣ ਦਾ ਫੈਸਲਾ ਰੱਦ ਕਰਵਾਉਣ, ਨਵੀਂ ਪੈਨਸ਼ਨ ਦੀ ਥਾਂ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਵਾਉਣ, ਕੱਚੇ ਮੁਲਾਜਮ ਬਿਨਾਂ ਸ਼ਰਤ ਪੱਕੇ ਕਰਵਾਉਣ ਅਤੇ ਅਧਿਆਪਕ ਉੱਪਰ ਕਈ ਕਈ ਸਕੂਲਾਂ ਦਾ ਭਾਰ ਪਾਉਣ ਦੀ ਥਾਂ ਸਾਰੀਆਂ ਖਾਲੀ ਅਸਾਮੀਆਂ ਲਈ ਭਰਤੀ ਦੇ ਇਸ਼ਤਿਹਾਰ ਜਾਰੀ ਕਰਵਾਉਣ ਅਤੇ ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਕਰਵਾਕੇ ਨਿਯੁਕਤੀ ਪੱਤਰ ਜਾਰੀ ਕਰਵਾਉਣ ਅਤੇ ਮਿਡਲ ਸਕੂਲਾਂ ਤੋਂ ਜਬਰੀ ਸ਼ਿਫਟ ਕੀਤੇ 228 ਪੀ ਟੀ ਆਈਜ਼ ਨੂੰ ਵਾਪਸ ਪਿੱਤਰੀ ਸਕੂਲਾਂ ’ਚ ਭੇਜਣ ਦੀ ਮੰਗ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਸੰਘਰਸ਼ ਦਾ ਮੈਦਾਨ ਭਖਾਇਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ