ਸਾਡੇ ਨਾਲ ਸ਼ਾਮਲ

Follow us

14.2 C
Chandigarh
Saturday, January 24, 2026
More
    Home Breaking News Education Phi...

    Education Philosophy: ਸਿੱਖਿਆ ਰੁਜ਼ਗਾਰ ਦੀ ਟਿਕਟ ਨਹੀਂ, ਜੀਵਨ ਦਾ ਦਰਸ਼ਨ ਬਣੇ

    Education Philosophy
    Education Philosophy: ਸਿੱਖਿਆ ਰੁਜ਼ਗਾਰ ਦੀ ਟਿਕਟ ਨਹੀਂ, ਜੀਵਨ ਦਾ ਦਰਸ਼ਨ ਬਣੇ

    Education Philosophy: ਵਿਸ਼ਵ ਸਿੱਖਿਆ ਦਿਵਸ ਸਿਰਫ਼ ਇੱਕ ਉਤਸਵ ਨਹੀਂ, ਸਗੋਂ ਆਤਮ-ਮੰਥਨ ਦਾ ਮੌਕਾ ਹੈ। ਇਹ ਸੋਚਣ ਦਾ ਪਲ ਹੈ ਕਿ ਸਿੱਖਿਆ ਕੀ ਹੈ, ਕਿਸ ਲਈ ਹੈ ਅਤੇ ਇਹ ਸਮਾਜ ਨੂੰ ਕਿਸ ਦਿਸ਼ਾ ਵਿੱਚ ਲਿਜਾ ਰਹੀ ਹੈ। ਭਾਰਤ ਇਸ ਸੰਦਰਭ ਵਿੱਚ ਸਿਰਫ਼ ਇੱਕ ਦੇਸ਼ ਨਹੀਂ, ਸਗੋਂ ਇੱਕ ਜਿਉਂਦੀ-ਜਾਗਦੀ ਸੱਭਿਅਤਾ ਹੈ, ਜਿਸ ਨੇ ਸਿੱਖਿਆ ਨੂੰ ਕਦੇ ਵੀ ਸਿਰਫ਼ ਰੁਜ਼ਗਾਰ ਜਾਂ ਜਾਣਕਾਰੀ ਦਾ ਸਾਧਨ ਨਹੀਂ ਮੰਨਿਆ, ਸਗੋਂ ਜੀਵਨ-ਨਿਰਮਾਣ, ਚਰਿੱਤਰ-ਨਿਰਮਾਣ ਤੇ ਆਤਮ-ਬੋਧ ਦੀ ਪ੍ਰਕਿਰਿਆ ਵਜੋਂ ਜੀਵਿਆ ਹੈ। ਅੱਜ ਜਦੋਂ ਦੁਨੀਆਂ ਗਿਆਨ, ਤਕਨੀਕ ਤੇ ਬਣਾਉਟੀ ਬੁੱਧੀਮਤਾ ਦੇ ਅਨੋਖੇ ਦੌਰ ਵਿੱਚ ਖੜ੍ਹੀ ਹੈ, ਤਾਂ ਭਾਰਤ ਦੀ ਪ੍ਰਾਚੀਨ ਗੁਰੂਕੁਲ ਪਰੰਪਰਾ ਤੇ ਉਸ ਦੇ ਸਿੱਖਿਆ ਸੂਤਰ ਵਿਸ਼ਵ ਅਗਵਾਈ ਦਾ ਅਧਾਰ ਬਣ ਸਕਦੇ ਹਨ। ਇਸ ਸਾਲ ਦਾ ਥੀਮ ‘ਸਿੱਖਿਆ ਦੇ ਸਹਿ-ਨਿਰਮਾਣ ਵਿੱਚ ਨੌਜਵਾਨਾਂ ਦੀ ਤਾਕਤ’ ਹੈ। Education Philosophy

    ਇਹ ਖਬਰ ਵੀ ਪੜ੍ਹੋ : Depth: ‘ਚਿੱਟੇ’ ਨੇ ਕਾਲੀ ਕੀਤੀ ਜ਼ਿੰਦਗੀ, ਡੇਰਾ ਸੱਚਾ ਸੌਦਾ ’ਚ ਆ ਕੇ ਮੁੜ ਚਮਕੀ ਕਿਸਮਤ

    ਜੋ ਸ਼ਾਂਤੀ ਤੇ ਵਿਕਾਸ ਲਈ ਸਿੱਖਿਆ ਦੇ ਮਹੱਤਵ ’ਤੇ ਕੇਂਦਰਿਤ ਹੈ। ਇਹ ਦਿਨ ਸਿੱਖਿਆ ਨੂੰ ਇੱਕ ਮੌਲਿਕ ਅਧਿਕਾਰ ਤੇ ਭਵਿੱਖ ਦੀ ਪੂੰਜੀ ਵਜੋਂ ਰੇਖਾਂਕਿਤ ਕਰਨ ਲਈ ਮਨਾਇਆ ਜਾਂਦਾ ਹੈ, ਤਾਂ ਜੋ ਗਰੀਬੀ ਖਤਮ ਕੀਤੀ ਜਾ ਸਕੇ, ਲਿੰਗ ਸਮਾਨਤਾ ਲਿਆਂਦੀ ਜਾ ਸਕੇ ਅਤੇ ਸਾਰਿਆਂ ਲਈ ਗੁਣਵੱਤਾਪੂਰਨ ਸਿੱਖਿਆ ਯਕੀਨੀ ਬਣਾਈ ਜਾ ਸਕੇ। ਇਸ ਦੀ ਲੋੜ ਇਸ ਲਈ ਵੀ ਹੈ ਕਿਉਂਕਿ ਲੱਖਾਂ ਬੱਚੇ ਅਤੇ ਨੌਜਵਾਨ ਸਿੱਖਿਆ ਤੋਂ ਵਾਂਝੇ ਹਨ ਤੇ ਇਹ ਦਿਨ ਨੌਜਵਾਨਾਂ ਦੀ ਭੂਮਿਕਾ ਨੂੰ ਮਹੱਤਵਪੂਰਨ ਬਣਾਉਂਦਾ ਹੈ। ਸੰਯੁਕਤ ਰਾਸ਼ਟਰ ਵੱਲੋਂ ਐਲਾਨਿਆ ਇਹ ਦਿਵਸ ਸ਼ਾਂਤੀ ਅਤੇ ਵਿਕਾਸ ਲਈ ਸਿੱਖਿਆ ਦੀ ਭੂਮਿਕਾ ਦਾ ਜਸ਼ਨ ਮਨਾਉਂਦਾ ਹੈ।

    ਇਹ ਸਿੱਖਿਆ ਨੂੰ ਇੱਕ ਮੌਲਿਕ ਮਨੁੱਖੀ ਅਧਿਕਾਰ, ਜਨਤਕ ਹਿੱਤ ਅਤੇ ਜ਼ਿੰਮੇਵਾਰੀ ਵਜੋਂ ਸਥਾਪਿਤ ਕਰਦਾ ਹੈ। ਇਹ ਦਿਨ ਗਰੀਬੀ ਦੇ ਚੱਕਰ ਨੂੰ ਤੋੜਨ ਅਤੇ ਲਿੰਗ ਸਮਾਨਤਾ ਪ੍ਰਾਪਤ ਕਰਨ ਲਈ ਸਿੱਖਿਆ ਦੀ ਲੋੜ ’ਤੇ ਜ਼ੋਰ ਦਿੰਦਾ ਹੈ। ਇਹ ਦਿਨ ਸਿੱਖਿਆ ਨੂੰ ਭਵਿੱਖ ਦੀ ਸਭ ਤੋਂ ਵੱਡੀ ਪੂੰਜੀ ਮੰਨਦਾ ਹੈ, ਜੋ ਸਮਾਜ ਨੂੰ ਹਨ੍ਹੇਰੇ ਤੋਂ ਬਾਹਰ ਕੱਢ ਸਕਦੀ ਹੈ ਅਤੇ ਭਵਿੱਖ ਦੇ ਨਿਰਮਾਤਾਵਾਂ ਨੂੰ ਤਿਆਰ ਕਰ ਸਕਦੀ ਹੈ। ਭਾਰਤ ਦੀ ਪ੍ਰਾਚੀਨ ਸਿੱਖਿਆ ਪਰੰਪਰਾ ਦਾ ਮੂਲ ਮੰਤਰ ਸੀ- ਸਾ ਵਿਦਿਆ ਯਾ ਵਿਮੁਕਤਯੇ, ਅਰਥਾਤ ਉਹੀ ਵਿੱਦਿਆ ਹੈ ਜੋ ਮੁਕਤ ਕਰੇ। ਗੁਰੂਕੁਲਾਂ ਵਿੱਚ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਸੀ। Education Philosophy

    ਉਹ ਆਚਰਨ, ਅਨੁਸ਼ਾਸਨ, ਕੁਦਰਤ ਨਾਲ ਤਾਲਮੇਲ, ਗੁਰੂ-ਸ਼ਿਸ਼ ਸੰਵਾਦ ਤੇ ਜੀਵਨ-ਉਪਯੋਗੀ ਹੁਨਰਾਂ ਦਾ ਤਾਲਮੇਲ ਸੀ। ਨਵੀਂ ਸਿੱਖਿਆ ਨੀਤੀ ਵਿੱਚ ਹੁਨਰ ਵਿਕਾਸ, ਅਨੁਭਵਾਤਮਕ ਤਰੱਕੀ, ਖੇਡਾਂ, ਕਲਾ ਅਤੇ ਵਪਾਰਕ ਸਿੱਖਿਆ ਨੂੰ ਮਹੱਤਵ ਦੇਣਾ, ਉੱਚ ਸਿੱਖਿਆ ਵਿੱਚ ਵਿਸ਼ਿਆਂ ਦੀਆਂ ਸਖ਼ਤ ਸੀਮਾਵਾਂ ਨੂੰ ਤੋੜਨਾ- ਇਹ ਸਾਰੇ ਕਦਮ ਗੁਰੂਕੁਲ ਪਰੰਪਰਾ ਦੀ ਆਧੁਨਿਕ ਪੁਨਰ-ਵਿਆਖਿਆ ਵਰਗੇ ਹਨ। ਮਾਂ-ਬੋਲੀ ਵਿੱਚ ਸਿੱਖਿਆ ਦੀ ਅਪੀਲ ਨਾ ਸਿਰਫ਼ ਬੋਧਾਤਮਕ ਵਿਕਾਸ ਨੂੰ ਮਜ਼ਬੂਤ ਕਰਦੀ ਹੈ, ਸਗੋਂ ਸੱਭਿਆਚਾਰਕ ਆਤਮ-ਵਿਸ਼ਵਾਸ ਵੀ ਆਉਂਦਾ ਹੈ। ਇਹ ਨੀਤੀ ਭਾਰਤੀ ਗਿਆਨ ਪਰੰਪਰਾ- ਯੋਗ, ਆਯੁਰਵੇਦ, ਦਰਸ਼ਨ, ਗਣਿਤ, ਖਗੋਲ ਵਿਗਿਆਨ ਨੂੰ ਵਿਸ਼ਵ ਪੱਧਰ ’ਤੇ ਮੁੜ ਸਥਾਪਿਤ ਕਰਨ ਦਾ ਮੌਕਾ ਦਿੰਦੀ ਹੈ। ਫਿਰ ਵੀ ਇਹ ਮੰਨਣਾ ਪਵੇਗਾ ਕਿ ਨੀਤੀ ਅਤੇ ਅਮਲ ਵਿਚਕਾਰ ਦੂਰੀ ਅਜੇ ਵੀ ਵੱਡੀ ਚੁਣੌਤੀ ਹੈ।

    ਵੱਡਾ ਬਦਲਾਅ ਦੀਆਂ ਉਮੀਦਾਂ ਅਜੇ ਅਧੂਰੀਆਂ ਹਨ। ਸਿੱਖਿਆ ਨੂੰ ਅਸਲ ਵਿੱਚ ਹੁਨਰ ਵਿਕਾਸ ਦਾ ਕੇਂਦਰ ਬਣਾਉਣਾ ਪਵੇਗਾ ਜਿੱਥੇ ਵਿਦਿਆਰਥੀ ਸਿਰਫ਼ ਪੜ੍ਹੇ ਨਾ, ਸਗੋਂ ਕਰ ਸਕੇ, ਸੋਚ ਸਕੇ, ਸਮੱਸਿਆਵਾਂ ਹੱਲ ਕਰ ਸਕੇ। ਪਾਠ-ਪੁਸਤਕਾਂ ਅਤੇ ਰੱਟਾ ਵਿੱਦਿਆ ਤੋਂ ਹਟ ਕੇ ਸਿੱਖਿਆ ਨੂੰ ਜੀਵਨ-ਵਿਕਾਸ ਦਾ ਅਧਾਰ ਬਣਾਉਣਾ ਹੋਵੇਗਾ। ਅਧਿਆਪਕ ਨੂੰ ਮੁੜ ਗੁਰੂ ਦੀ ਭੂਮਿਕਾ ਵਿੱਚ ਲਿਆਉਣਾ ਹੋਵੇਗਾ- ਮਾਰਗਦਰਸ਼ਕ, ਪ੍ਰੇਰਕ ਤੇ ਸਹਿਯਾਤਰੀ ਦੇ ਰੂਪ ਵਿਚ। ਤਕਨੀਕੀ ਵਿਕਾਸ, ਨਵੀਨਤਾ ਅਤੇ ਏਆਈ ਦੇ ਯੁੱਗ ਵਿੱਚ ਭਾਰਤੀ ਸਿੱਖਿਆ ਪ੍ਰਣਾਲੀ ਦੇ ਸਾਹਮਣੇ ਦੋਹਰੀ ਚੁਣੌਤੀ ਹੈ। ਇੱਕ ਪਾਸੇ ਉਸ ਨੂੰ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਸਮਰੱਥ ਬਣਨਾ ਹੈ- ਡਿਜ਼ੀਟਲ ਸਾਖਰਤਾ, ਡੇਟਾ, ਵਿਗਿਆਨ ਅਤੇ ਤਕਨੀਕ ਵਿੱਚ ਅੱਗੇ ਵਧਣਾ ਹੈ। Education Philosophy

    ਦੂਜੇ ਪਾਸੇ ਉਸ ਨੂੰ ਮਨੁੱਖੀ ਮੁੱਲਾਂ, ਦਇਆ, ਨੈਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਸੁਰੱਖਿਅਤ ਰੱਖਣਾ ਹੈ। ਜੇਕਰ ਸਿੱਖਿਆ ਸਿਰਫ਼ ਤਕਨੀਕ ਸਿਖਾਏਗੀ ਅਤੇ ਵਿਵੇਕ ਨਹੀਂ, ਤਾਂ ਉਹ ਤਬਾਹੀ ਦਾ ਸਾਧਨ ਬਣ ਸਕਦੀ ਹੈ। ਭਾਰਤ ਦੀ ਤਾਕਤ ਇਹੀ ਹੈ ਕਿ ਉਹ ਵਿਗਿਆਨ ਅਤੇ ਅਧਿਆਤਮ, ਤਕਨੀਕ ਅਤੇ ਤੱਤ-ਵਿਗਿਆਨ, ਨਵੀਨਤਾ ਅਤੇ ਨੈਤਿਕਤਾ- ਇਨ੍ਹਾਂ ਸਭ ਦਾ ਸੰਤੁਲਨ ਸਿਖਾ ਸਕਦਾ ਹੈ। ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਉਹ ਸਮਰੱਥਾ ਹੈ ਕਿ ਉਹ ਦੁਨੀਆਂ ਨੂੰ ਇੱਕ ਨਵਾਂ ਦਰਸ਼ਨ ਤੇ ਨਵਾਂ ਸਿੱਖਿਆ-ਸੂਤਰ ਦੇ ਸਕੇ, ਜਿੱਥੇ ਸਿੱਖਿਆ ਉਪਭੋਗ ਨਹੀਂ, ਸਾਧਨਾ ਹੋਵੇ; ਜਿੱਥੇ ਗਿਆਨ ਸੱਤਾ ਨਹੀਂ, ਸੇਵਾ ਬਣੇ; ਜਿੱਥੇ ਮੁਕਾਬਲੇ ਨਾਲ ਸਹਿ-ਹੋਂਦ ਵੀ ਹੋਵੇ।

    ‘ਵਸੂਧੈਵ ਕੁਟੁੰਬਕਮ’ ਦੀ ਭਾਵਨਾ ਅੱਜ ਵਿਸ਼ਵ ਸਿੱਖਿਆ ਦਾ ਸਭ ਤੋਂ ਪ੍ਰਾਸੰਗਿਕ ਮੰਤਰ ਬਣ ਸਕਦੀ ਹੈ। ਇੱਕੀਵੀਂ ਸਦੀ ਦਾ ਮਨੁੱਖ ਅਤੇ ਮਨੁੱਖੀ ਸਮਾਜ ਸਿਰਫ਼ ਤਕਨੀਕੀ ਸਮਰੱਥਾ ਜਾਂ ਆਰਥਿਕ ਤਰੱਕੀ ਨਾਲ ਪੂਰਨ ਨਹੀਂ ਹੋ ਸਕਦਾ। ਉਸ ਦੀ ਰਚਨਾ ਉਦੋਂ ਤੱਕ ਅਧੂਰੀ ਰਹੇਗੀ ਜਦੋਂ ਤੱਕ ਸਿੱਖਿਆ ਪਰਿਪੱਕ, ਸਮੁੱਚੀ ਅਤੇ ਮੁਲਾਂਕਣ ਭਰਪੂਰ ਨਾ ਹੋਵੇ। ਅੱਜ ਦੁਨੀਆਂ ਨੂੰ ਅਜਿਹੇ ਮਨੁੱਖ ਦੀ ਲੋੜ ਹੈ ਜੋ ਅਧਿਆਤਮਿਕ ਚੇਤਨਾ ਨਾਲ ਭਰਪੂਰ ਹੋਵੇ ਅਤੇ ਵਿਗਿਆਨਕ ਦ੍ਰਿਸ਼ਟੀ ਨਾਲ ਸਮਰੱਥ ਵੀ। ਸਿੱਖਿਆ ਦਾ ਸਵਰੂਪ ਅਜਿਹਾ ਹੋਵੇ ਜਿਸ ਵਿੱਚ ਗਿਆਨ ਸਿਰਫ਼ ਜਾਣਕਾਰੀ ਨਾ ਬਣੇ, ਸਗੋਂ ਵਿਵੇਕ, ਸੰਵੇਦਨਸ਼ੀਲਤਾ ਤੇ ਜ਼ਿੰਮੇਵਾਰੀ ਦਾ ਵਿਸਥਾਰ ਕਰੇ।

    ਮੁੱਲ-ਪ੍ਰਵਾਹਿਤ ਸਿੱਖਿਆ ਵਿਅਕਤੀ ਨੂੰ ਮਨੁੱਖ ਬਣਾਉਂਦੀ ਹੈ ਅਤੇ ਯੋਗ ਸਿੱਖਿਆ ਉਸ ਨੂੰ ਆਤਮ-ਸੰਯਮ, ਸੰਤੁਲਨ ਅਤੇ ਅੰਤਰਦ੍ਰਿਸ਼ਟੀ ਪ੍ਰਦਾਨ ਕਰਦਾ ਹੈ। ਇਨ੍ਹਾਂ ਦੋਵਾਂ ਦਾ ਤਾਲਮੇਲ ਹੀ ਅਜਿਹੀ ਸਿੱਖਿਆ ਨੂੰ ਜਨਮ ਦੇ ਸਕਦਾ ਹੈ ਜੋ ਵਿਅਕਤੀ ਨੂੰ ਆਤਮ-ਕੇਂਦਰਿਤ ਨਹੀਂ, ਸਗੋਂ ਵਿਸ਼ਵ-ਕਲਿਆਣ ਦੀ ਦਿਸ਼ਾ ਵੱਲ ਤੋਰੇ। ਭਾਰਤ ਦੇ ਅਨੇਕ ਅਧਿਆਤਮਿਕ ਸੰਤ ਮਹਾਂਪੁਰਸ਼ਾਂ ਨੇ ਸਿੱਖਿਆ ਨੂੰ ਲਗਾਤਾਰਤਾ ਦੇਣ ਲਈ ਇਸ ਵਿਸ਼ੇ ’ਤੇ ਗੰਭੀਰ ਚਿੰਤਨ-ਮੰਥਨ ਕੀਤਾ ਹੈ। ਉਹਨਾਂ ਅਨੁਸਾਰ ਮਨੁੱਖਤਾ ਦਾ ਭਵਿੱਖ ਕਿਰਤ, ਅਰਥ ਅਤੇ ਸੰਯਮ- ਇਨ੍ਹਾਂ ਤਿੰਨਾਂ ਦੇ ਤਾਲਮੇਲ ਪੂਰਨ ਵਿਕਾਸ ’ਤੇ ਨਿਰਭਰ ਹੈ। ਕਿਰਤ ਅਤੇ ਅਰਥ ਜੀਵਨ ਦੇ ਮੌਲਿਕ ਅਤੇ ਵਿਹਾਰਕ ਪਹਿਲੂ ਹਨ।

    ਜੋ ਸਮਾਜ ਦੀ ਗਤੀਸ਼ੀਲਤਾ ਅਤੇ ਆਤਮ-ਨਿਰਭਰਤਾ ਨੂੰ ਯਕੀਨੀ ਬਣਾਉਂਦੇ ਹਨ; ਜਦਕਿ ਸੰਯਮ ਜੀਵਨ ਦਾ ਅਧਿਆਤਮਿਕ ਪਹਿਲੂ ਹੈ, ਜੋ ਭੋਗ ਦੀ ਅੰਨ੍ਹੀ ਦੌੜ ਨੂੰ ਰੋਕ ਕੇ ਸੰਤੁਲਨ ਅਤੇ ਸ਼ਾਂਤੀ ਦੀ ਸਥਾਪਨਾ ਕਰਦਾ ਹੈ। ਜੇਕਰ ਸਿੱਖਿਆ ਜਾਂ ਸਿਖਲਾਈ ਇਨ੍ਹਾਂ ਤਿੰਨਾਂ ਅਧਾਰਾਂ ’ਤੇ ਨਿਰਮਿਤ ਨਾ ਹੋਵੇ, ਤਾਂ ਜੀਵਨ ਦੀ ਸਮੁੱਚਤਾ ਸਿਰਫ਼ ਇੱਕ ਕਲਪਨਾ ਬਣ ਕੇ ਰਹਿ ਜਾਂਦੀ ਹੈ। ਇਸ ਲਈ ਸਿੱਖਿਆ ਦਾ ਉਦੇਸ਼ ਸਿਰਫ਼ ਰੁਜ਼ਗਾਰ ਸਿਰਜਣਾ ਨਹੀਂ, ਸਗੋਂ ਅਜਿਹੇ ਮਨੁੱਖ ਦਾ ਨਿਰਮਾਣ ਹੋਣਾ ਚਾਹੀਦਾ ਹੈ ਜੋ ਕਿਰਤੀ ਹੋਵੇ, ਅਰਥ-ਸਚੇਤ ਹੋਵੇ ਅਤੇ ਸੰਯਮ ਵਾਲਾ ਵੀ- ਇਹੀ ਸਮੁੱਚੀ ਸਿੱਖਿਆ, ਸਮੁੱਚੇ ਮਨੁੱਖ ਅਤੇ ਸਮੁੱਚੇ ਸਮਾਜ ਦੀ ਨੀਂਹ ਹੈ। Education Philosophy

    ਲੋੜ ਇਸ ਗੱਲ ਦੀ ਹੈ ਕਿ ਜੇਕਰ ਭਾਰਤ ਆਪਣੀ ਪ੍ਰਾਚੀਨ ਗੁਰੂਕੁਲ ਪਰੰਪਰਾ ਦੀ ਆਤਮਾ ਨੂੰ ਆਧੁਨਿਕ ਸੰਦਰਭ ਵਿੱਚ ਮੁੜ ਸੁਰਜੀਤ ਕਰ ਸਕੇ, ਨਵੀਂ ਸਿੱਖਿਆ ਨੀਤੀ ਨੂੰ ਜ਼ਮੀਨੀ ਹਕੀਕਤ ਵਿੱਚ ਬਦਲ ਸਕੇ ਅਤੇ ਸਿੱਖਿਆ ਨੂੰ ਜੀਵਨ, ਸਮਾਜ ਅਤੇ ਕੁਦਰਤ ਨਾਲ ਜੋੜ ਸਕੇ, ਤਾਂ ਉਹ ਨਿਸ਼ਚਿਤ ਤੌਰ ’ਤੇ ਵਿਸ਼ਵ ਦਾ ਮਾਰਗਦਰਸ਼ਨ ਕਰਨ ਵਿੱਚ ਸਮਰੱਥ ਹੋਵੇਗਾ। ਇਹ ਸਿਰਫ਼ ਭਾਰਤ ਦੀ ਲੋੜ ਨਹੀਂ, ਸਗੋਂ ਮਨੁੱਖਤਾ ਦੀ ਵੀ ਲੋੜ ਹੈ। ਵਿਸ਼ਵ ਸਿੱਖਿਆ ਦਿਵਸ ’ਤੇ ਭਾਰਤ ਦਾ ਸੱਦਾ ਇਹੀ ਹੋ ਸਕਦਾ ਹੈ ਕਿ ਸਿੱਖਿਆ ਮਨੁੱਖ ਨੂੰ ਮਸ਼ੀਨ ਨਹੀਂ, ਮਨੁੱਖ ਬਣਾਵੇ; ਉਸ ਨੂੰ ਸਿਰਫ਼ ਮਾਹਿਰ ਹੀ ਨਹੀਂ, ਸੰਵੇਦਨਸ਼ੀਲ ਬਣਾਵੇ; ਅਤੇ ਉਸ ਨੂੰ ਸਿਰਫ਼ ਵਰਤਮਾਨ ਲਈ ਨਹੀਂ, ਭਵਿੱਖ ਲਈ ਤਿਆਰ ਕਰੇ।

    (ਇਹ ਲੇਖਕ ਦੇ ਆਪਣੇ ਵਿਚਾਰ ਹਨ)
    ਲਲਿਤ ਗਰਗ