ਸਿੱਖਿਆ ਵਿਭਾਗ ਨੇ ਫਾਈਨਲ ਪਰੀਖਿਆ ਸਮੇਂ ਵੀ ਕਰ ਦਿੱਤੇ ਤਬਾਦਲੇ, ਕਈ ਪ੍ਰਿੰਸੀਪਲਾਂ ਦੇ ਕੀਤੇ ਤਬਾਦਲੇ
ਪੰਜਾਬ ਸਰਕਾਰ ਵਿੱਚ ਪਹਿਲਾ ਵਿਭਾਗ, ਜਿਹੜੇ ਵਿਭਾਗ ਵਿੱਚ ਪਿਛਲੇ ਸਾਲ ਤੋਂ ਹੁਣ ਤੱਕ ਚਲ ਰਹੇ ਹਨ ਤਬਾਦਲੇ
ਤਬਾਦਲਾ ਨੀਤੀ ਤਹਿਤ ਤੈਅ ਸਮੇਂ ਦੌਰਾਨ ਹੀ ਹੋ ਸਕਦੇ ਹਨ ਤਬਾਦਲੇ ਪਰ ਸਿੱਖਿਆ ਵਿਭਾਗ ਨਹੀਂ ਕਰ ਰਿਹਾ ਐ ਨੀਤੀ ਨੂੰ ਲਾਗੂ
ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਦਾ ਸਿੱਖਿਆ ਵਿਭਾਗ (Education Department) ਕਮਾਲ ਹੀ ਕਰਨ ਲੱਗਿਆ ਹੋਇਆ ਹੈ, ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਬਾਦਲੇ ਦਾ ਕੰਮ ਬੰਦ ਹੋਏ ਨੂੰ ਮਹੀਨੇ ਬੀਤੇ ਗਏ ਹਨ ਪਰ ਸਿੱਖਿਆ ਵਿਭਾਗ ਹੀ ਇਹੋ ਜਿਹਾ ਹੈ, ਜਿਥੇ ਕਿ ਤਬਾਦਲੇ ਦਾ ਕੰਮ ਅੱਜ ਵੀ ਚਲ ਰਿਹਾ ਹੈ। ਸਿੱਖਿਆ ਵਿਭਾਗ ਇਨਾਂ ਦਿਨਾਂ ਵਿੱਚ ਤਬਾਦਲੇ ਵੀ ਉਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕਰਨ ਵਿੱਚ ਲੱਗਿਆ ਹੋਇਆ ਹੈ, ਜਿਸ ਨਾਲ ਸਰਕਾਰੀ ਸਕੂਲ ‘ਚ ਪੜਾਈ ਕਰਦੇ ਵਿਦਿਆਰਥੀਆਂ ਦੀ ਪਰੀਖਿਆਵਾਂ ‘ਤੇ ਵੀ ਖ਼ਾਸਾ ਅਸਰ ਪੈ ਸਕਦਾ ਹੈ
ਇਸ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਆਪਣੇ ਵੱਖ ਤਰੀਕੇ ਨਾਲ ਹੀ ਤਬਾਦਲੇ ਕਰਨ ਵਿੱਚ ਲੱਗਿਆ ਹੋਇਆ ਹੈ। ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ 16 ਸਕੂਲ ਪ੍ਰਿੰਸੀਪਲਾਂ ਦੇ ਤਬਾਦਲੇ ਕਰਕੇ ਨਵੀਂ ਤੈਨਾਤੀ ਦੇ ਆਦੇਸ਼ ਜਾਰੀ ਕੀਤੇ ਹਨ। ਇਨਾਂ ਸਾਰੇ ਪ੍ਰਿੰਸੀਪਲਾਂ ਦੇ ਤਬਾਦਲੇ ਦੇ ਆਦੇਸ਼ ਵੀ ਤੁਰੰਤ ਹੀ ਲਾਗੂ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਕਿ ਜਲਦ ਹੀ ਇਹ ਸਾਰੇ ਆਪਣੀ ਨਵੀਂ ਤੈਨਾਤੀ ਦਾ ਕਾਰਜਭਾਰ ਵੀ ਸੰਭਾਲ ਲੈਣ।
ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਤਬਾਦਲਾ ਕਰਨ ਲਈ ਇੱਕ ਤੈਅ ਸੀਮਾ ਦਾ ਆਦੇਸ਼ ਪਿਛਲੇ ਸਾਲ ਮਈ ਮਹੀਨੇ ਵਿੱਚ ਜਾਰੀ ਕੀਤਾ ਗਿਆ ਸੀ, ਜਿਸ ਦੌਰਾਨ ਕੁਝ ਦਿਨਾਂ ਦਾ ਵਾਧਾ ਕਰਦੇ ਹੋਏ ਵਿਭਾਗਾਂ ਨੂੰ ਹੋਰ ਤਬਾਦਲੇ ਕਰਨ ਲਈ ਵਾਧੂ ਸਮਾਂ ਵੀ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਭਰ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਬਾਦਲੇ ਕਰਨ ‘ਤੇ ਪਾਬੰਦੀ ਲਾ ਦਿੱਤੀ ਸੀ। ਇਥੇ ਹੀ ਕੋਈ ਜਰੂਰੀ ਤਬਾਦਲਾ ਕਰਨ ਦੀ ਜਰੂਰਤ ਸਮਝਣ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਤੋਂ ਉਸ ਦੀ ਪ੍ਰਵਾਨਗੀ ਲੈਣ ਲਈ ਕਿਹਾ ਸੀ।
ਇਨਾਂ ਆਦੇਸ਼ਾਂ ਤੋਂ ਬਾਅਦ ਜ਼ਿਆਦਾਤਰ ਸਰਕਾਰੀ ਵਿਭਾਗਾਂ ਵੱਲੋਂ ਤਬਾਦਲੇ ਬੰਦ ਕਰਕੇ ਕਰਮਚਾਰੀਆਂ ਨੂੰ ਆਪਣੇ ਕੰਮਾਂ ਵਲ ਧਿਆਨ ਦੇਣ ਲਈ ਕਿਹਾ ਗਿਆ ਅਤੇ ਇਹ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਮਈ ਜੂਨ ਵਿੱਚ ਤਬਾਦਲੇ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਤਬਾਦਲੇ ਕਰ ਦਿੱਤੇ ਜਾਣਗੇ ਪਰ ਇਥੇ ਹੀ ਸਿੱਖਿਆ ਵਿਭਾਗ ਇਹੋ ਜਿਹਾ ਨਿਵੇਕਲਾ ਵਿਭਾਗ ਹੈ, ਜਿਥੇ ਪੂਰਾ ਸਾਲ ਬੀਤਣ ਤੋਂ ਬਾਅਦ ਵੀ ਤਬਾਦਲੇ ਦਾ ਕੰਮ ਰੁਕਣ ਦਾ ਨਾਅ ਹੀ ਨਹੀਂ ਰਿਹਾ।
Education Department | ਸਿੱਖਿਆ ਵਿਭਾਗ ਵੱਲੋਂ ਇਸੇ ਸਾਲ ਜਨਵਰੀ ਵਿੱਚ ਵੀ ਤਬਾਦਲੇ ਕੀਤੇ ਗਏ ਸਨ ਅਤੇ ਹੁਣ ਫਰਵਰੀ ਵਿੱਚ ਵੀ ਤਬਾਦਲੇ ਦਾ ਦੌਰ ਜਾਰੀ ਰੱਖਿਆ ਹੋਇਆ ਹੈ। ਬੀਤੇ ਦਿਨ 4 ਫਰਵਰੀ ਨੂੰ 13 ਪ੍ਰਿੰਸੀਪਲ ਅਤੇ 3 ਜਿਲ੍ਹਾ ਸਿੱਖਿਆ ਦਫ਼ਤਰ ਦੇ ਅਧਿਕਾਰੀਆਂ ਦੇ ਕੁਲ 16 ਤਬਾਦਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਨਾਂ ਨੂੰ ਤੁਰੰਤ ਅਮਲ ਵਿੱਚ ਲਿਆਉਣ ਲਈ ਵੀ ਕਿਹਾ ਹੈ।
ਨਤੀਜੇ ਦੀ ਚਿੰਤਾ ਐ ਤਾਂ ਤਬਾਦਲੇ ਕਿਉਂ ਕਰ ਰਿਹਾ ਐ ਸਿੱਖਿਆ ਵਿਭਾਗ
Education Department ਸਿੱਖਿਆ ਵਿਭਾਗ ਵੱਲੋਂ ਤਬਾਦਲਾ ਕਰਨ ਦੇ ਆਦੇਸ਼ ਜਾਰੀ ਕਰਨ ਦੇ ਨਾਲ ਹੀ ਇਹ ਵੀ ਆਦੇਸ਼ ਦਿੱਤੇ ਹਨ ਕਿ ਜਿਹੜੇ ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਗਏ ਹਨ, ਉਹ ਆਪਣੇ ਨਵੇਂ ਅਤੇ ਪੁਰਾਣੇ ਸਕੂਲ ਦੇ ਸਲਾਨਾ ਨਤੀਜਿਆਂ ਲਈ ਜ਼ਿੰਮੇਵਾਰ ਹੋਣਗੇ। ਇਥੇ ਇਹ ਸਮਝ ਨਹੀਂ ਆ ਰਹੀਂ ਹੈ ਕਿ ਜੇਕਰ ਸਿੱਖਿਆ ਵਿਭਾਗ ਸਲਾਨਾ ਨਤੀਜਿਆਂ ਲਈ ਇੰਨਾ ਹੀ ਜਿਆਦਾ ਚਿੰਤਤ ਹੈ ਤਾਂ ਉਨਾਂ ਵਲੋਂ ਤਬਾਦਲੇ ਹੀ ਕਿਉਂ ਕੀਤੇ ਜਾ ਰਹੇ ਹਨ। ਇਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਲਾਨਾ ਪਰੀਖਿਆਵਾਂ ਇਸੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਹਨ
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਣੇ ਬੁਲਾਰੇ ਨਹੀਂ ਚੁੱਕਦੇ ਫੋਨ
ਸਿੱਖਿਆ ਵਿਭਾਗ ਇਸ ਸਮੇਂ ਕਿਉਂ ਤਬਾਦਲੇ ਕਰਨ ਵਿੱਚ ਲੱਗਿਆ ਹੋਇਆ ਹੈ, ਇਸ ਸਬੰਧੀ ਜਾਣਕਾਰੀ ਲੈਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ Àਨ੍ਹਾਂ ਫੋਨ ਨਹੀਂ ਚੁੱਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।