ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਮਨੀ ਲਾਂਡਰਿੰਗ ਰੋਕੂ ਕਾਨੂੰਨ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰ ਰਹੀ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੇਸ਼ਨਲ ਹੈਰਾਲਡ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਨਿਯੰਤਰਿਤ ਕੰਪਨੀ ਯੰਗ ਇੰਡੀਆ ਲਿਮਟਿਡ ਦੇ ਦਿੱਲੀ ਸਥਿਤ ਦਫ਼ਤਰ ਭਵਨ ਦੀ ਵੀਰਵਾਰ ਨੂੰ ਮੁੜ ਤਲਾਸ਼ੀ ਲਈ।
ਇਸ ਦੌਰਾਨ ਉੱਥੇ ਕਾਂਗਰਸ ਦੇ ਸੀਨੀਅਰ ਆਗੂ ਮਲਿਕਾਅਰਜੁਨ ਖੜਗੇ ਨੂੰ ਵੀ ਤਲਬ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਏਜੰਸੀ ਨੇ ਨਵੀਂ ਦਿੱਲੀ ਦੇ ਬਾਹਦਰ ਸ਼ਾਹ ਜਫਰ ਮਾਰਗ ਸਥਿਤ ਹੇਰਾਲਡ ਹਾਊਸ ਸਥਿਤ ਯੰਗ ਇੰਡੀਆ ਦੇ ਦਫ਼ਤਰ ਨੂੰ ਸੀਲ ਕਰਕੇ ਉਸ ’ਤੇ ਨੋਟਿਸ ਚਿਪਕਾ ਕੇ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਿਆ ਦਿੱਤਾ ਸੀ। ਸੀਲ ਕਰਨ ਦੀ ਕਾਰਵਾਈ ਤੋਂ ਪਹਿਲਾਂ ਏਜੰਸੀ ਨੇ ਹੇਰਾਲਡ ਹਾਊਸ ਤੇ ਹੇਰਾਲਡ ਅਖਬਾਰ ਸਮੂਹ ਦੇ ਦੇਸ਼ ਭਰ ’ਚ ਫੈਲੇ ਟਿਕਾਣਿਆਂ ਦੀ ਤਲਾਸ਼ੀ ਲਈ ਸੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਈਡੀ ਦੀ ਇਸ ਕਾਰਵਾਈ ਦਾ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਇਸ ਦੇ ਰਾਹੀਂ ਉਨ੍ਹਾਂ ਦੀ ਪਾਰਟੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਟਵੀਟ ਕੀਤਾ, ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਅਰਜੁਨ ਖੜਗੇ ਨੂੰ ਈਡੀ ਨੇ ਤਲਬ ਕੀਤਾ ਹੈ। ਜਦੋਂਕਿ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ। ਅਸਲ ’ਚ ਉਹ (ਖੜਗੇ) 12.20 ਵਜੇ ਉੱਥੋਂ ਨਿਕਲ ਚੁੱਕੇ ਸਨ ਤੇ ਉਨ੍ਹਾਂ ਨੇ ਆਪਣੀ ਹਾਜ਼ਰੀ ਦਰਜ ਕਰਵਾ ਦਿੱਤੀ ਸੀ। ਇਹ ਮੋਦੀਸ਼ਾਹੀ ਚੱਲ ਰਹੀ ਹੈ ਤੇ ਇਹ ਹੋਰ ਹੇਠਾਂ ਡਿੱਗ ਰਹੀ ਹੈ। ਸੂਤਰਾਂ ਅਨੁਸਾਰ ਖਰਗੇ ਹੇਰਾਲਡ ਹਾਊਸ ਪਹੁੰਚ ਚੁੱਕੇ ਸਨ ਤੇ ਉੱਥੇ ਈਡੀ ਦੀ ਟੀਮਾ ਤਲਾਸ਼ੀ ਦੇ ਕੰਮ ’ਚ ਲੱਗੀ ਹੋਈ ਸੀ। ਖੜਗੇ ਨੇ ਮੰਗਲਵਾਰ ਨੂੰ ਕਿਹਾ ਕਿ ਨੈਸ਼ਨਲ ਹੇਰਾਲਡ ਦੇ ਵੱਖ-ਵੱਖ ਦਫ਼ਤਰਾ ’ਤੇ ਈਡੀ ਦਾ ਛਾਪਾ ਸਿਆਸੀ ਬਦਲੇ ਦੀ ਕਾਰਵਾਈ ਹੈ।
ਕੀ ਹੈ ਮਾਮਲਾ
ਦੱਸਣਯੋਗ ਹੈ ਕਿ ਹੇਰਾਲਡ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਰਾਹੁਲ ਗਾਂਧੀ ਅਤੇ ਸ੍ਰੀਮਤੀ ਸੋਨੀਆ ਗਾਂਧੀ ਤੋਂ ਕਈ ਗੇੜਾਂ ਵਿੱਚ ਘੰਟਿਆਂ ਤੱਕ ਪੁੱਛਗਿੱਛ ਕੀਤੀ ਹੈ। ਇਹ ਮਾਮਲਾ ਫਰਜ਼ੀ ਸੌਦਿਆਂ ਦਾ ਜਾਲ ਬਣਾ ਕੇ ਹੇਰਾਲਡ ਅਖਬਾਰ ਸਮੂਹ ਦੀ ਜਾਇਦਾਦ ਯੰਗ ਇੰਡੀਆ ਕੰਪਨੀ ਨੂੰ ਸਿਰਫ 50 ਲੱਖ ਰੁਪਏ ਵਿੱਚ ਸੌਂਪਣ ਨਾਲ ਸਬੰਧਤ ਹੈ।
ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਅਤੇ ਗਾਂਧੀ ਦੀ ਸ਼ਿਕਾਇਤ ‘ਤੇ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਸ੍ਰੀਮਤੀ ਸੋਨੀਆ ਗਾਂਧੀ ਨੂੰ ਹੇਠਲੀ ਅਦਾਲਤ ਤੋਂ ਜ਼ਮਾਨਤ ਲੈਣੀ ਪਈ ਸੀ। ਯੰਗ ਇੰਡੀਆ ਲਿਮਟਿਡ ‘ਚ ਕਾਂਗਰਸ ਦੇ ਦੋਵੇਂ ਚੋਟੀ ਦੇ ਨੇਤਾਵਾਂ ਦੀ ਹਿੱਸੇਦਾਰੀ 38-38 ਫੀਸਦੀ ਹੈ। ਕੰਪਨੀ ਦੇ ਦੋ ਸ਼ੇਅਰ ਧਾਰਕਾਂ ਮੋਤੀਲਾਲ ਬੋਰਾ ਅਤੇ ਆਸਕਰ ਫਨਾਰਡਸ ਦਾ ਦਿਹਾਂਤ ਹੋ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ