ED Raid : ਮੁਖਤਾਰ ਅੰਸਾਰੀ ਦੇ ਟਿਕਾਣਿਆਂ ’ਤੇ ਈਡੀ ਦੀ ਵੱਡੀ ਕਾਰਵਾਈ, 11 ਜਗ੍ਹਾ ’ਤੇ ਛਾਪੇਮਾਰੀ
ਲਖਨਊ (ਸੱਚ ਕਹੂੰ ਬਿਊਰੋ)। ਈਡੀ ਨੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਉਸ ਦੇ ਕਈ ਟਿਕਾਣਿਆਂ ’ਤੇ ਫਿਰ ਤੋਂ ਛਾਪੇਮਾਰੀ ਕੀਤੀ ਹੈ। ਮੁਹੰਮਦਾਬਾਦ ’ਚ ਮੁਖਤਾਰ ਦੇ ਘਰ ’ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਈਡੀ ਨੇ ਅੰਸਾਰੀ ਅਤੇ ਉਸ ਦੇ ਕਰੀਬੀ ਸਾਥੀਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਈਡੀ ਨੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਲਖਨਊ, ਮਊ ਅਤੇ ਗਾਜ਼ੀਪੁਰ ਜ਼ਿਲ੍ਹਿਆਂ ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ।
ਮੁਖਤਾਰ ਅੰਸਾਰੀ ਦੀ 5.10 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਕੁਰਕ ਕੀਤੀ ਗਈ
27 ਅਪ੍ਰੈਲ 2022 ਨੂੰ, ਗਾਜ਼ੀਪੁਰ, ਉੱਤਰ ਪ੍ਰਦੇਸ਼ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ‘ਆਈਐਸ 191 ਗੈਂਗ’ ਦੇ ਨੇਤਾ ਅਤੇ ਬਾਹੂਬਲੀ ਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਦੀ ਪੰਜ ਕਰੋੜ ਰੁਪਏ ਤੋਂ ਵੱਧ ਦੀ ਬੇਨਾਮੀ ਜਾਇਦਾਦ ਕੁਰਕ ਕੀਤੀ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ਅਨੁਸਾਰ ਗਾਜ਼ੀਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਗਾਜ਼ੀਪੁਰ ਪੁਲਿਸ ਦੀ ਜਾਂਚ ਰਿਪੋਰਟ ’ਤੇ ਵਿਚਾਰ ਕਰਨ ਤੋਂ ਬਾਅਦ ਗੈਂਗਸਟਰ ਐਕਟ ਦੀ ਧਾਰਾ 14 (1) ਤਹਿਤ ਕੁਰਕੀ ਕੀਤੀ ਹੈ। ਦੱਸਿਆ ਗਿਆ ਕਿ ਕੁਰਕ ਕੀਤੀ ਜਾਇਦਾਦ ਗਾਜ਼ੀਪੁਰ ਦੇ ਮੁਹੱਲਾ ਬੱਦੀ ਵਿਖੇ ਸਥਿਤ ਵਪਾਰਕ ਜ਼ਮੀਨ ’ਤੇ ਸਥਿਤ ਹੈ। ਇਹ ਜਾਇਦਾਦ ਮਾਲ ਵਿਭਾਗ ਦੇ ਰਿਕਾਰਡ ਵਿੱਚ ਮੁਖਤਾਰ ਅੰਸਾਰੀ ਦੇ ਸਾਲੇ ਅਨਵਰ ਸ਼ਹਿਜ਼ਾਦ ਅਤੇ ਸਰਜੀਲ ਰਜ਼ਾ ਦੇ ਨਾਂਅ ਦਰਜ ਹੈ।
ਬਿਆਨ ਵਿੱਚ ਦੱਸਿਆ ਗਿਆ ਕਿ ਜਾਇਦਾਦ ਕੁਰਕ ਕਰਨ ਲਈ ਗਾਜ਼ੀਪੁਰ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ 27 ਅਪਰੈਲ ਨੂੰ ਉਕਤ ਜ਼ਮੀਨ ਕੁਰਕ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਬੱਬੜੀ ਵਿਖੇ ਸਥਿਤ ਇਸ ਜ਼ਮੀਨ ਦਾ ਰਕਬਾ 0.3134 ਹੈਕਟੇਅਰ ਹੈ ਅਤੇ ਇਸ ਦੀ ਬਾਜ਼ਾਰੀ ਕੀਮਤ ਕਰੀਬ 5 ਕਰੋੜ 10 ਲੱਖ ਰੁਪਏ ਬਣਦੀ ਹੈ। ਇਸ ਕੁਰਕੀ ਸਮੇਤ ਗਾਜ਼ੀਪੁਰ ਪੁਲਿਸ ਅਤੇ ਪ੍ਰਸ਼ਾਸਨ ਨੇ ਮੁਖਤਾਰ ਅੰਸਾਰੀ ਦੀ ਹੁਣ ਤੱਕ ਕਰੀਬ 65 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਇਸ ਦੇ ਨਾਲ ਹੀ ਮੁਖਤਾਰ ਅੰਸਾਰੀ ਗੈਂਗ ਦੀ ਕਰੀਬ 109 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਢਾਹਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ