ਆਰਥਿਕਤਾ ਉਤਾਂਹ, ਸਮਾਜ ਹੇਠਾਂ ਵੱਲ

Crime News

ਆਰਥਿਕ (Economy) ਪੱਖੋਂ ਦੇਸ਼ ਤਰੱਕੀ ਕਰ ਰਿਹਾ ਹੈ। ਤਕਨੀਕ ਪੱਖੋਂ ਵੀ ਦੇਸ਼ ਦਾ ਨਾਂਅ ਅਗਲੀ ਕਤਾਰ ’ਚ ਆ ਰਿਹਾ ਹੈ। ਇਸ ਦੇ ਬਾਵਜ਼ੂਦ ਸਮਾਜ ’ਚ ਗਿਰਾਵਟ ਬਹੁਤ ਜ਼ਿਆਦਾ ਆ ਰਹੀ ਹੈ। ਦੇਸ਼ ਅੰਦਰ ਚੋਰੀਆਂ, ਕਤਲ, ਡਕੈਤੀਆਂ ਲਗਾਤਾਰ ਵਧ ਰਹੇ ਹਨ। ਹਰ ਕੋਈ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਕਾਨੂੰਨ ਵਿਵਸਥਾ ਦੀ ਸਮੱਸਿਆ ਬੜੀ ਗੰਭੀਰ ਹੈ। ਕੋਈ ਅਜਿਹਾ ਦਿਨ ਨਹੀਂ ਹੋਣਾ ਜਦੋਂ ਲੁੱਟ-ਖੋਹ ਦੀ ਘਟਨਾ ਨਾ ਵਾਪਰੀ ਹੋਵੇ। ਕਦੇ ਕਿਸੇ ਇੱਕ ਲੁੱਟ-ਖੋਹ ਜਾਂ ਕਤਲ ਦੀ ਘਟਨਾ ਪੂਰੇ ਸੂਬੇ ’ਚ ਹੁੰਦੀ ਸੀ ਪਰ ਹੁਣ ਇਹ ਘਟਨਾਵਾਂ ਆਮ ਹੋ ਚੁੱਕੀਆਂ ਹਨ ਕਿ ਇਹਨਾਂ ਦੀ ਚਰਚਾ ਜਿਲ੍ਹੇ ਅੰਦਰ ਵੀ ਦੱਬ ਕੇ ਰਹਿ ਜਾਂਦੀ ਹੈ ਕਿ ਜਿਵੇਂ ਇਸ ਨੂੰ ਹਕੀਕਤ ਮੰਨ ਲਿਆ ਗਿਆ ਹੋਵੇ।

ਸਮਾਜਿਕ ਗਿਰਾਵਟ | Economy

ਸਰਕਾਰਾਂ ਦੇ ਏਜੰਡੇ ’ਚ ਸਮਾਜਿਕ ਗਿਰਾਵਟ ਨੂੰ ਲੋੜੀਂਦਾ ਮਹੱਤਵ ਨਹੀਂ ਦਿੱਤਾ ਜਾਂਦਾ ਖਾਸ ਕਰਕੇ ਬਹੁਤੀਆਂ ਘਟਨਾਵਾਂ ਆਪਸੀ ਰੰਜਿਸ਼ ਕਹਿ ਕੇ ਪ੍ਰਸ਼ਾਸਨ ਆਪਣੀ ਜਿੰਮੇਵਾਰੀ ਤੋਂ ਮੁਕਤ ਹੋ ਜਾਂਦਾ ਹੈ ਪਰ ਸਵਾਲ ਤਾਂ ਇਹ ਵੀ ੳੱੁਠਦਾ ਹੈ ਕਿ ਅਪਰਾਧਿਕ ਪ੍ਰਵਿਰਤੀ ਕਿਸ ਮਾਹੌਲ ਨੇ ਪੈਦਾ ਕੀਤੀ ਹੈ। ਟੀ.ਵੀ. ਚੈਨਲਾਂ ਦੇ ਹਿੰਸਾ ਵਾਲੇੇ ਸੀਰੀਅਲਾਂ, ਘਟੀਆ ਇਸ਼ਤਿਹਾਰਬਾਜ਼ੀ ’ਤੇ ਸਖਤੀ ਨਹੀਂ ਕੀਤੀ ਗਈ ਜਿਸ ਦਾ ਨਤੀਜਾ ਇਹ ਨਿੱਕਲਿਆ ਮਾਸੂਮ ਜਿਹੇ ਬਾਲਕ ਵੀ ਅਪਰਾਧਾਂ ਦੀ ਖੱਡ ’ਚ ਜਾ ਡਿੱਗੇ। ਲੁਟੇਰੇ ਕਿਉਂ ਪੈਦਾ ਹੋ ਰਹੇ ਹਨ ਰੋਜ਼ਾਨਾ ਹੀ ਏਟੀਐਮ ਤੋੜਨਾ, ਕੈਸ਼ ਵੈਨਾਂ ਲੁੱਟਣ, ਜ਼ਮੀਨ-ਜਾਇਦਾਦ ਦੇ ਲਾਲਚ ’ਚ ਪੁੱਤਰਾਂ ਵੱਲੋਂ ਪਿਓ ਦਾ ਕਤਲ, ਭਰਾ ਵੱਲੋਂ ਭਰਾ ਦਾ ਕਤਲ, ਪ੍ਰਵਾਸੀਆਂ ਦੀ ਜਾਇਦਾਦ ਹੜੱਪਣੀ ਬਹੁਤ ਸਾਰੀਆਂ ਘਟਨਾਵਾਂ ਹਨ ਜਿਨ੍ਹਾਂ ਨੇ ਸਮਾਜ ’ਚ ਦਹਿਸ਼ਤ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ : Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮਿਲੇਗੀ ਰਾਹਤ!

ਇਹ ਮਸਲਾ ਸਿਰਫ ਕਾਨੂੰਨ ਤੇ ਵਿਵਸਥਾ ਦਾ ਨਹੀਂ ਸਗੋਂ ਇਸ ਦੀਆਂ ਜੜ੍ਹਾਂ ਸਮਾਜਿਕ ਵਿਕਾਸ ਦਾ ਬੇਤਰਤੀਬਾ ਹੋਣਾ ਹੈ। ਵਿਸ਼ਵ ਪੱਧਰ ’ਤੇ ਜੋ ਤਬਦੀਲੀਆਂ ਆ ਰਹੀਆਂ ਹਨ ਉਹਨਾਂ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਭਾਰਤੀ ਸਮਾਜ ਕੋਲ ਢਾਲ ਹੀ ਮੌਜੂਦ ਨਹੀਂ। ਸਮਾਜਿਕ ਪ੍ਰਭਾਵਾਂ ਬਾਰੇ ਨਾ ਤਾਂ ਸਿੱਖਿਆ ਢਾਂਚਾ ਮਜ਼ਬੂਤ ਹੈ ਤੇ ਨਾ ਹੀ ਸੱਭਿਆਚਾਰਕ ਮੰਚ ਤਿਆਰ ਹੈ। ਪੱਛਮ ਦੀਆਂ ਕੁਰੀਤੀਆਂ ਨੂੰ ਵੀ ਆਧੁਨਿਕਤਾ ਦੇ ਨਾਂਅ ’ਤੇ ਪ੍ਰਚਾਰਿਆ ਜਾ ਰਿਹਾ ਹੈ। ਭਾਰਤੀ ਸੰਸਕ੍ਰਿਤੀ ਦੱਬ ਕੇ ਰਹਿ ਗਈ ਹੈ। ਭਾਰਤੀ ਖੁਰਾਕ, ਪਹਿਰਾਵਾ, ਪਰਿਵਾਰਿਕ ਸਾਂਝ, ਰਿਸ਼ਤੇ-ਨਾਤੇ, ਕਲਾਵਾਂ ਸਭ ਕੁਝ ਪਿੱਛੇ ਰਹਿ ਗਏ ਹਨ। ਬਾਹਰਲੇ ਮੁਲਕਾਂ ’ਚ ਅਮਨ-ਅਮਾਨ ਦੀ ਚਰਚਾ ਹੁੰਦੀ ਹੈ ਪਰ ਸਾਡੇ ਦੇਸ਼ ’ਚ ਅਪਰਾਧ ਨਾ ਸਿਰਫ ਅਪਰਾਧੀਆਂ ਸਗੋਂ ਭਿ੍ਰਸ਼ਟ ਮੁਲਾਜ਼ਮਾਂ, ਅਫਸਰਾਂ ਲਈ ਸੋਨੇ ਦੀ ਖਾਨ ਬਣ ਗਿਆ ਹੈ। ਜ਼ਰੂਰੀ ਹੈ ਸਰਕਾਰਾਂ ਸਮਾਜ ’ਚ ਅਮਨ-ਚੈਨ, ਪ੍ਰੇਮ-ਪਿਆਰ ਤੇ ਵਿਸ਼ਵਾਸ ਭਰੇ ਮਾਹੌਲ ਲਈ ਠੋਸ ਨੀਤੀਆਂ ਬਣਾਉਣ।