ਮਾਰਚ ਮਹੀਨੇ ਦੌਰਾਨ ਬਿਜਲੀ ਦੀ ਮੰਗ ’ਚ ਪਿਛਲੇ ਸਾਲ ਨਾਲੋਂ 14 ਫੀਸਦੀ ਵਾਧਾ

Electricity Prices in Punjab

ਸਾਨਨ ਹਾਈਡਲ ਪ੍ਰੋਜੈਕਟ ਸਮੇਤ ਪਣ ਬਿਜਲੀ ਪ੍ਰੋਜੈਕਟਾਂ ਤੋਂ ਉਤਪਦਾਨ ਵੱਧ

ਝੋਨੇ ਦੇ ਸੀਜ਼ਨ ’ਚ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੱਕ ਅੱਪੜਨ ਦੇ ਅੰਦਾਜੇ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਇਸ ਸਾਲ ਬਿਜਲੀ ਦੀ (Electricity) ਮੰਗ ਵਿੱਚ ਪਿਛਲੇ ਸਾਲ ਨਾਲੋਂ ਵੱਡਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮਾਰਚ ਮਹੀਨੇ ਦੌਰਾਨ ਬਿਜਲੀ ਦੀ ਮੰਗ 8490 ਮੈਗਾਵਾਟ ਤੱਕ ਜਾ ਅੱਪੜੀ ਸੀ, ਜੋ ਕਿ ਪਿਛਲੇ ਸਾਲ ਮਾਰਚ ਮਹੀਨੇ ਨਾਲੋਂ 14 ਫੀਸਦੀ ਤੱਕ ਵੱਧ ਸੀ। ਇਸ ਸਾਲ ਝੋਨੇ ਦੀ ਸੀਜ਼ਨ ਵਿੱਚ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਦੇ ਨੇੜੇ ਪੁੱਜਣ ਦਾ ਅਨੁਮਾਨ ਹੈ। ਜਾਣਕਾਰੀ ਅਨੁਸਾਰ ਮਾਰਚ ਮਹੀਨੇ ਦੌਰਾਨ ਹੀ ਪਾਰਾ ਵਧਣ ਲੱਗਾ ਹੈ, ਜਿਸ ਤੋਂ ਬਾਅਦ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਹੋਇਆ ਹੈ।

ਮੌਸਮ ਵਿਭਾਗ ਵੱਲੋਂ ਵੀ ਇਸ ਸਾਲ ਵੱਧ ਗਰਮੀ ਦੇ ਸੰਕੇਤ ਦਿੱਤੇ ਗਏ ਹਨ। ਪਾਵਰਕੌਮ ਦਾ ਦਾਅਵਾ ਹੈ ਕਿ ਮਾਰਚ 2022 ਦੌਰਾਨ 8,490 ਮੈਗਾਵਾਟ ਬਿਜਲੀ ਦੀ ਸਿਖਰ ਮੰਗ ਨੂੰ ਪੂਰਾ ਕੀਤਾ ਹੈ, ਜੋ ਕਿ ਮਾਰਚ 2021 ਵਿੱਚ 7,455 ਮੈਗਾਵਾਟ ਦੇ ਮੁਕਾਬਲੇ 14 ਫੀਸਦੀ ਵੱਧ ਹੈ। ਪਾਵਰਕੌਮ ਨੇ ਮਾਰਚ 2022 ਦੇ ਦੂਜੇ ਅੱਧ ਦੌਰਾਨ 16,869 ਲੱਖ ਯੂਨਿਟਾਂ ਦੀ ਸਪਲਾਈ ਕੀਤੀ ਹੈ ਜੋ ਪਿਛਲੇ ਸਾਲ ਦੌਰਾਨ ਸਪਲਾਈ ਕੀਤੇ 13,452 ਲੱਖ ਯੂਨਿਟਾਂ ਦੇ ਮੁਕਾਬਲੇ 25 ਫੀਸਦੀ ਵੱਧ ਹਨ। ਦੇਸ ਵਿਚ ਕੋਲੇ ਦੀ ਕਮੀ ਦੇ ਹਾਲਾਤ ਅਤੇ ਬਜ਼ਾਰ ਵਿਚ ਬਿਜਲੀ ਦੀਆਂ ਵਧਦੀਆਂ ਦਰਾਂ ਦੇ ਮੱਦੇਨਜਰ, ਬਿਜਲੀ ਖੇਤਰ ਮੁਸਕਲ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਇਲਾਵਾ 110 ਮੈਗਾਵਾਟ ਸਾਨਨ ਹਾਈਡਲ ਪ੍ਰੋਜੈਕਟ ਜੋਗਿੰਦਰ ਨਗਰ ਜਿਸ ਨੇ ਮਾਰਚ 2022 ਦੌਰਾਨ ਆਪਣੀ ਹੁਣ ਤੱਕ ਦੀ ਦੂਜੀ ਸਭ ਤੋਂ ਉੱਚੀ ਮਾਸਿਕ ਜਨਰੇਸਨ 471 ਮੈਗਾਵਾਟ ਦਰਜ ਕੀਤੀ ਹੈ ਜੋਂ ਕਿ ਪਿਛਲੇ 24 ਸਾਲਾਂ ਵਿੱਚ ਇੱਕ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਉਤਪਾਦਨ ਹੈ। ਮਾਰਚ 2022 ਦੌਰਾਨ ਸਾਨਨ ਵਿਖੇ ਉਤਪਾਦਨ ਮਾਰਚ 2021 (118 ) ਨਾਲੋਂ 300 ਫੀਸਦੀ ਵੱਧ ਹੈ।

ਪਾਵਰਕੌਮ ਅਨੁਸਾਰ ਮਾਰਚ 2022 ਦੇ ਮਹੀਨੇ ਦੌਰਾਨ ਪਾਵਰਕੌਮ ਨੇ ਬੈਂਕਿੰਗ ਲਈ ਤਾਮਿਲਨਾਡੂ, ਤੇਲੰਗਾਨਾ, ਅਰੁਣਾਚਲ ਪ੍ਰਦੇਸ, ਮੇਘਾਲਿਆ, ਮੱਧ ਪ੍ਰਦੇਸ, ਹਿਮਾਚਲ ਪ੍ਰਦੇਸ, ਮਨੀਪੁਰ, ਮਹਾਰਾਸਟਰ ਅਤੇ ਪੱਛਮੀ ਬੰਗਾਲ ਰਾਜਾਂ ਨੂੰ ਸਭ ਤੋਂ ਵੱਧ 961 ਮੈਗਾਵਾਟ ਬਿਜਲੀ ਸਪਲਾਈ ਕੀਤੀ ਹੈ, ਜੋਂ ਕਿ ਪਿਛਲੇ ਸਾਲ 701 ਮੈਗਾਵਾਟ ਤੋਂ ਵੱਧ 37 ਫੀਸਦੀ ਬੈਂਕਿੰਗ ਹੈ ਅਤੇ ਬਦਲੇ ਵਿੱਚ ਝੋਨੇ ਦੀ ਲੁਆਈ ਦੌਰਾਨ 2300 ਮੈਗਾਵਾਟ ਤੱਕ ਦੀ ਬਿਜਲੀ ਵਾਪਸ ਮਿਲੇਗੀ। ਮਾਰਚ-2022 ਦੌਰਾਨ ਰੋਜਾਨਾ ਔਸਤ ਮੰਗ 7400 ਮੈਗਾਵਾਟ ਤੱਕ ਰਹੀ ਹੈ ਜਦਕਿ ਪਿਛਲੇ ਸਾਲ ਇਹ ਮੰਗ 6300 ਮੈਗਾਵਾਟ ਦਰਜ ਕੀਤੀ ਗਈ ਸੀ। ਇਸ ਸਾਲ ਪੌਂਗ, ਭਾਖੜਾ ਅਤੇ ਆਰਐਸਡੀ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਕ੍ਰਮਵਾਰ 23.53 ਫੁੱਟ, 34.02 ਫੁੱਟ ਅਤੇ 8.99 ਮੀਟਰ ਵੱਧ ਹੈ।

ਲੋਕਾਂ ਨੂੰ ਬਿਜਲੀ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਬਿਜਲੀ ਮੰਤਰੀ ਹਰਭਜਨ ਸਿੰਘ

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਝੋਨੇ ਦੇ ਸੀਜਨ ਦੌਰਾਨ ਵੱਧ ਤੋਂ ਵੱਧ ਮੰਗ 15,500 ਮੈਗਾਵਾਟ ਤੱਕ ਪੁੱਜਣ ਦਾ ਅਨੁਮਾਨ ਹੈ ਅਤੇ ਪਾਵਰਕੌਮ ਨੇ ਆਪਣੇ ਉਪਲਬਧ ਸਾਧਨਾਂ ਤੋਂ ਇਲਾਵਾ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਵਧੇਰੇ ਬੈਂਕਿੰਗ, ਕੇਂਦਰੀ ਸੈਕਟਰ ਤੋਂ ਬਿਜਲੀ ਦੀ ਵਧੇਰੇ ਸਪਲਾਈ, ਥੋੜ੍ਹੇ ਸਮੇਂ ਲਈ ਬਿਜਲੀ ਦੀ ਖਰੀਦ ਅਤੇ ਪਾਵਰ ਐਕਸਚੇਂਜ ਤੋਂ ਰੋਜਾਨਾ ਦੇ ਆਧਾਰ ’ਤੇ ਖਰੀਦਦਾਰੀ ਕਰਨ ਲਈ ਵਾਧੂ ਪ੍ਰਬੰਧ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਈ-ਨਿਲਾਮੀ ਰਾਹੀਂ ਹੋਰ ਕੋਲੇ ਦਾ ਪ੍ਰਬੰਧ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ ਅਤੇ ਸੀਆਈਐਲ ਤੋਂ ਹੋਰ ਕੋਲੇ ਦੀ ਅਲਾਟਮੈਂਟ ਅਤੇ ਜੂਨ-2022 ਤੱਕ ਪਛਵਾੜਾ ਕੋਲਾ ਖਾਨ ਨੂੰ ਚਾਲੂ ਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਖੇਤੀਬਾੜੀ ਲਈ 8 ਘੰਟੇ ਨਿਯਮਤ ਸਪਲਾਈ ਤੋਂ ਇਲਾਵਾ ਹੋਰ ਖ਼ਪਤਕਾਰਾਂ ਨੂੰ ਵੀ ਪੂਰੀ ਬਿਜਲੀ ਮਿਲ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ