ਪੋਸਟਮੈਟ੍ਰਿਕ ਸਕਾਲਰਸ਼ਿਪ ਜਾਰੀ ਕਰਨ ਤੋਂ ਨਰਾਜ਼ ਹੋਏ ਰਾਜ ਸਭਾ ਮੈਂਬਰ ਦੂਲੋ
-
ਦਲਿਤਾ ਦੇ ਪੁੱਤਾ ਨੂੰ ਖੱਜਲ ਖੁਆਰ ਕਰਨ ਲੱਗੀ ਹੋਈ ਐ ਸਰਕਾਰ
ਚੰਡੀਗੜ੍ਹ, ਅਸ਼ਵਨੀ ਚਾਵਲਾ। ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਦੂਲੋਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਧਮਕੀ ਦੇ ਦਿੱਤੀ ਹੈ ਕਿ ਦਲਿਤਾਂ ਦੇ ਪੁੱਤਾ ਨੂੰ ਖ਼ੁਜਲ ਖੁਆਰ ਕਰਨਾ ਬੰਦ ਨਹੀਂ ਕੀਤਾ ਤਾਂ ਉਹ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਆ ਕੇ ਧਰਨੇ ’ਤੇ ਬੈਠ ਜਾਣਗੇ। ਦੂਲੋਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵਿੱਚ ਦਲਿਤਾਂ ਲਈ ਆਏ ਪੈਸੇ ਦੇ ਘਪਲੇ ਹੋ ਰਹੇ ਹਨ ਅਤੇ ਜਾਂਚ ਦੇ ਮਾਮਲੇ ਵਿੱਚ ਸਰਕਾਰ ਚੁੱਪੀ ਵੱਟੀ ਕੇ ਬੈਠੀ ਹੋਈ ਹੈ, ਇਸ ਲਈ ਸਰਕਾਰ ਨੇ ਜੇਕਰ ਹੁਣ ਵੀ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ ਤਾਂ ਉਹ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਧਰਨਾ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ।
ਸ਼ਮਸ਼ੇਰ ਦੂਲੋਂ ਨੇ ਕਿਹਾ ਕਿ ਸਰਕਾਰ ਘਰ ਘਰ ਨੌਕਰੀ ਦੀ ਗਲ ਕਰ ਰਹੀ ਹੈ ਪਰ ਦਲਿਤਾਂ ਦੇ ਵਿਦਿਆਰਥੀਆਂ ਨੂੰ ਰੋਲ ਨੰਬਰ ਲੈਣ ਲਈ ਧੱਕੇ ਖਾਣੇ ਪੈ ਰਹੇ ਹਨ ਅਤੇ ਉਨ੍ਹਾਂ ਦੀ ਪੜਾਈ ਕਾਫ਼ੀ ਜਿਆਦਾ ਪ੍ਰਭਾਵਿਤ ਹੋ ਰਹੀ ਹੈ। ਕਦੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਪੋਸਟਮੈਟ੍ਰਿਕ ਸਕਾਲਰਸ਼ਿਪ ਵਿੱਚ ਪਿਛਲੀ ਸਰਕਾਰ ਦੌਰਾਨ ਘਪਲਾ ਹੋਇਆ ਹੈ ਤਾਂ ਕਦੇ ਕਹਿੰਦੀ ਹੈ ਕਿ ਕੇਂਦਰ ਸਰਕਾਰ ਨੇ ਪੋਸਟਮੈਟ੍ਰਿਕ ਸਕਾਲਰਸ਼ਿਪ ਭੇਜੀ ਹੀ ਨਹੀਂ ਹੈ।
ਇਸ ਵਿੱਚ ਜੇਕਰ ਕੋਈ ਪਿਸ ਰਿਹਾ ਹੈ ਤਾਂ ਉਹ ਦਲਿਤ ਪਰਿਵਾਰਾਂ ਨਾਲ ਉਹ ਬੱਚੇ ਹਨ, ਜਿਹੜੇ ਕਿ ਇਸ ਪੋਸਟਮੈਟ੍ਰਿਕ ਸਕਾਲਰਸ਼ਿਪ ਰਾਹੀਂ ਪੜਾਈ ਕਰਨ ਵਿੱਚ ਲਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਨ੍ਹਾਂ ਦਲਿਤ ਬੱਚਿਆ ਲਈ ਹਰ ਤਰ੍ਹਾਂ ਦੀ ਜਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਬਣਦੀ ਹੈ ਅਤੇ ਉਹ ਆਪਣੀ ਜਿੰਮੇਵਾਰੀ ਨੂੰ ਨਹੀਂ ਨਿਭਾਉਂਦੇ ਹਨ ਤਾਂ ਉਹ ਚੰਡੀਗੜ੍ਹ ਵਿਖੇ ਅਮਰਿੰਦਰ ਸਿੰਘ ਦੀ ਰਿਹਾਇਸ਼ ’ਤੇ ਧਰਨਾ ਵੀ ਦੇ ਸਕਦੇ ਹਨ।
ਮੰਤਰੀ ਘਪਲਾ ਕਰ ’ਗੇ, ਮੁੱਖ ਮੰਤਰੀ ਵੰਡ ਰਿਹਾ ਐ ਕਲਿਨ ਚਿੱਟ
ਦੂਲੋਂ ਨੇ ਕਿਹਾ ਕਿ ਮੁੱਖ ਸਕੱਤਰ ਵਲੋਂ ਜਾਂਚ ਦੇ ਆਦੇਸ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਦਿੱਤੇ ਗਏ ਸਨ ਅਤੇ ਜਾਂਚ ਦੌਰਾਨ ਕਰੋੜਾ ਰੁਪਏ ਦਾ ਘਪਲਾ ਕਰਾਰ ਦਿੰਦੇ ਹੋਏ ਦੋਸ਼ੀ ਵਿਭਾਗ ਦੇ ਕੈਬਨਿਟ ਮੰਤਰੀ ਨੂੰ ਦੱਸਿਆ ਗਿਆ ਸੀ ਪਰ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੋਈ ਸਖ਼ਤ ਕਾਰਵਾਈ ਕਰਨ ਦੀ ਥਾਂ ’ਤੇ ਕੈਬਨਿਟ ਮੰਤਰੀ ਨੂੰ ਹੀ ਕਲਿਨ ਚਿੱਟ ਵੰਡ ਦਿੱਤੀ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਲਿਤਾਂ ਲਈ ਆਈ ਪੋਸਟਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਸਰਕਾਰ ਕਿੰਨੀ ਕੂ ਚਿੰਤਤ ਹੈ।
ਹਿਮਾਚਲ ’ਤੇ ਹੋ ਸਕਦੀ ਐ ਸੀਬੀਆਈ ਜਾਂਚ ਤਾਂ ਪੰਜਾਬ ’ਚ ਕਿਉਂ ਨਹੀਂ ?
ਦੂਲੋਂ ਨੇ ਕਿਹਾ ਕਿ ਹਰਿਆਣਾ ਅਤੇ ਹਿਮਾਚਲ ਵਿੱਚ ਪੋਸਟਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ ਤਾਂ ਪੰਜਾਬ ਵਿੱਚ ਸੀਬੀਆਈ ਤੋਂ ਜਾਂਚ ਕਿਉਂ ਨਹੀਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਏਜੰਸੀ ਤੋਂ ਜਾਂਚ ਕਰਵਾਉਣ ਤੋਂ ਕਿਉਂ ਡਰਿਆ ਜਾ ਰਿਹਾ ਹੈ। ਦੂਲੋਂ ਨੇ ਪੋਸਟਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਵੀ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।